ਆਸਟ੍ਰੇਲੀਆ ਦੇ ਸਦੀਆਂ ਪੁਰਾਣੇ ਵਿਰਾਸਤੀ ਪਿੰਡ ‘ਬੈਲਾਰਟ Ballarat Australia ਦੀ ਸੈਰ

ਅੰਗਰੇਜ਼ਾਂ ਨੇ ਸੋਨੇ ਦੀਆਂ ਖਾਣਾਂ ਦੀ ਖੁਦਾਈ ਲਈ ਵਸਾਇਆ ਸੀ ਪਿੰਡ ਬੈਲਾਰਟ

ਬਲਵਿੰਦਰ ਸਿੰਘ ਭੁੱਲਰ

ਕਿਸੇ ਦੇਸ਼ ਵੱਲੋਂ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੀ ਵਿਰਾਸਤ ਨੂੰ ਵੇਖ ਕੇ ਉਸ ਦੇਸ਼ ਦੇ ਲੋਕਾਂ ਨੂੰ ਆਪਣੀ ਔਕਾਤ ਵੀ ਯਾਦ ਰਹਿੰਦੀ ਹੈ, ਕੀਤੇ ਵਿਕਾਸ ਦੀ ਭਰਪੂਰ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ ਅਤੇ ਹੋਣ ਵਾਲੇ ਵਿਕਾਸ ਦੀ ਪ੍ਰੇਰਨਾ ਵੀ ਮਿਲਦੀ ਹੈ। ਜਿਹੜਾ ਦੇਸ਼ ਆਪਣੀ ਵਿਰਾਸਤ ਨੂੰ ਭੁੱਲ ਜਾਂਦਾ ਹੈ ਉਸ ