Punjabi poetry on war and peace
ਪੰਜਾਬੀ ਕਵਿਤਾ ਵਿੱਚ ਜੰਗ ਅਤੇ ਅਮਨ ਦੀ ਗੱਲ
ਜੰਗਾਂ ਹਮੇਸ਼ਾ ਤੋਂ ਹੀ ਮਨੁੱਖੀ ਤਬਾਹੀ ਦਾ ਕਾਰਨ ਬਣਦੀਆਂ ਰਹੀਆਂ
ਹਨ । ਜੰਗ ਮਨੁੱਖੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਨਾਲ ਜੀਵਨ ਅਤੇ ਸੰਪਤੀ ਦਾ ਘਾਣ ਕਰਦੀ ਹੈ। ਜਿੱਥੇ ਸ਼ਾਸ਼ਕ ਜੰਗਾਂ ਸਿਰਜਦੇ ਹਨ ਉੱਥੇ
ਸ਼ਾਂਤੀ ਪਸੰਦ ਲੋਕ ਇਨ੍ਹਾਂ ਦੀ ਮੁਖਾਲਫਤ ਕਰਦੇ ਆਏ ਹਨ। ਸ਼ਾਇਰਾਂ ਨੇ ਜੰਗ ਦੇ ਖਿਲਾਫ ਅਮਨ ਸ਼ਾਂਤੀ
ਦੇ ਸੁਨੇਹੇ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਅਦਾਰਾ “ ਸਾਹਿਤਕ
ਸਾਂਝ '' ਰੂਸ ਅਤੇ ਯੂਕ੍ਰੇਨ ਦੀ ਜੰਗ ਵਿਚਾਲੇ
ਮਾਰੇ ਗਏ ਲੋਕਾਂ ਦੇ ਨਾਮ ਅਮਨ ਲਹਿਰ ਦੇ ਕਵੀਆਂ ਨੂੰ ਯਾਦ ਕਰ ਰਿਹਾ ਹੈ। ਜਿਨ੍ਹਾਂ ਨੇ ਜੰਗਬਾਜ਼ਾਂ
ਖਿਲਾਫ਼ ਆਪਣਾ ਝੰਡਾ ਬੁਲੰਦ ਕੀਤਾ ਅਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ।ਇੱਥੇ ਪਹਿਲਾਂ ਅਸੀਂ
ਪ੍ਰੋਫੈਸਰ ਮੋਹਨ ਸਿੰਘ ,ਸਾਹਿਰ ਲੁਧਿਆਣਵੀ ,ਬਾਵਾ
ਬਲਵੰਤ ਅਤੇ ਡਾ.ਦੀਵਾਨ ਸਿੰਘ ਕਾਲੇਪਾਣੀ ਦੀਆਂ ਅਮਨ ਸ਼ਾਂਤੀ ਦੀਆਂ ਕੁੱਝ ਕਾਵਿ ਰਚਨਾਵਾਂ ਦੇ ਚੁੱਕੇ
ਹਾਂ। ਹੁਣ ਪੰਜਾਬੀ ਦੇ ਕੁੱਝ ਨਵੇਂ ਪੁਰਾਣੇ ਸ਼ਾਇਰਾਂ ਦੀਆਂ ਕਾਵਿ ਰਚਨਾਵਾਂ ਦੇ ਰਹੇ ਹਾਂ ;ਜਿਨ੍ਹਾਂ
ਵਿੱਚ ਵੱਖ ਵੱਖ ਸ਼ਾਇਰਾਂ ਦੇ ਅੰਦਰਲੇ ਮਨੋਭਾਵ ਤੁਸੀਂ ਅਨੁਭਵ ਕਰ ਸਕੋਗੇ। ਰਚਨਾਵਾਂ ਦੀ ਚੋਣ
ਕਰਦਿਆਂ ਸ਼ਾਇਰਾਂ ਦੇ ਸੂਖਮਤਾ ਨੂੰ ਹੀ ਤਰਜੀਹ ਦਿੱਤੀ ਗਈ ਹੈ।
-ਸਰਬਜੀਤ ਧੀਰ
-------------------------------------------------------
ਨਿਰਮਲ ਦੱਤ
#3060, 47-ਡੀ,
ਚੰਡੀਗੜ੍ਹ।
ਮੋਬਾਈਲ -98760-13060
ਜੰਗ
ਜੰਗ ਕੁਝ ਲੋਕਾਂ
ਲਈ
ਨਾਮ, ਸਨਮਾਨ ਹੈ
ਇੱਕ ਤਮਗਾ ਹੈ
ਬੱਸ ਅਖ਼ਬਾਰ ਦੀ
ਇਕ ਸੁਰਖੀ ਹੈ
ਜਾਂ ਫ਼ਿਰ
ਰੋਕ ਕੇ ਵੇਚੀਆਂ
ਚੀਜ਼ਾਂ ਦੇ
ਮੁਨਾਫ਼ੇ ਦਾ
ਹਿਸਾਬ;
ਜੰਗ ਪਰ ਹੋਰਾਂ
ਲਈ
ਮੌਤ ਹੈ, ਗੁਮਨਾਮੀ ਹੈ
ਕਟ ਗਏ ਅੰਗਾਂ
ਦੀ ਲਾਚਾਰੀ ਹੈ
ਰੂਹ 'ਤੇ ਵਰਤੇ ਹੋਏ ਕਹਿਰ ਦਾ
ਇੱਕ ਅਨੁਭਵ ਹੈ
ਜਾਂ ਫ਼ਿਰ
ਸੁਹਾਗ ਦੇ ਕੇ
ਮਿਲੀ
ਸਸਤੀ ਸਿਲਾਈ ਦੀ
ਮਸ਼ੀਨ.
-------------------------------------------------------
ਵਿਵੇਕ
ਗਿੰਨੀ ਬੁਕ ਡਿਪੂ
ਮੇਨ ਬਜਾਰ
ਕੋਟ ਈਸੇ ਖਾਂ(ਮੋਗਾ)
ਮੋਬਾਈਲ -70099 46458
ਜੰਗ ਦਾ ਸਰਾਪ
ਸੂਰਜ ਉਦਾਸ ਹੈ
ਤਾਰਿਆਂ ਨੂੰ ਚੜਿਆ ਤਾਪ
ਚਾਰੇ ਪਾਸੇ ਉਦਾਸੀ
ਹੈ ਘੋਰ ਨਿਰਾਸ਼ਾ
ਖਾ ਗਿਆ ਜਿੰਦਗੀ ਨੂੰ
ਫਿਰ ਜੰਗ ਦਾ ਸਰਾਪ
ਹੋਏ ਅੰਨੇ ਤੇ ਮਗਰੂਰ
ਤਖਤ ਤੇ ਤਾਜ
ਪੈਰ ਹੇਠ ਮਸਲ ਕੇ
ਬਚਪਨ ਦਾ ਗੀਤ
ਛੇੜਿਆ ਇਹਨਾਂ ਨੇ
ਆਪਣਾ ਖੂਨੀ ਸਾਜ
ਵੱਸਦੀਆ ਹੱਸਦੀਆ
ਬਸਤੀਆ ਹਸਤੀਆਂ
ਬਾਗ ਬਗੀਚੇ ਸਭ
ਬਾਰੂਦ ਨੇ ਉਜਾੜੇ
ਬੀਜ ਕਈ ਬੀਜਣੇ
ਸਨ ਅਮਨ ਦੇ
ਨਫਰਤ ਦੀ ਅੱਗ 'ਚ
ਦਿਲ ਦੇ ਅਰਮਾਨ
ਅੱਖਾਂ ਦੇ ਸੁਪਨੇ
ਪਲਕ ਝਪਕਦੇ ਸਾੜੇ
ਬੰਦ ਕਰੋ ਇਹ ਸਭ
ਬਰਬਾਦੀ ਦੀ ਕਹਾਣੀ
ਮਰ ਖਪ ਗਏ ਨੇ
ਤਾਨਾਸ਼ਾਹ ਰਾਜੇ ਰਾਣੀ
ਬਹਿ ਹੁਣ ਤਾਂ ਕਰੋ
ਲੋਕ ਰਾਜ ਦੀ ਗੱਲ
ਜੰਗ ਤਾਂ ਪਾਗਲਪਣ
ਦੀ ਹੈ ਨਿਸ਼ਾਨੀ
ਇਹ ਨਹੀਂ ਕਰਦੀ
ਕੋਈ ਮਸਲਾ ਹੱਲ।
----------------------------------------------------------------------
ਲਖਵਿੰਦਰ ਸਿੰਘ ਬਾਜਵਾ
ਪਿੰਡ ਜਗਜੀਤ ਨਗਰ (ਹਰੀਪੁਰਾ)
ਜ਼ਿਲ੍ਹਾ ਸਿਰਸਾ, ਹਰਿਆਣਾ
ਮੋਬਾਈਲ-9416734506
9729608492
ਗੁੱਟਾਂ ਵਿੱਚ ਵੰਡ ਸੰਸਾਰ ਬੈਠੇ
ਜੰਗ ਆਪੋ ਵਿੱਚ ਹੁੰਦੀ ਹਕੂਮਤਾਂ ਦੀ,
ਐਪਰ ਬੰਬ ਬੇਦੋਸ਼ਾਂ ਤੇ ਸੁੱਟਦੇ ਨੇ।
ਲੁੱਟਣੈ ਨੇਤਾ ਨੇਤਾਵਾਂ ਦਾ ਚੈਨ ਲੁੱਟਣ,
ਕਾਹਤੋਂ ਚੈਨ ਮਾਸੂਮਾ ਦਾ ਲੁੱਟਦੇ ਨੇ?
ਰਸਤਾ ਆਪਣੇ ਲਈ ਬਣਾਉਣ ਸ਼ਾਤਰ,
ਖਾਈ ਪਰਜਾ ਦੇ ਰਾਹਾਂ ਵਿੱਚ ਪੁੱਟਦੇ ਨੇ।
ਹਾਰ; ਜਿੱਤ ਦਾ ਗਲੇ ਵਿੱਚ ਪਾਉਣ ਖਾਤਰ,
ਗਲਾ ਬੇਕਸੂਰਾਂ ਦਾ ਘੁੱਟਦੇ ਨੇ।
ਚੰਦ ਚਾੜ੍ਹਦੇ ਨੇ ਹਉਮੈ ਆਪਣੀ ਦਾ,
ਤਾਰੇ ਕਿਸੇ ਦੇ ਨੈਣਾ ਦੇ ਟੁੱਟਦੇ ਨੇ।
ਲੀਡਰ ਆਪਣੇ ਲੇਖਾਂ ਦੀ ਰੇਖ ਵਹੁੰਦੇ,
ਕਰਮ ਆਮ ਰਿਆਇਆ ਦੇ ਫੁੱਟਦੇ ਨੇ।
ਗੁੱਟਾਂ ਵਿੱਚ ਇਹ ਵੰਡ ਸੰਸਾਰ ਬੈਠੇ,
ਮਾਰੇ ਬਾਲ ਦੱਸੋ ਕਿਹੜੇ ਗੁੱਟ ਦੇ ਨੇ।
ਚੰਗੇ ਬੁਰੇ ਦੀ ਕਦੋਂ ਪਛਾਣ ਕਰਦੇ,
ਬੰਬ ਜਦੋਂ ਹੰਕਾਰ ਦੇ ਛੁੱਟਦੇ ਨੇ।
ਰੋਗ ਸੋਗ ਰੋਣਾ ਭੁੱਖ ਨੰਗ ਮਿਲਦੀ,
ਜੰਗ ਛਿੜੀ ਤੋਂ ਕਰਮ ਨਖੁੱਟਦੇ ਨੇ।
ਹੋਏ ਬਿਨਾ ਮੰਦਹਾਲੀ ਨਾ ਹੋਰ ਹਾਸਲ,
ਕਮਲ਼ ਬਾਜਵਾ ਫੇਰ ਕਿਓਂ ਕੁੱਟਦੇ ਨੇ।
ਜੰਗਬਾਜ਼ ਤੇ ਅਮਨ ਦੂਤ
ਜੰਗਬਾਜ-
ਜੰਗਬਾਜ਼ ਆਖਦਾ ਅਮਨ ਦੂਤ ਨੂੰ, ਮੇਰੀ ਸੱਤਾ ਮੰਨ ਲੈ।
ਕੌਣ ਰੋਕੇ ਮੇਰੀ ਤਾਕਤ ਦੇ ਭੂਤ ਨੂੰ, ਗੱਲ ਲੜ ਬੰਨ੍ਹ ਲੈ।
ਦੁਨੀਆਂ ਨਿਵਾਉਣੀ ਛਾਤੀਆਂ ਦੇ ਜੋਰ 'ਤੇ, ਬਣਨਾ ਮਹਾਨ ਮੈਂ,
ਰੱਬ ਛੱਡ ਆਰਤੀਆਂ ਹੋਣ ਮੇਰੀਆਂ, ਹੋਵਾਂ ਭਗਵਾਨ ਮੈਂ।
ਸ਼ਾਂਤੀਦੂਤ:-
ਸ਼ਾਂਤੀਦੂਤ ਆਖਦਾ ਏ ਜੰਗਬਾਜ਼ ਨੂੰ, ਖੂਨੀ ਕਾਰੇ ਛੱਡ ਦੇ।
ਗੱਲ ਸੁਣ ਮੇਰੀ ਜਰਾ ਕਰ ਲਾਜ ਤੂੰ, ਚਿੱਟਾ ਝੰਡਾ ਗੱਡ ਦੇ।
ਦੁਨੀਆਂ ਨੂੰ ਹੋਰ ਨਾ ਉਜਾੜ ਜ਼ਾਲਮਾਂ, ਬਣ ਕੇ ਹੈਵਾਨ ਤੂੰ,
ਪੜ੍ਹ ਕੇ ਅਮਨ ਵਾਲਾ ਪਾਠ ਉੱਜਲਾ ਬਣ ਇਨਸਾਨ ਤੂੰ।
ਜੰਗਬਾਜ਼ -
ਜਿਹੜੇ ਦੇਸ਼ ਤਾਈਂ ਚਾਹਵਾਂਗਾ ਮੈਂ ਜਿੱਤਣਾ, ਬਟਨ ਦਬਾਵਾਂਗਾ।
ਰੱਖ ਕੇ ਮਿਜ਼ਾਈਲ ਵਿੱਚ ਬੰਬ ਸੁੱਟਣਾ ਦਬਕਾ ਲਗਾਵਾਂਗਾ।
ਜਿਹੜੇ ਮੇਰੇ ਅੱਗੇ ਨਾ ਝੁਕਣ ਆਣ ਕੇ, ਕਰ ਦਊਂ ਵੈਰਾਨ ਮੈਂ।
ਰੱਬ ਛੱਡ ਆਰਤੀਆਂ ਹੋਣ ਮੇਰੀਆਂ ਹੋਵਾਂ ਭਗਵਾਨ ਮੈਂ।
ਸ਼ਾਂਤੀਦੂਤ:-
ਲਾਈ ਬੈਠੇਂ ਜਿਹੜੇ ਢੇਰ ਤੂੰ ਬਾਰੂਦ ਦੇ, ਦੁਨੀਆਂ ਮੁਕਾਉਣਗੇ।
ਕੰਮ ਤੂੰ ਸ਼ੈਤਾਨਾ ਕਰਦਾ ਖਰੂਦ ਦੇ, ਇਹ ਵਖਤ ਪਾਉਣਗੇ।
ਲੱਗ ਗਈ ਜੇ ਅੱਗ ਕਿੱਥੇ ਜਾ ਲੁਕਾਵੇਂਗਾ, ਆਪਣੀ ਇਹ ਜਾਨ ਤੂੰ।
ਪੜ੍ਹ ਕੇ ਅਮਨ ਵਾਲਾ ਪਾਠ ਉੱਜਲਾ, ਬਣ ਇਨਸਾਨ ਤੂੰ।
ਜੰਗਬਾਜ਼:-
ਸ਼ਾਂਤੀ ਤੇ ਅਮਨ ਹੋਊ
ਤਾਂ ਜੱਗ ਤੇ, ਹੋਉ ਸਾਮਰਾਜ ਜੇ।
ਹੋ ਕੇ ਅਧੀਨ ਪਿੱਛੇ
ਲੱਗ ਇੱਕੋ ਹੀ, ਬੋਲਣ ਅਵਾਜ਼ ਜੇ।
ਆਵੇ ਜੋ ਸ਼ਰਣ ਮੇਰੀ
ਆਪ ਚੱਲ ਕੇ, ਦੇਵਾਂ ਅਭੈ ਦਾਨ ਮੈਂ।
ਰੱਬ ਛੱਡ ਆਰਤੀਆਂ ਹੋਣ
ਮੇਰੀਆਂ, ਹੋਵਾਂ ਭਗਵਾਨ ਮੈਂ।
ਸ਼ਾਂਤੀਦੂਤ:-
ਖੂਨ ਜੋ ਵਹਾਇਆ ਸੰਸਾਰ ਲੁੱਟਿਆ, ਅਜੇ ਆਇਆ ਰਾਸ ਨਾ।
ਅੱਤਵਾਦ ਭੇਜ ਕੇ ਤੂੰ ਸਾੜ ਸੁੱਟਿਆ, ਤੈਥੋਂ ਚੰਗੀ ਆਸ ਨਾ।
ਛੱਡ ਦੇ ਮਾਸੂਮਾਂ ਵਾਲੇ ਘਾਣ ਕਰਨੇ, ਬਣ ਕੇ ਹੈਵਾਨ ਤੂੰ।
ਪੜ੍ਹ ਕੇ ਅਮਨ ਵਾਲਾ ਪਾਠ ਉੱਜਲਾ, ਬਣ ਇਨਸਾਨ ਤੂੰ।
ਜੰਗਬਾਜ਼ -
ਆ ਜਾ ਮੇਰੇ ਨਾਲ ਰਾਜ ਲਵਾਂਗੇ ਬੜਾ, ਰਲ ਕੇ ਕਮਾਵਾਂਗੇ ।
ਦੁਨੀਆਂ ਨੂੰ ਲੁੱਟੀਏ ਬਣਾ ਕੇ ਧੜਾ, ਅੱਧੋ ਅੱਧ ਖਾਵਾਂਗੇ।
ਮੰਨ ਮੇਰੀ ਬਾਤ ਤੇਰੀ ਨਾਲ ਆਪਣੇ, ਚਮਕਾਵਾਂ ਸ਼ਾਨ ਮੈਂ।
ਰੱਬ ਛੱਡ ਆਰਤੀਆਂ ਹੋਣ
ਮੋਰੀਆਂ, ਰੇਲਾਂ ਭਗਵਾਨ ਮੈਂ।
ਸ਼ਾਂਤੀਦੂਤ -
ਕਾਮ ਤੇ ਕ੍ਰੋਧ, ਹੰਕਾਰ, ਲਾਲਸਾ, ਤੇਰੇ ਯਾਰ ਨੇ ਬੜੇ।
ਨਾਰਦ ਤੇ ਕਲ ਤਾਈਂ ਆਖ ਤਾੜ ਕੇ, ਵਿਹੜੇ ਫੇਰ ਨਾ ਵੜੇ।
ਫਿਰਕਾਪ੍ਰਸਤੀ ਤੇ ਫੁੱਟ ਈਰਖਾ, ਚਾੜ੍ਹ ਨਾ ਕਮਾਨ ਤੂੰ।
ਪੜ੍ਹ ਕੇ ਅਮਨ ਵਾਲਾ ਪਾਠ ਉੱਜਲਾ ਬਣ ਇਨਸਾਨ ਤੂੰ।
ਜੰਗਬਾਜ਼:-
