ਦਵਿੰਦਰ ਦੀਦ ਦੀਆਂ ਪੰਜ ਗ਼ਜ਼ਲਾਂ

ਪੰਜ ਗ਼ਜ਼ਲਾਂ / ਦਵਿੰਦਰ ਦੀਦ

ਗ਼ਜ਼ਲ


ਮੌਸਮਾਂ ਦੀ ਇਹ ਦਿਲਲਗੀ ਵੇਖੋ। 

ਗ਼ਮ ਕਦੇ ਹੈ ਕਦੇ ਖੁਸ਼ੀ ਵੇਖੋ। 


ਕਰਮ ਕਰਦਾ ਹੈ ਫਲ਼ ਦੀ ਆਸ ਨਹੀਂ, 

ਕਿੰਨਾ ਬੇਵੱਸ ਹੈ ਆਦਮੀ ਵੇਖੋ।


ਅਪਣਾ ਦੁਸ਼ਮਣ ਹੈ ਦੋਸ਼ਤ ਵੀ ਖੁਦ ਹੀ,

ਖੁਦ ਹੀ ਕਰਦਾ ਹੈ ਖੁਦਕੁਸ਼ੀ ਵੇਖੋ। 


ਪਿਆਰ ਘੱਟ ਹੈ ਜ਼ਿਆਦਾ ਹਸਰਤ ਹੈ,

ਰਿਸ਼ਤੇ ਲੱਗਤੇ ਹੈਂ ਮਤਲਬੀ ਵੇਖੋ। 


‘ਦੀਦ’ ਮੇਰਾ ਖੁਦਾ ਮੁਹਾਫਿਜ਼ ਹੈ,

ਰਾਹ ‘ਚ ਕਰਦਾ ਹੈ ਰੋਸ਼ਨੀ ਵੇਖੋ।


ਗ਼ਜ਼ਲ


ਮੰਜਿਲ ਤੱਕ ਜੇ ਜਾਣਾ ਹੈ ਤਾਂ,

ਅੱਖਾਂ ਰੱਖ ਨਿਸ਼ਾਨੇ ਤੇ। 

ਕਾਬੂ ਪਾਕੇ ਰੱਖਿਆ ਕਰ ਤੂੰ, 

ਅਪਣੇ ਮਨ ਮਸਤਾਨੇ ਤੇ।


ਜਗਦੀ ਸ਼ਮਾਂ ਨੂੰ ਆਪ ਮੁਹਾਰੇ,

ਬੁੱਕਲ਼ ਵਿੱਚ ਲੈ ਲੈਂਦਾ ਹੈ, 

ਲੋਕਾਂ ਦੀਆਂ ਨਸੀਹਤਾਂ ਦਾ ਕੋਈ, 

ਅਸਰ ਨਹੀਂ ਪਰਵਾਨੇ ਤੇ।


ਇਸ਼ਕ ਮਾਸੂਮ ਹੈ ਇਸ਼ਕ ਖ਼ਰਾ ਹੈ,

ਹਾਂ ਇਹ ਸਿਦਕ ਦਾ ਪੂਰਾ ਹੈ, 

ਲੱਖ ਤੋਹਮਤਾਂ ਸਹਿ ਕੇ ਵੀ,

ਇਹ ਹਾਵੀ ਰਿਹੈ ਜਮਾਨੇ ਤੇ।


ਇਸ਼ਕ ਇਬਾਦਤ ਵਾਂਗ ਨੇ ਕਰਦੇ, 

ਇਸ਼ਕ ਦੇ ਜੋ ਸ਼ੁਦਾਈ ਨੇ, 

ਜਿੰਦ ਜਾਨ ਨੇ ਹਾਜ਼ਿਰ ਰੱਖਦੇ, 

ਦਿਲਬਰ ਦੇ ਨਜ਼ਰਾਨੇ ਤੇ।


‘ਦੀਦ’ ਜੇ ਦਿਲਬਰ ਦੀ ਮਿਲ ਜਾਵੇ, 

ਹਰ ਕੀਮਤ ਤੇ ਸਸਤੀ ਹੈ, 

ਰਜ਼ਾਮੰਦ ਹੈ ਇਸ਼ਕ ਸਦਾ, 

ਹਰ ਜੁਰਮਾਨੇ ਹਰਜਾਨੇ ਤੇ।


ਗ਼ਜ਼ਲ


ਕੱਲਿਆਂ ਰਹਿਕੇ ਜੀਣਾ ਵੀ ਕੋਈ ਜੀਣਾ ਹੈ।

ਤਨਹਾਈ ਦਾ ਜ਼ਹਿਰ, ਕਿਸ ਲਈ ਪੀਣਾ ਹੈ।


ਅਪਣਿਆਂ ਦੀ ਹਮਦਰਦੀ, ਸ਼ਫਾ ਬਖਸ਼ਦੀ ਹੈ, 

ਗੈਰਾਂ ਨੇ ਕੀ ਜ਼ਖਮ ਹਿਜਰ ਦਾ ਸੀਣਾ ਹੈ।


ਦੁਨੀਆਂ ਵਿੱਚ ਕੀ ਸਿਰ ਚੁੱਕ ਕੇ ਉਹ ਜੀਵੇਗਾ, 

