روپ سدھو دیاں دو غزلاں

ਰੂਪ ਸਿੱਧੂ ਦੀਆਂ ਦੋ ਗ਼ਜ਼ਲਾਂ

ਗ਼ਜ਼ਲ / ਰੂਪ ਸਿੱਧੂ

 

ਜਿਸਨੂੰ ਖ਼ੁਦ ਸੁਲਝਾ ਨਾ ਸਕਦੇ ਇਹ ਐਸੀ ਵੀ ਗੱਲ ਨਹੀ ਸੀ।

ਰੁੱਸ ਕੇ ਪਾਸਾ ਵੱਟ ਕੇ ਬਹਿਣਾ, ਵੀ ਤਾਂ ਕੋਈ ਹੱਲ ਨਹੀ ਸੀ।


ਅਪਣੇ ਗ਼ਮ ਦੇ ਰੰਡੀ ਰੋਣੇ ਰੋਂਦੇ ਰਹਿਨੈ, ਬੁਸ ਬੁਸ ਕਰਨੈਂ

ਤੂੰ ਕੀ ਸੋਚੇਂ ? ਏਧਰ ਸਾਡੇ ਦਿਲ ਦੇ ਵਿਚ ਤਰਥੱਲ ਨਹੀ ਸੀ?


ਮੇਰੇ ਹੰਝੂ ਪੂੰਝਦਿਆਂ ਹੱਥਾਂ ਨੇ ਪਰਦਾ ਰੱਖ ਲਿਆ, ਊਂ

ਤੇਰੇ ਨੈਣਾ ਦੇ ਸਾਗਰ ਵਿਚ ਕਿਹੜਾ ਉੱਠੀ ਛੱਲ ਨਹੀ ਸੀ।


ਬੇਸਮਝੀ ਵਿਚ ਜੋ ਵੀ ਹੋਇਆ ਉਸ ਤੋਂ ਮੈਂ ਸ਼ਰਮਿੰਦਾ ਹਾਂ, ਪਰ

ਸੋਚ ਸਮਝ ਕੇ ਤੈਂ ਜੋ ਕੀਤੈ, ਦੱਸੀਂ ਕੀ ਉਹ ਝੱਲ ਨਹੀ ਸੀ ?


ਤੂੰ ਉਸ ਤੋਂ ਚੰਗਾ ਕਿੱਦਾਂ ਏਂ ਉਹ ਤੇਰੇ ਤੋਂ ਮਾੜਾ ਕਿੱਦਾਂ

ਖੱਲਾਂ ਲਾਹੁਣੇ ਵਾਲੇ ਨੇ ਕੀ ਆਪ ਲੁਹਾਈ ਖੱਲ ਨਹੀ ਸੀ ?


ਜੱਗ ਤੋਂ ਪਰਦਾ ਰੱਖਣ ਖਾਤਰ ਓਥੋਂ ਤੁਰ ਜਾਣਾ ਸੀ ਲਾਜ਼ਿਮ

ਉਸਦੇ ਸਾਹਵੇਂ ਬਹਿ ਕੇ ਤਾਂ ਅਸ਼ਕਾਂ ਨੂੰ ਪੈਣੀ ਠੱਲ ਨਹੀ ਸੀ।


ਬੀਤਣ ਵਾਲਾ ਇਕ ਇਕ ਪਲ ਵੀ ਰੂਪ ਬਦਲ ਕੇ ਰੱਖ ਦੇਂਦੈ, ਮੈਂ

ਜੋ ਅੱਜ ਹਾਂ ਉਹ ਕੱਲ ਨਈਂ ਹੋਣਾ ਜੋ ਅੱਜ ਹਾਂ ਉਹ ਕੱਲ ਨਹੀ ਸੀ।

 

غزل

 جسنوں خد سلجھا نا سکدے اہ ایسی وی گلّ نہی سی۔

رسّ کے پاسا وٹّ کے بہنا، وی تاں کوئی ہلّ نہی سی۔


اپنے غم دے رنڈی رونے روندے رہنے، بس بس کرنیں

توں کی سوچیں ؟ ایدھر ساڈے دل دے وچ ترتھلّ نہی سی؟


میرے ہنجھو پونجھدیاں ہتھاں نے پردا رکھّ لیا، اوں

تیرے نینا دے ساغر وچ کہڑا اٹھی چھلّ نہی سی۔


بیسمجھی وچ جو وی ہویا اس توں میں شرمندا ہاں، پر

سوچ سمجھ کے تیں جو کیتے، دسیں کی اہ جھلّ نہی سی ؟


توں اس توں چنگا کداں ایں اہ تیرے توں ماڑا کداں

کھلاں لاہنے والے نے کی آپ لہائی کھلّ نہی سی ؟


جگّ توں پردا رکھن خاتر اوتھوں تر جانا سی لازم

اسدے ساہویں بہِ کے تاں اشکاں نوں پینی ٹھلّ نہی سی۔


بیتن والا اک اک پل وی روپ بدل کے رکھّ دیندے، میں

جو اجّ ہاں اہ کلّ نئیں ہونا جو اجّ ہاں اہ کلّ نہی سی۔

روپ سدھو

 

ਗ਼ਜ਼ਲ / ਰੂਪ ਸਿੱਧੂ

 

ਮਸ਼ਵਰਾ ਹੈ ਇਹੀ ਗ਼ਰੀਬਾਂ ਨੂੰ।

ਛੱਡ ਦਿਓ ! ਕੋਸਣਾ ਨਸੀਬਾਂ ਨੂੰ।


ਦੇਖਦੇ ਸਾਰ ਹੀ ਤਰਾਹ ਨਿਕਲੇ

ਦੇਖਿਆ ਇਉਂ ਕਰੋ ਰਕੀਬਾਂ ਨੂੰ।


ਹਾਕਮਾਂ ਦੀ ਜ਼ੁਬਾਨ ਬੋਲਣ ਕਿਉਂ

ਹੋ ਗਿਆ ਕੀ ਇਨ੍ਹਾਂ ਅਦੀਬਾਂ ਨੂੰ ?


ਦਰਦ ਦਿਲ ਦਾ ਅਜੀਬ ਸ਼ੈਅ ਹੁੰਦੈ

ਇਹ ਨਾ ਆਉਂਦੈ ਸਮਝ ਤਬੀਬਾਂ ਨੂੰ ।


ਵੰਡ ਨਾ ਦੇਣ ਘਰ, ਜ਼ਰਾ ਰੋਕੋ

ਇਹ ਜ਼ੁਬਾਨਾਂ ਦੀਆਂ ਜ਼ਰੀਬਾਂ ਨੂੰ ।


ਸੱਚ ਸਦਾ ਤੋਂ ਕਬੂਲਦਾ ਆਇਆ

ਫਾਂਸੀਆਂ ਸੂਲ਼ੀਆਂ ਸਲੀਬਾਂ ਨੂੰ।


ਰੂਪ ਨੇ ਤਾਂ ਸਦਾ ਇਵੇਂ ਦੇਣੈ

ਲੜਨ ਦਾ ਹੌਸਲਾ ਗ਼ਰੀਬਾਂ ਨੂੰ।

غزل

مشورا ہے اہی غریباں نوں۔

چھڈّ دیو ! کوسنا نسیباں نوں۔


دیکھدے سار ہی تراہ نکلے

دیکھیا اؤں کرو رکیباں نوں۔


ہاکماں دی زبان بولن کیوں

ہو گیا کی انھاں ادیباں نوں ؟


درد دل دا اجیب شیء ہندے

اہ نا آؤندے سمجھ تبیباں نوں ۔


ونڈ نا دین گھر، زرا روکو

اہ زباناں دیاں زریباں نوں ۔


سچّ سدا توں کبولدا آیا

پھانسیاں سولیاں سلیباں نوں۔


روپ ‘ نے تاں سدا اویں دینے

لڑن دا ہوسلا غریباں نوں۔

روپ سدھو

Contact-

Roop Sidhu

Mobile-0097150633046

City-Ajman

United Arab Emirates

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -


Post a Comment

1 Comments

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.