ਜਿਹੜਾ ਸੱਤਾ ਵਿੱਚ ਆਇਆ ਐਸ਼ ਲੈ ਗਿਆ, ਰਿਹਾ ਹੋਰ ਝੂਰਦਾ।
ਸਾਮਰਾਜੀ ਤਾਕਤ ਤੋਂ ਭੈਅ ਮੰਨਦੇ, ਲੋਕੀਂ ਇੱਕੋ ਘੂਰ ਦਾ।
ਜੋਰ ਆਪਣੇ ਦੇ ਉੱਤੇ ਹੀ ਨਿਵਾ ਦਿਆਂ, ਵੱਡੇ ਖੱਬੀ ਖਾਨ ਮੈਂ।
ਰੱਬ ਛੱਡ ਆਰਤੀਆਂ ਹੋਣ
ਮੋਰੀਆਂ, ਹੋਵਾਂ ਭਗਵਾਨ ਮੈਂ ।
ਸ਼ਾਂਤੀਦੂਤ:-
ਤੇਰੇ ਮਨਸੂਬੇ ਨਾ ਚੜ੍ਹਨਗੇ ਸਿਰੇ, ਜਾਗ ਪਈ ਲੁਕਾਈ ਆ।
ਬਹੁਤਾ ਚਿਰ ਰਹਿਣਾ ਇਹਦੇ ਵਿੱਚ ਨਾ ਘਿਰੇ, ਪੂਰ ਦੇਣੀ ਖਾਈ ਆ।
ਬਾਜਵਾ ਆ ਮੰਗ ਸਰਬੱਤ ਦਾ ਭਲਾ, ਹੋ ਜਾ ਗੁਣਵਾਨ ਤੂੰ।
ਪੜ੍ਹ ਕੇ ਅਮਨ ਵਾਲਾ ਪਾਠ ਉੱਜਲਾ, ਬਣ ਇਨਸਾਨ ਤੂੰ।
ਗ਼ਜ਼ਲ
ਜਦੋਂ ਕੋਈ ਹਾਰ ਅੰਦਰ ਤੋਂ, ਸੜੀ ਸਰਕਾਰ ਜਾਂਦੀ ਐ।
ਤਾਂ ਫਿਰ ਉਹ ਜੰਗ ਲਾਉਂਦੀ ਹੈ, ਬੜਾ ਹੰਕਾਰ ਜਾਂਦੀ ਐ।
ਨੇ ਲਹੂਆਂ ਨਾਲ ਜੋੜੇ ਜਾਂਵਦੇ, ਫਿਰ ਤਖਤ ਦੇ ਪਾਵੇ,
ਤੇ ਲਾਸ਼ਾਂ ਦੀ ਬਣਾ ਕਿਸ਼ਤੀ, ਤਖਤ ਨੂੰ ਤਾਰ ਜਾਂਦੀ ਐ।
ਮਾਸੂਮਾ ਬੇਬਸਾਂ ਦੇ ਮਰਸੀਏ, ਚੋਂ ਗੀਤ ਲੱਭਦੀ ਏ,
ਤੇ ਲਾਸ਼ਾਂ ਸੜਦੀਆਂ ਤੱਕ ਕੇ, ਕਲੇਜਾ ਠਾਰ ਜਾਂਦੀ ਐ।
ਤਰਕ ਤੋਂ ਹਾਰਿਆਂ ਹੋਇਆਂ, ਸਦਾ ਰਾਈਫਲ ਸੰਭਾਲੀ ਏ,
ਤਰਕ ਤੋਂ ਜਿੱਤਿਆਂ ਹੋਇਆਂ ਦੀ, ਕਿਸਮਤ ਹਾਰ ਜਾਂਦੀ ਐ।
ਜਦੋਂ ਕਦਰਾਂ ਮਨੁੱਖੀ ਕੁਚਲਦੈ, ਹੰਕਾਰ ਤਾਕਤ ਦਾ,
ਬਾਜਵਾ ਬੇਬਸਾਂ ਸਿਰ ਲਟਕ, ਫਿਰ ਤਲਵਾਰ ਜਾਂਦੀ ਐ।
----------------------------------------------------------------------
ਡਾ. ਸਤੀਸ਼ ਠੁਕਰਾਲ ਸੋਨੀ
ਠੁਕਰਾਲ ਹਸਪਤਾਲ,
ਰੇਲਵੇ ਰੋਡ,ਮਖੂ,
ਜਿਲ੍ਹਾ - ਫਿਰੋਜ਼ਪੁਰ, ਪੰਜਾਬ
ਪਿੰਨਕੋਡ -142044
ਮੋਬਾਈਲ -95922_29486
ਇਹ ਜੋ ਸਰਹੱਦਾਂ 'ਤੇ ਖੜ੍ਹਦੇ ਹਨ
ਇਹ ਜੋ ਸਰਹੱਦਾਂ 'ਤੇ ਖੜ੍ਹਦੇ ਹਨ
ਤੇ ਸੰਗੀਨਾਂ ਮੂਹਰੇ ਅੜਦੇ ਹਨ
ਇਹਨਾਂ ਆਸਰੇ ਕੁਰਸੀਆਂ 'ਤੇ ਕਾਬਜ਼
ਜੋ ਕੁਰਸੀਆਂ ਖ਼ਾਤਰ ਲੜਦੇ ਹਨ।
ਕੋਈ ਵਰਦੀ ਰੱਤ ਨਹੀਂ ਚਾਹੁੰਦੀ
ਨਾ ਹਮ - ਰੁਤਬਿਆਂ ਦੀ ਦੁਰਗਤ ਚਾਹੁੰਦੀ
ਇਹ ਲਾਚਾਰ ਮਨਸੂਬਿਆਂ ਦੇ ਅੱਗੇ
ਜੋ ਕੁਰਸੀਆਂ ਵਾਲੇ ਘੜਦੇ ਹਨ।
ਕੁਰਸੀ ਹਾਲਾਤ ਉਪਜਾ ਦੇਂਦੀ
ਹਮਸਾਇਆਂ ਨੂੰ ਭੜਕਾ ਦੇਂਦੀ
ਬੇਖ਼ਬਰ ਸਾਜ਼ਿਸ਼ਾਂ ਤੋਂ ਮਤਵਾਲੇ
ਵਿਚ ਜੰਗੇ ਮੈਦਾਨ ਜਾ ਵੜਦੇ ਹਨ।
ਭਾਵੇਂ ਇਸ ਪਾਸੇ ਭਾਵੇਂ ਉਸ ਪਾਸੇ
ਡੁੱਲ੍ਹੇ ਲਹੂ ਦਾ ਰੰਗ ਇੱਕੋ ਹੁੰਦਾ
ਕਿਸੇ ਮਾਂ ਦੇ ਹੀ ਜਾਏ ਹੁੰਦੇ
ਜੋ ਸਿਰ ਧੜ ਨਾਲੋਂ ਝੜਦੇ ਹਨ।
ਕੋਈ ਫ਼ਲਸਫ਼ਾ ਕਤਲ ਸਿਖਾਉਂਦਾ ਨਹੀਂ
ਨਾ ਦਹਿਸ਼ਤ ਅਵਾਮ ਨੂੰ ਟੁੰਬਦੀ ਏ
ਇਹ ਜੋ ਸੌਦਾਗਰ ਨੇ ਹਥਿਆਰਾਂ ਦੇ
ਉਹੀ ਮੁਲਕਾਂ ਸਿਰ ਜੰਗ ਮੜਦੇ ਹਨ।
ਬੋਲੀ ਬੰਦੂਕ ਦੀ ਛੱਡ ਦੇਈਏ
ਕੁੜੱਤਣ ਮਨਾਂ 'ਚੋਂ ਕੱਢ ਦੇਈਏ
ਨੇਕ ਨੀਅਤ ਸੁੱਚੇ ਇਰਾਦੇ ਸੰਗ
'ਸੋਨੀ' ਸਾਰੇ ਮਸਲੇ ਨਿਬੜਦੇ
ਹਨ
----------------------------------------------------------------------
ਅਵਤਾਰ ਸਿੰਘ ਮਾਨ ਭੈਣੀ ਬਾਘੇ ਆਲ਼ਾ
ਪਿੰਡ ਤੇ ਡਾਕ- ਭੈਣੀ ਬਾਘਾ
ਤਹਿਸੀਲ ਤੇ ਜ਼ਿਲ੍ਹਾ ਮਾਨਸਾ
ਮੋਬਾਈਲ - 9915545950
ਧਰਤੀ ਲਹੂ ਲੁਹਾਣ ਨੀ ਜਿੰਦੇ
ਹੋ ਗਿਆ ਜੰਗ ਐਲਾਨ ਨੀ ਜਿੰਦੇ।
ਲਈਆਂ ਤੋਪਾਂ ਤਾਣ ਨੀ ਜਿੰਦੇ।
ਮੱਚਿਆ ਪਿਆ ਘਸਮਾਣ ਨੀ ਜਿੰਦੇ।
ਤੂੰ ਕਿੱਥੇ ਫਸਗੀ ਆਣ ਨੀ ਜਿੰਦੇ।
ਹੁਣ ਦਿੰਦੇ ਸੁੱਕੀ ਜਾਣ ਨੀ ਜਿੰਦੇ।
ਰੁਲ ਗਏ ਸਭ ਅਰਮਾਨ ਨੀ ਜਿੰਦੇ।
ਹੁਣ ਬੰਦੇ ਬਣੇ ਸ਼ੈਤਾਨ ਨੀ ਜਿੰਦੇ।
ਇਹ ਨਹੀਂ ਇਨਸਾਨ ਨੀ ਜਿੰਦੇ।
ਧਰੀਏ ਕੀਹਦਾ ਧਿਆਨ ਨੀ ਜਿੰਦੇ।
ਸੁਣਦਾ ਨਾ ਭਗਵਾਨ ਨੀ ਜਿੰਦੇ।
ਧਰਤੀ ਲਹੂ ਲੁਹਾਣ ਨੀ ਜਿੰਦੇ।
ਗੰਧਲ ਗਿਆ ਅਸਮਾਨ ਨੀ ਜਿੰਦੇ।
ਬਣ ਗਿਆ ਸਭ ਸ਼ਮਸ਼ਾਨ ਨੀ ਜਿੰਦੇ।
ਹੋਣਾ ਬੜਾ ਨੁਕਸਾਨ ਨੀ ਜਿੰਦੇ।
ਪਾਸੇ ਛੱਡ ਗੁਮਾਨ ਨੀ ਜਿੰਦੇ।
ਕਰੇ ਫ਼ਰਿਆਦਾਂ ਮਾਨ ਨੀ ਜਿੰਦੇ।
----------------------------------------------------------------------
ਪ੍ਰੋ. ਗੁਰਦੀਪ ਖਿੰਡਾ
ਪਟਿਆਲਾ ਐਗਰੋ ਫਾਰਮ
ਨੇੜੇ ਪੈਟਰੌਲ ਪੰਪ
ਪਿੰਡ/ਡਾਕਖਾਨਾ: ਢੋਲੇਵਾਲਾ
ਤਹਿ: ਧਰਮਕੋਟ, ਜ਼ਿਲਾ: ਮੋਗਾ-142042
ਮੋਬਾਈਲ : 9417255267
ਸੁੰਨੇ ਬਾਗ਼-ਬਗੀਚੇ
ਚਾਣਚੱਕ ਹੋਏ
ਬਾਂਝ ਬਗੀਚੇ
ਰੁੱਤਾਂ ਨੂੰ
ਫਿਰ ਗਈ ਸਿਆਹੀ
ਖਿੜਨਾ ਸੀ
ਜਿਸ ਵਣ-ਤ੍ਰਿਣ ਚੰਬਾ
ਸੂਹੀਆਂ ਲਪਟਾਂ
ਜਾਂ ਫਿਰ ਕਾਈ
ਕਿੱਲੇ ਬੱਧੀਆਂ
ਗਾਂਵਾਂ ਵਾਂਗਰ
ਅਮਨ ਅੜਿੰਗ ਕੇ
ਚੁੱਪ ਕਰ ਜਾਂਦਾ
ਸਾਨ੍ਹ ਜ਼ਬਰ ਦਾ
ਘੁਸ ਕੇ ਜ਼ਬਰੀਂ
ਕੁੱਲ ਫੁਟਾਰਾ
ਡੁੱਚ ਕਰ ਜਾਂਦਾ
ਜੋਕਾਂ
ਸੁਲ੍ਹਾ ਕਰਾਵਣ ਆਈਆਂ
ਉਹ ਢੋਰਾਂ ਤੋਂ
ਵੱਧ ਤਿਰਹਾਈਆਂ
ਲਹੂ ਦੀ ਲੋਅ ਨਾਲ
ਤੁਰਦੀਆਂ ਜਾਨਾਂ
ਬੁੱਚੜੋ ਵੇ
ਕਿਸੇ ਮਾਂ ਦੀਆਂ ਜਾਈਆਂ
ਕੁਝ ਤਾਂ
ਵਾਹਵਣ ਜੋੱਗੇ ਛੱਡ ਲਓ
ਕੁਝ ਤਾਂ
ਬੀਜਣ ਜੋੱਗੇ ਕੱਢ ਲਓ
ਬੀਜ ਨਾਸ ਹੋ ਜਾਣ ਤੋਂ ਪਿੱਛੋਂ
ਸੁੰਨੇ ਬਾਗ਼-ਬਗੀਚੇ
ਕਿਸ ਕੰਮ---
ਸੁੰਦਰ ਮਹਿਲ
ਤੇ ਮਹਿਲਾਂ ਅੰਦਰ
ਮਹਿੰਗੇ ਫਰਸ਼-ਗਲੀਚੇ
ਕਿਸ ਕੰਮ---!
ਹੋ ਚੱਲੇ
ਸਭ ਬਾਂਝ ਬਗੀਚੇ
----------------------------------------------------------------------
ਕੰਮੇ ਜੀਦਾ
ਪਿੰਡ -ਜੀਦਾ
ਜਿਲ੍ਹਾ -ਬਠਿੰਡਾ
ਮੋਬਾਈਲ -9877101224
ਮਰਨ ਵਾਲੇ ਇੱਕਲੇ ਨਹੀਂ ਮਰਦੇ
ਜੰਗ ਤਾਂ ਜੰਗ
ਹੁੰਦੀ ਆ
ਜੰਗ
ਮਸਲਿਆਂ ਦਾ ਹੱਲ
ਨਹੀਂ ਹੁੰਦੀ।
ਕੋਈ ਫਰਕ
ਨਹੀਂ ਪੈਂਦਾ
ਕੌਣ ਜਿੱਤਿਆ
ਕੌਣ ਹਾਰਿਆ।
ਜੰਗ ਤਾਂ ਦੋਨਾਂ
ਪਾਸੇ ਹੀ
ਲਾਸ਼ਾਂ ਦੇ ਢੇਰ
ਵਿਛਾਉਂਦੀ ਆ।
ਪਰ ਜੰਗ ਕਰਵਾਉਣ
ਵਾਲ਼ੇ ਸਾਸ਼ਕ
ਕਦੇ ਜੰਗ ਚ
ਨਹੀ ਮਰਦੇ।
ਤੇ ਜੰਗ ਲੜਣ
ਵਾਲ਼ੇ ਕਦੇ
ਇਕੱਲੇ ਨਹੀ ਮਰਦੇ।
ਉਹਨਾਂ ਦੇ
ਪਰਿਵਾਰ ਤੇ ਬੱਚੇ
ਵੀ ਨਾਲ਼ ਮਰਦੇ ਆ।
ਮਸਲੇ ਤਾਂ ਆਹਮੋ
ਸਾਹਮਣੇ ਬੈਠ
ਕੇ ਵੀ ਹੱਲ ਹੋ
ਜਾਂਦੇ ਆ।
ਸੰਵਿਧਾਨ ਚ ਤਾਂ
ਕਿਤੇ ਵੀ ਲਿਖਿਆ ਨਹੀਂ
ਕਿ ਜੰਗ ਮਸਲਿਆਂ
ਦਾ ਹੱਲ ਹੁੰਦੀ ਆ।
ਜੰਗ ਤਾਂ
ਜੰਗ ਹੁੰਦੀ ਆ।
ਜੰਗ
ਮਸਲਿਆਂ ਦਾ
ਹੱਲ ਨਹੀਂ ਹੁੰਦੀ।
----------------------------------------------------------------------
ਦਵਿੰਦਰ ਭਰੋਵਾਲ
ਪਿੰਡ ਭਰੋਵਾਲ ਖੁਰਦ
ਤਹਿ. ਜਗਰਾਓਂ
ਜਿਲ੍ਹਾ ਲੁਧਿਆਣਾ 141110
ਮੋਬਾਈਲ +919914668695
ਜੰਗ ਮਸਲੇ ਦਾ ਹੱਲ ਨਹੀਂ
ਦੋਨਾਂ ਪਾਸਿਆਂ ਦੀ ਹੋਣੀ ਬਰਬਾਦੀ ,
ਹੁੰਦਾ ਜੰਗ ਕੋਈ ਮਸਲੇ ਦਾ ਹੱਲ ਨੀ ,
ਮਰਨੇ ਕਈ ਹਾਕਮੋ ਮਾਂਵਾਂ ਦੇ ਨੇ ਪੁੱਤ ,
ਬਹੁਤੀ ਚੰਗੀ ਹੁੰਦੀ ਕੋਈ ਗੱਲ ਨੀ ।
ਬਿਨਾਂ ਹੀ ਕਸੂਰ ਤੋਂ ਤੁਰ ਜਾਣੇ ਕਈ ,
ਦੱਸਿਓ ਤਾਂ ਕਿੱਥੋਂ ਦਾ ਇਨਸਾਫ ਬਈ ,
ਕੋਮਲ ਨੇ ਕਲੀਆਂ ਜਿੰਦਾਂ ਜੀ ਮਸੂਮ,
ਕਿਉਂ ਸੜਕਾਂ ਤੇ ਰੁਲਣੇ ਜਵਾਕ ਬਈ ।
ਦੱਸਿਓ ਤਾਂ ਸਹੀ ਕਿਹੜਾ ਹੁੰਦਾ ਏ ਵਪਾਰ,
ਜਿਹੜਾ ਬੰਦਿਆਂ ਨੂੰ ਮਾਰ ਕੇ ਵੀ ਪੁੱਗਦਾ,
ਜਿਹੋ ਜਿਹਾ ਬੀਜ ਬੀਜਣਾ ਏ ਸਜਣਾ ਵੇ ,
ਮੱਲਾ ਉਹੋ ਜਿਹਾ ਹੀ ਬੁੱਟਾ ਫਿਰ ਉੱਗਦਾ ।
ਸ਼ਾਂਤੀ ਦੇ ਨਾਲ ਰਹਿਣਾ ਸਿੱਖ ਲਈਏ,
ਯਾਰੋ ਏਕੇ ਵਰਗੀ ਤਾਂ ਕੋਈ ਚੀਜ ਨੀ ,
ਅੱਲਾ ਜੰਨਤ ਹੀ ਬਣਜੇ ਜਹਾਨ ਸਾਰਾ,
ਫਿਰ ਫੁੱਟ ਵਾਲਾ ਉੱਗਦਾ ਹੀ ਬੀਜ ਨੀ ।
ਵਿੱਚ ਪੈ ਕੇ ਆਪਾਂ ਮਾਰੀਏ ਕੋਈ ਹੱਲਾ ,
ਨਾਂ ਰਹੀਏ ਦੇਖਦੇ ਤਮਾਸ਼ਾ ਦੂਰ ਖੜਕੇ ,
ਆਪਣੇ ਵੀ ਘਰ ਮੱਚ ਜਾਣ ਨਾਂ ਕਿਤੇ,
ਭਰੋਵਾਲੀਆ ਬੁਝਾਈਏ
ਹਿੰਮਤ ਕਰਕੇ ।
---------------------------------------------------------------------
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ
ਸੰਗਰੂਰ
ਮੋਬਾਈਲ -9463162463
ਬਿੱਲੀਆਂ ਲੜਾ ਕੇ ਬਾਂਦਰ
ਦੋ ਬਿੱਲੀਆਂ ਨੂੰ ਲੜਾ ਕੇ ਬਾਂਦਰ,
ਤਮਾਸ਼ਾ ਦੇਖਦਾ ਹੈ।
ਲੱਗੀ ਅੱਗ ਦੇਖ ਬਿਗਾਨੇ ਘਰ
ਆਪਣੇ ਹੱਥ ਸੇਕਦਾ ਹੈ।
ਦੋਵੇਂ ਗੁਆਂਢੀਆਂ ਨੂੰ,
ਭਰਮਾ ਹਥਿਆਰ ਵੇਚਦਾ ਹੈ।
ਸਮਝ ਸਕੇ ਨਾ ਚਾਲਾਂ ਨੂੰ,
ਨਾ ਹੋਇਆ ਕੋਈ ਸਮੇਂ ਦੇ ਮੇਚਦਾ ਹੈ।
ਲੈਣਾ ਚਾਹੀਦਾ ਕੰਮ ਦੂਰ ਅੰਦੇਸ਼ੀ ਤੋਂ,
ਆਪਣਾ ਭੱਵਿਖ ਬਚਾਓ ਲਾਲਚੀ ਪਰਦੇਸੀ ਤੋਂ।
ਘਰ ਘਰ ਸਰਮਾਏਦਾਰਾਂ ਹੁਣ,
ਪਾਇਆ ਬਹੁਤਾ ਵੱਡਾ ਪੁਆੜਾ ਹੈ।
ਹੱਥ ਪੈਰ ਸਿਰ ਸਾਡੇ ਸੰਗਰੂਰਵੀ,
ਪੂੰਜੀਪਤੀ ਦੇਸ਼ਾਂ ਹੱਥ ਕੁਹਾੜਾ ਹੈ।
---------------------------------------------------------------------
ਲਖਵਿੰਦਰ ਸਿੰਘ
ਪਿੰਡ- ਬੜੀ
ਮੋਬਾਈਲ - 98760-17911
ਜੰਗ ਬੱਚਾ ਤੇ ਹਾਰ
ਦੋ ਹੱਥ ਮੇਰੇ ਬਾਪੂ ਦੇ,
ਦੋ ਹੱਥ ਮੇਰੀ ਮਾਂ ਦੇ।
ਦੋ ਹੱਥ ਮੇਰੇ
ਜੋ ਸੱਚੀਂ ਅੱਜ ਦੇਖੇ ਪਹਿਲੀ ਵਾਰ।
ਮਾਂ ਹੀ ਸਦਾ ਨਮਾਉਂਦੀ ਸੀ
ਮਾਂ ਹੀ ਸਦਾ ਖਵਾਉਂਦੀ ਸੀ
ਮਾਂ ਹੀ ਚੁੱਪ ਕਰਾਉਂਦੀ ਸੀ
ਮਾਂ ਹੀ ਖੂਬ ਹਸਾਉਂਦੀ ਸੀ
ਮਾਂ ਹੀ ਨਿੱਤ ਸਵਾਉਂਦੀ ਸੀ।
ਹੁਣ ਕੌਣ ਮੈਨੂੰ ਨਮਾਊਗਾ,
ਫੜ ਮੂੰਹ 'ਚ ਬੁਰਕੀਆਂ ਪਾਊਗਾ?
ਰੋਂਦੇ ਨੂੰ ਚੁੱਪ ਕਰਾਊਗਾ,
ਕੌਣ ਖਿੜ ਖਿੜ ਮੈਨੂੰ ਹਸਾਊਗਾ?
ਮਾਂ ਦੱਸ ਤਾਂ ਜਾਂਦੀ,
ਪਾ ਘੁੱਟ ਕੇ ਜੱਫੀ ਕੌਣ ਮੈਨੂੰ ਸਵਾਊਗਾ?
ਬਾਪੂ ਹੀ ਫ਼ਿਕਰਾਂ ਕਰਦਾ ਸੀ
ਬਾਪੂ ਹੀ ਹੱਕ 'ਚ ਖੜ੍ਹਦਾ ਸੀ
ਬਾਪੂ ਮੋਢੇ ਚੁੱਕ ਘੁਮਾਉਂਦਾ ਸੀ
ਬਾਪੂ ਰੀਝਾਂ ਕੁੱਲ ਪੁਗਾਉਂਦਾ ਸੀ
ਬਾਪੂ ਜ਼ਿੰਦਗੀ ਨੂੰ ਰੁਸ਼ਨਾਉਂਦਾ ਸੀ।
ਹੁਣ ਫਿਕਰਾਂ ਕੌਣ ਜਤਾਊਗਾ,
ਨਾਲੇ ਹੱਕ 'ਚ ਮੇਰੇ ਆਊਗਾ?
ਕੌਣ ਮੋਢੇ ਚੁੱਕ ਘਮਾਊਗਾ,
ਕੁਲ ਰੀਝਾਂ ਕੌਣ
ਪਗਾਊਗਾ?
ਬਾਪੂ ਦੱਸ ਤਾਂ ਜਾਦਾ,
ਹੁਣ ਮੇਰੀ ਜ਼ਿੰਦਗੀ ਕੌਣ ਰੁਸ਼ਨਾਊਗਾ?
ਜੰਗ 'ਚ ਇੱਕ ਨੇ ਜਿੱਤਣਾ
ਤੇ ਇੱਕ ਨੇ ਜਾਣਾ ਹਾਰ ।
ਪਰ ਮੈਂ ਆਪਣੇ ਬੇ-ਕਸੂਰ ਮਾਂ ਪਿਉ
ਇਸ ਜੰਗ 'ਚ ਸੱਚੀਂ ਸਦਾ ਲਈ ਚੁੱਕਿਆ ਹਾਰ।
---------------------------------------------------------------------
ਸੁਰਜੀਤ ਗੱਗ
ਪਿੰਡ ਗੱਗ, ਤਹਿਸੀਲ ਨੰਗਲ,
ਜ਼ਿਲ੍ਹਾ ਰੋਪੜ
ਈਮੇਲ -surjitgag@gmail.com
ਚੌਧਰ ਦੀ ਬਰਕਰਾਰੀ ਲਈ
ਚੌਧਰ ਦੀ
ਬਰਕਰਾਰੀ ਲਈ
ਕੰਡਿਆਲੀ ਤਾਰ
ਦੇ ਆਰ ਪਾਰ
ਖੇਡਿਆ ਗਿਆ
ਟਵੰਟੀ-ਟਵੰਟੀ
ਜੰਗ ਨਹੀਂ
ਹੁੰਦੀ।
ਮਾਵਾਂ ਦੀ ਆਸ
ਭੈਣਾਂ ਦਾ ਪੇਕਾ
ਸੁਹਾਗਣਾਂ ਦੇ
ਚਾਅ
ਅਣਭੋਲਾਂ ਦਾ
ਭਵਿੱਖ ਦਾਅ 'ਤੇ ਲਾ ਕੇ
ਹਿੱਕਾਂ
ਥਾਪੜਨੀਆਂ
ਜੰਗ ਨਹੀਂ
ਹੁੰਦੀ।
ਹੱਸਦੇ ਘਰਾਂ
ਵਿੱਚ
ਸੱਥਰ ਵਿਛਾ ਦੇਣੇ
ਵੱਸਦੇ ਘਰਾਂ
ਵਿੱਚ
ਉਜਾੜ ਪਾ ਦੇਣਾ
ਅਪਣੇ ਹੀ ਮੁਲਕ
ਦੇ ਬਾਸ਼ਿੰਦਿਆਂ ਨੂੰ
ਸ਼ਰਨਾਰਥੀ ਬਣਾ
ਦੇਣਾ
ਜੰਗ ਨਹੀਂ
ਹੁੰਦੀ।
ਜੰਗ
ਸਰਹੱਦਾਂ ਤੇ
ਨਹੀਂ ਲੜੀ ਜਾਂਦੀ
ਜੰਗ
ਮੋਰਚਿਆਂ 'ਤੇ ਲੜੀ ਜਾਂਦੀ ਹੈ
ਉਹ ਮੋਰਚੇ
ਜੋ ਸਥਾਪਿਤ
ਕੀਤੇ ਜਾ ਚੁੱਕੇ ਹਨ
ਚੁੱਲ੍ਹਿਆਂ ਦੀ
ਚਾਰਦੀਵਾਰੀ ਵਿੱਚ
ਜਿੱਥੋਂ ਵੱਜਿਆ
ਸਾਇਰਨ
ਹਿਲਾ ਦਿੰਦਾ ਹੈ
ਤਖਤਾਂ ਦੇ ਪਾਵੇ
ਮੁਨਾਰਿਆਂ ਦੀਆਂ
ਨੀਹਾਂ
ਮਹੱਲਾਂ ਦੀਆਂ
ਕੰਧਾਂ
ਧਰਮ ਦੀਆਂ
ਜੜ੍ਹਾਂ
ਭੁਲਾ ਦਿੰਦਾ ਹੈ
ਛੋਟ ਵਡਿਆਈ
ਉਲਟ ਦਿੰਦਾ ਹੈ
ਇਤਿਹਾਸ ਦੀਆਂ
ਮਿੱਥਾਂ
ਜੰਗ
ਜਿੱਥੇ ਹਾਰਨ ਲਈ
ਕੁੱਝ ਨਹੀਂ
ਹੁੰਦਾ
ਤੇ ਜਿੱਤਣ ਲਈ
ਸਾਰਾ ਬ੍ਰਹਿਮੰਡ
ਹੁੰਦਾ ਹੈ
ਸਭ ਤੋਂ ਖਤਰਨਾਕ
ਜੰਗ ਹੁੰਦੀ ਹੈ
ਜਿਸ ਨੂੰ ਟਾਲਣ
ਲਈ
ਵੰਡੇ ਜਾਂਦੇ ਹਨ
ਆਟਾ ਦਾਲ
ਸਿਲਾਈ ਮਸ਼ੀਨਾਂ
ਟੈਲੀਵਿਯਨ,ਕੰਬਲ
ਅਤੇ ਮਾਈ ਭਾਗੋ
ਦੇ ਜਹਾਜ।
ਜਿਸ ਨੂੰ ਟਾਲਣ
ਲਈ
ਰਚਾਇਆ ਜਾਂਦਾ
ਹੈ
300 ਸਾਲਾ
ਸਵਾਂਗ
ਸਵੱਛ ਭਾਰਤ
ਅਭਿਆਨ
ਅਲਾਪਿਆ ਜਾਂਦਾ
ਹੈ
ਦੇਸ਼ ਭਗਤੀ ਦਾ
ਰਾਗ
ਤੇ ਵੰਡੇ ਜਾਂਦੇ
ਹਨ
ਦੇਸ਼ਧ੍ਰੋਹ ਦੇ
ਤਗਮੇ
ਥੋਪੀ ਜਾਂਦੀ ਹੈ
ਮਨ ਕੀ ਬਾਤ
ਰਟਾਇਆ ਜਾਂਦਾ
ਹੈ
ਵਾਹਿਗੁਰੂ ਤੇਰਾ
ਸ਼ੁਕਰ ਹੈ
ਜਾਂ ਸਬਕਾ ਮਾਲਿਕ
ਏਕ
ਘੋਲਿਆ ਜਾਂਦਾ
ਹੈ
ਜਾਤਾਂ ਧਰਮਾਂ
ਦੇ ਨਾਮ ਦਾ ਜ਼ਹਿਰ
ਚਲਾਈ ਜਾਂਦੀ ਹੈ
ਹਿੰਦੂਵਾਦ
ਇਲਾਕਾਵਾਦ
ਰਾਸ਼ਟਰਵਾਦ ਦੀ
ਲਹਿਰ
ਤੇ ਪਰਖੀ ਜਾਂਦੀ
ਹੈ
ਮੁਸਲਮਾਨਾਂ ਦੇ
ਪਤੀਲੇ ਵਿੱਚ ਰਿੱਝਦੀ ਹਵਸ।
ਚੌਧਰ ਦੀ
ਬਰਕਰਾਰੀ ਲਈ
ਕੰਡਿਆਲੀ ਤਾਰ
ਦੇ ਆਰ ਪਾਰ
ਖੇਡਿਆ ਗਿਆ
ਟਵੰਟੀ-ਟਵੰਟੀ
ਜੰਗ ਨਹੀਂ
ਹੁੰਦੀ।
ਜੰਗ ਹਮੇਸ਼ਾ
ਭੁੱਖੇ ਢਿੱਡਾਂ
ਅਤੇ ਵਧੀਆਂ
ਹੋਈਆਂ ਗੋਗੜਾਂ ਵਿਚਕਾਰ ਹੁੰਦੀ ਹੈ।
ਇਹ ਵੀ ਪੜ੍ਹੋ -
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.