ਜਿਹੜਾ ਬੰਦਾ ਅਪਣੀ, ਨਜ਼ਰ ‘ਚ ਹੀਣਾ ਹੈ। 


‘ਦੀਦ’ ਕੋਈ ਜੇ ਜਿੰਦਗੀ ਜਿਉਂਦੈ ਹੋਰਾਂ ਲਈ, 

ਸਫਲ ਓਸ ਬੰਦੇ ਦਾ ਜੱਗ ਤੇ ਜਿਉਣਾ ਹੈ।


ਗ਼ਜ਼ਲ


ਅਸੀਂ ਪਿਆਰ ਦੀ ਖੁਸ਼ਬੂ ਲੈਕੇ, 

ਦੁਨੀਆਂ ਵਿੱਚ ਵਿਚਰਨਾ ਹੈ। 

ਏਸ ਕੀਮਤੀ ਦੌਲਤ ਦੇ ਨਾਲ, 

ਸਭ ਦਾ ਦਾਮਨ ਭਰਨਾ ਹੈ।


ਨਫਰਤ ਕਹਿਰ ਬੜੇ ਕੀਤੇ ਨੇ, 

ਇਨਸਾਨਾਂ ਦੀ ਜਿੰਦਗੀ ਤੇ, 

ਜੀਣਾ ਵੀ ਮੁਸ਼ਕਿਲ ਕੀਤੈ, 

ਆਸਾਨ ਵੀ ਨਹੀਂ ਮਰਨਾ ਹੈ।


ਜਾਤ ਮਜ਼੍ਹਬ ਈਮਾਨ ਦੀਆਂ,

ਕੰਧਾਂ ਬਹੁਤ ਉਸਰੀਆਂ ਨੇ, 

ਅਮਨ ਏਕਤਾ ਲਿਆਉਣ ਲਈ, 

ਨਿਰਮਾਣ ਪੁਲ਼ਾਂ ਦਾ ਕਰਨਾ ਹੈ।


ਅਹਿਸਾਸ ਜੇ ਸਭ ਨੂੰ ਹੋ ਜਾਵੇ,

ਅਸੀਂ ਇੱਕ ਹਾਂ ਇੱਕ ਦੇ ਜਾਏ ਹਾਂ, 

ਇੱਕ ਬੇੜੀ ਦੇ ਵਿੱਚ ਬਹਿਕੇ ਹੀ,

ਇਹ ਭਵਜਲ ਪਾਰ ਉਤਰਨਾ ਹੈ।


ਮਜਬੂਤੀ ਹੋਵੇ ਰਿਸ਼ਤਿਆਂ ਵਿੱਚ, 

ਬੇਗਾਨੇਪਣ ਨੂੰ ਦੂਰ ਕਰੋ, 

ਨਜਦੀਕੀਆਂ ਪੈਦਾ ਕਰੇ ਬਿਨਾਂ, 

ਐ ‘ਦੀਦ’ ਨਹੀਂ ਹੁਣ ਸਰਨਾਂ ਹੈ।


ਗ਼ਜ਼ਲ


ਪਿਆਰ ਵਫਾ ਦੇ ਦੀਵੇ ਬਾਲ਼। 

ਤੁਰਿਆ ਚੱਲ ਹੌਂਸਲੇ ਨਾਲ਼। 


ਸਹਿਜ ਸੁਭਾਅ ਹੀ ਸ਼ਿਅਰ ਬਣਨਗੇ,

ਜਜ਼ਬਾਤਾਂ ਨੂੰ ਜ਼ਰਾ ਹੰਘਾਲ਼।


ਮਾੜੀ ਗੱਲ ਸੁਣਨ ਤੋਂ ਡਰੀਏ, 

ਚੰਗੀ ਗੱਲ ਨੂੰ ਰੱਖ ਸੰਭਾਲ਼।


ਬਿਨਾਂ ਥਕੇਵੇਂ ਸਫ਼ਰ ਹੈ ਕਰਨਾ, 

ਨਹੀਂ ਵੇਖਣੇ ਹਾੜ੍ਹ ਸਿਆਲ਼।


‘ਦੀਦ’ ਬਦਲ ਜਾਵਣ ਤਕਦੀਰਾਂ, 

ਅਕਸਰ ਹੀ ਤਦਬੀਰਾਂ ਨਾਲ਼।

ਸੰਪਰਕ -

ਦਵਿੰਦਰ ਸਿੰਘ ਦੀਦ

ਸ਼ਾਮ ਚੁਰਾਸੀ 

ਹੁਸ਼ਿਆਰਪੁਰ

Post a Comment

2 Comments

  1. ਵਿਨੋਦ ਅਨਿਕੇਤ28 April 2026 at 11:55

    ਬਹੁਤ ਵਧੀਆ ਗ਼ਜ਼ਲਾਂ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.