ਜਦੋਂ ਚਾਚਾ ਭਾਰ ਮੁਕਤ ਹੋਇਆ

ਉਹਨਾਂ ਮੈਨੂੰ ਵੀਹ ਹਜ਼ਾਰ ਰੁਪਏ ਫੜਾਏ ਸਨ ਕਿ ਜਦ ਵਾਪਸ ਆਇਆ ਤਾਂ ਲੈ ਲਵਾਂਗਾ। ਉਸਤੋਂ ਬਾਅਦ ਉਹ ਕਦੇ ਵੀ ਵਾਪਸ ਨਹੀਂ ਆਏ ਅਤੇ ਉਦੋਂ ਦੀ ਉਮਰ ਅਨੁਸਾਰ ਮੈਨੂੰ ਲਗਦਾ ਹੈ ਕਿ ਉਹ ਰੱਬ ਨੂੰ ਪਿਆਰੇ ਹੋ ਗਏ ਹੋਣਗੇ। ਉਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ। ਉਸਨੇ ਕਿਹਾ ਕਿ ਹੁਣ ਮੇਰੀ ਜਿੰਦਗੀ ਵੀ ਬਹੁਤੀ ਨਹੀਂ ਹੈ ਅਤੇ ਉਹ ਵੀਹ ਹਜ਼ਾਰ ਰੁਪਏ ਮੇਰੇ ਤੇ ਬੋਝ ਬਣੇ ਹੋਏ ਹਨ।  ਮੈਂ ਅਜਿਹੀ ਰਕਮ ਲੈ ਕੇ ਮਰਨਾ ਨਹੀਂ ਚਾਹੁੰਦਾ। ਇਸ ਲਈ ਉਹ ਰਕਮ ਪਿੰਡ ਦੇ ਕਿਸੇ ਸਾਂਝੇ ਕੰਮ 'ਤੇ ਲਗਵਾਦੇ। 


ਛੋਟੀ ਗੱਲ ਵੱਡੇ ਅਰਥ


ਜਦੋਂ ਚਾਚਾ ਭਾਰ ਮੁਕਤ ਹੋਇਆ

ਬਲਵਿੰਦਰ ਸਿੰਘ ਭੁੱਲਰ
ਮੇਰੇ ਪਿੰਡ ਪਿੱਥੋ ਦਾ ਰਣਬੀਰ ਸਿੰਘ ਢਿੱਲੋਂ ਲੰਬੇ ਸਮੇਂ ਤੋਂ ਬਠਿੰਡਾ ਵਿਖੇ ਰਹਿੰਦਾ ਸੀ। ਉਸਦੇ ਪਿਤਾ ਜੀ ਦੀ ਬਠਿੰਡਾ ਵਿਖੇ ਟਰਾਂਸਪੋਰਟ ਹੋਇਆ ਕਰਦੀ ਸੀ।  ਬਾਅਦ ਵਿੱਚ ਉਹਨਾਂ ਬੱਸਾਂ ਵੇਚ ਦਿੱਤੀਆਂ ਅਤੇ ਸ਼ਹਿਰ ਦੇ ਨਜਦੀਕ ਜ਼ਮੀਨ ਖਰੀਦ ਲਈ ਸੀ। ਇਹ ਅੱਜ ਕੱਲ੍ਹ ਸ਼ਹਿਰ ਦੇ ਵਿਚਕਾਰ ਹੀ  ਆ ਗਈ ਹੈ। ਇਹ ਜ਼ਮੀਨ ਪਲਾਟਾਂ ਰਾਹੀਂ ਵੇਚੀ ਜਾ ਚੁੱਕੀ ਹੈ, ਜਿਹਨਾਂ ਚ ਮਕਾਨ ਬਣ ਗਏ ਹਨ। ਥੋੜੀ ਬਹੁਤੀ ਜ਼ਮੀਨ ਅਜੇ ਬਚੀ ਹੋਈ ਹੈ। ਕਰੀਬ ਚਾਰ ਦਹਾਕੇ ਪਹਿਲਾਂ ਰਣਬੀਰ ਸਿੰਘ ਦਾ ਐਕਸੀਡੈਂਟ ਹੋ ਜਾਣ ਕਾਰਨ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ।  ਜਿਸ ਸਦਕਾ ਉਹ ਪੱਕੇ ਤੌਰ 'ਤੇ ਮੰਜੇ ਤੇ ਹੀ ਆਪਣੀ ਜਿੰਦਗੀ ਬਤੀਤ ਕਰ ਰਿਹਾ ਸੀ। ਉਹ ਖਾਣ ਪੀਣ ਦਾ ਵੀ ਸ਼ੌਕੀਨ ਸੀ ਅਤੇ ਲੋਕ ਭਲਾਈ ਤੇ ਸਮਾਜ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦਾ ਸੀ। ਮੇਰੇ ਪਿੰਡ ਦਾ ਹੋਣ ਸਦਕਾ ਮੈਂ ਉਸਨੂੰ ਚਾਚਾ ਹੀ ਕਿਹਾ ਕਰਦਾ ਸੀ। ਆਪਣੇ ਦੁੱਖ ਸੁਖ ਜਾਂ ਕਿਸੇ ਕੰਮ ਕਾਰ ਲਈ ਉਹ ਮੇਰੀ ਸਲਾਹ ਵੀ ਲੈਂਦਾ ਰਹਿੰਦਾ ਸੀ। ਪਿੰਡ ਨਾਲ ਉਸਦਾ ਭਾਵੇਂ ਬਹੁਤਾ ਵਾਹ ਵਾਸਤਾ ਤਾਂ ਨਹੀਂ ਸੀ ਪਰ ਉਸਦਾ ਮੋਹ ਪੂਰੀ ਤਰ੍ਹਾਂ ਕਾਇਮ ਸੀ।

      ਇੱਕ ਦਿਨ ਸ੍ਰ: ਢਿੱਲੋਂ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗਾ ਕਿ ਆਪਣੇ ਪਿੰਡ ਦਾ ਇੱਕ ਬਜੁਰਗ ਆਪਣੀ ਪਤਨੀ ਸਮੇਤ ਕਰੀਬ ਵੀਹ ਸਾਲ ਪਹਿਲਾਂ ਸਾਡੇ ਘਰ ਆਇਆ ਸੀ, ਜਿਹਨਾਂ ਸਿੰਘਾਪੁਰ ਨੂੰ ਜਾਣਾ ਸੀ। ਉਹਨਾਂ ਮੈਨੂੰ ਵੀਹ ਹਜ਼ਾਰ ਰੁਪਏ ਫੜਾਏ ਸਨ ਕਿ ਜਦ ਵਾਪਸ ਆਇਆ ਤਾਂ ਲੈ ਲਵਾਂਗਾ। ਉਸਤੋਂ ਬਾਅਦ ਉਹ ਕਦੇ ਵੀ ਵਾਪਸ ਨਹੀਂ ਆਏ ਅਤੇ ਉਦੋਂ ਦੀ ਉਮਰ ਅਨੁਸਾਰ ਮੈਨੂੰ ਲਗਦਾ ਹੈ ਕਿ ਉਹ ਰੱਬ ਨੂੰ ਪਿਆਰੇ ਹੋ ਗਏ ਹੋਣਗੇ। ਉਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ। ਉਸਨੇ ਕਿਹਾ ਕਿ ਹੁਣ ਮੇਰੀ ਜਿੰਦਗੀ ਵੀ ਬਹੁਤੀ ਨਹੀਂ ਹੈ ਅਤੇ ਉਹ ਵੀਹ ਹਜ਼ਾਰ ਰੁਪਏ ਮੇਰੇ ਤੇ ਬੋਝ ਬਣੇ ਹੋਏ ਹਨ।  ਮੈਂ ਅਜਿਹੀ ਰਕਮ ਲੈ ਕੇ ਮਰਨਾ ਨਹੀਂ ਚਾਹੁੰਦਾ। ਇਸ ਲਈ ਉਹ ਰਕਮ ਪਿੰਡ ਦੇ ਕਿਸੇ ਸਾਂਝੇ ਕੰਮ 'ਤੇ ਲਗਵਾਦੇ। ਮੈਂ ਤੁਰ ਫਿਰ ਨਹੀਂ ਸਕਦਾ, ਇਸ ਲਈ ਇਹ ਜਿੰਮੇਵਾਰੀ ਤੈਨੂੰ ਹੀ ਸੰਭਾਲਣੀ ਪਵੇਗੀ। ਅਸੀਂ ਵਿਚਾਰ ਕੀਤੀ ਕਿ ਸੜਕ ਤੇ ਪਿੰਡ ਦਾ ਗੇਟ ਬਣਵਾ ਦਿੱਤਾ ਜਾਵੇ ਜਾਂ ਫੇਰ ਸਕੂਲ ਲਈ ਕਮਰਾ ਬਣਵਾ ਦਿੱਤਾ ਜਾਵੇ ਜਾਂ ਹੋਰ ਕੀ ਕਰੀਏ। ਮੇਰੀ ਇੱਛਾ ਵੀ ਸੀ ਕਿ ਸਕੂਲ ਲਈ ਕੁੱਝ ਨਾ ਕੁੱਝ ਕੀਤਾ ਜਾਵੇ।

      ਕਈ ਦਿਨਾਂ ਬਾਅਦ ਮੈਂ ਆਪਣੇ ਪਿੰਡ ਪਿੱਥੋ ਇੱਕ ਮਰਗ ਦੇ ਭੋਗ 'ਤੇ ਗਿਆ। ਜਿਸ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਇਆ ਜਾਣਾ ਸੀ, ਉਸਦੀ ਕੰਧ ਦੇ ਨਾਲ ਹੀ ਸਕੂਲ ਦੀ ਪ੍ਰਾਇਮਰੀ ਬਰਾਂਚ ਸੀ। ਮੈਂ ਭੋਗ ਤੋਂ ਬਾਅਦ ਵਿਹਲਾ ਹੋ ਕੇ ਸਕੂਲ ਵਿੱਚ ਚਲਾ ਗਿਆ ਅਤੇ ਇੰਚਾਰਜ ਅਧਿਆਪਕ ਨੂੰ ਮਿਲਿਆ। ਗਰਮੀ ਦਾ ਮੌਸਮ ਸੀ, ਸਟਾਫ ਤੇ ਵਿਦਿਆਰਥੀਆਂ ਦੇ ਕਮਰਿਆਂ ਵਿੱਚ ਪੱਖੇ ਲੱਗੇ ਹੋਏ ਸਨ ਪਰ ਬਿਜਲੀ ਨਾ ਹੋਣ ਕਾਰਨ ਬੱਚਿਆਂ ਦਾ ਬੁਰਾ ਹਾਲ ਸੀ। ਅਧਿਆਪਕ ਵੀ ਪਰੇਸ਼ਾਨ  ਸਨ। ਮੈਂ ਅਧਿਆਪਕਾਂ ਨਾਲ ਢਿੱਲੋਂ ਸਾਹਿਬ ਵਾਲੇ ਦਾਨ ਦੇ ਮੁੱਦੇ 'ਤੇ ਗੱਲ ਤੋਰੀ ਤਾਂ ਉਹ ਕਮਰੇ ਦਾ ਸੁਝਾਅ ਦੇਣ ਲੱਗੇ ਪਰ ਮੇਰੀ ਨਜ਼ਰ ਬੱਚਿਆਂ ਦੀ ਪਰੇਸ਼ਾਨੀ 'ਤੇ ਸੀ। ਮੈਂ ਇੰਚਾਰਜ ਨੂੰ ਪੁੱਛਿਆ ਕਿ ਕੀ ਸਕੂਲ ਵਿੱਚ ਜਰਨੇਟਰ ਨਹੀਂ ਹੈ? ਅਧਿਆਪਕ ਨੇ ਨਾਂਹ ਵਿੱਚ ਉੱਤਰ ਦਿੱਤਾ।  ਤਾਂ ਮੈਂ ਕਿਹਾ ਜੇਕਰ ਜਰਨੇਟਰ ਦਾਨ ਵਜੋਂ ਦਿੱਤਾ ਜਾਵੇ। ਇਹ ਸੁਣ ਕੇ ਅਧਿਆਪਕ ਖੁਸ਼ ਹੋ ਗਿਆ ਤਾਂ ਮੈਂ ਉਸਨੂੰ ਜਰਨੇਟਰ ਦੀ ਕੀਮਤ ਬਾਰੇ ਪੁੱਛਣ ਦਾ ਸੁਝਾਅ ਦਿੱਤਾ। ਅਧਿਆਪਕ ਨੇ ਰਾਮਪੁਰਾ ਮੰਡੀ ਦੀ ਇੱਕ ਦੁਕਾਨ 'ਤੇ ਫੋਨ ਕਰਕੇ ਮੈਨੂੰ ਦੱਸਿਆ ਕਿ ਜਰਨੇਟਰ ਦੀ ਕੀਮਤ ਅਠਾਈ ਹਜ਼ਾਰ ਰੁਪਏ ਹੈ। ਕੁਝ ਖ਼ਰਚਾ ਹੋਰ ਆਵੇਗਾ ਜਿਵੇਂ ਲਿਆਉਣ ਉੱਪਰ ਅਤੇ ਤਾਰ ਜਾਂ ਸਵਿੱਚ ਵਗੈਰਾ ਦਾ।

      ਮੈਂ ਫੋਨ ਤੇ ਰਣਬੀਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਵੀਹ ਹਜ਼ਾਰ ਤਾਂ ਆਪਣੇ ਕੋਲ ਬਜੁਰਗਾਂ ਦਾ ਪਿਆ ਹੈ। ਉਸਤੋਂ ਵੱਧ ਭਾਵੇ ਵੀਹ ਹਜਾਰ ਹੋਰ ਲੱਗ ਜਾਵੇ ਬੱਸ ਹਾਂ ਕਰਦੇ। ਮੈਂ ਇੰਚਾਰਜ ਅਧਿਆਪਕ ਨੂੰ ਕਿਹਾ ਕਿ ਜਰਨੇਟਰ ਲਈ ਕਹਿ ਦਿਓ ਪਰਸੋਂ ਅਸੀਂ ਕੀਮਤ ਅਦਾ ਕਰਕੇ ਛੱਡ ਜਾਵਾਂਗੇ ਪਰ ਇਹ ਦਾਨ ਇੱਕ ਸ਼ਰਤ 'ਤੇ ਕੀਤਾ ਜਾਵੇਗਾ ਕਿ ਕੱਲ੍ਹ ਨੂੰ ਤੇਲ ਨਾ ਹੋਣ ਕਰਕੇ ਜਰਨੇਟਰ ਬੰਦ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਦਾਨ ਕੀਤਾ ਜਾਣਾ ਹੈ। ਅਧਿਆਪਕ ਨੇ ਭਰੋਸਾ ਦਿੱਤਾ ਤੇਲ ਦਾ ਇੰਤਜਾਮ ਅਸੀਂ ਸਕੂਲ ਵੱਲੋਂ ਕਰਦੇ ਰਹਾਂਗੇ।

       ਮੈਂ ਬਜੁਰਗਾਂ ਦੇ ਨਾਂ ਦੀ ਜਰਨੇਟਰ ਦਾਨ ਕਰਨ ਦੀ ਪਲੇਟ ਬਣਾ ਲਿਆਇਆਅਤੇ ਤੀਜੇ ਦਿਨ ਸ੍ਰ: ਢਿੱਲੋਂ ਨੂੰ ਬੈਲਟਾਂ ਲਗਾ ਕੇ ਕਾਰ ਵਿੱਚ ਬਿਠਾ ਲਿਆ। ਫੇਰ ਉਹਨਾਂ ਕਿਹਾ ਕਿ ਵੀਹ ਕਿਲੋ ਲੱਡੂ ਵੀ ਲੈ ਲਓ, ਜੁਆਕਾਂ ਨੂੰ ਵੰਡ ਦੇਵਾਂਗੇ। ਅਸੀਂ ਲੱਡੂ ਲੈ ਕੇ ਰਾਮਪੁਰਾ ਗਏ ਜਰਨੇਟਰ ਦੀ ਕੀਮਤ ਅਦਾ ਕੀਤੀ ਅਤੇ ਪਿੱਥੋ ਸਕੂਲ ਵਿੱਚ ਪਹੁੰਚ ਗਏ। ਅਧਿਆਪਕਾਂ ਨੇ ਕੁੱਝ ਪਿੰਡ ਦੇ ਮੋਹਤਬਰ ਬੰਦੇ ਵੀ ਬੁਲਾਏ ਹੋਏ ਸਨ। ਜਰਨੇਟਰ ਦਾਨ ਕਰਕੇ ਬਜੁਰਗਾਂ ਦੇ ਨਾਂ ਵਾਲੀ ਪਲੇਟਕੰਧ ਵਿੱਚ ਲਾ ਦਿੱਤੀ। ਬੱਚਿਆਂ ਨੂੰ ਲੱਡੂ ਵੰਡੇ ਗਏ ਅਤੇ ਸਟਾਫ ਨਾਲ ਬੈਠ ਕੇ ਅਸੀਂ ਚਾਹ ਪਾਣੀ ਪੀਤਾ। ਰਣਬੀਰ ਸਿੰਘ ਢਿੱਲੋਂ ਕਹਿਣ ਲੱਗੇ ਕਿ ਅੱਜ ਮੇਰੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ, ਮੇਰੇ ਸਿਰੋਂ ਭਾਰੀ ਬੋਝ ਲਹਿ ਗਿਆ ਹੈ। ਹੁਣ ਮੈਂ ਭਾਰ ਮੁਕਤ ਹੋ ਕੇ ਇਸ ਜਹਾਨ ਤੋਂ ਜਾਵਾਂਗਾ। ਇਹ ਗੱਲ ਸੁਣਨ ਵੇਖਣ ਨੂੰ ਭਾਵੇਂ ਬਹੁਤੀ ਵੱਡੀ ਨਹੀਂ ਲਗਦੀ ਪਰ ਇਸਦੇ ਅਰਥ ਬਹੁਤ ਵਿਸ਼ਾਲ ਹਨ। ਰਣਬੀਰ ਸਿੰਘ ਢਿੱਲੋਂ ਇਸ ਜਹਾਨ ਤੋਂ ਰੁਖ਼ਸਤ ਵੀ ਹੋ ਗਏ ਹਨ ਪਰ ਮੇਰੇ ਦਿਲ ਵਿੱਚ ਉਹਨਾਂ ਪ੍ਰਤੀ ਅਥਾਹ ਸਤਿਕਾਰ ਕਾਇਮ ਹੈ।

    ਮੋਬਾ: 098882 75913


Post a Comment

2 Comments

  1. Salute to both of you.It is good contribution.

    ReplyDelete
  2. ਬਹੁਤ ਹੀ ਸ਼ਲਾਘਾਯੋਗ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.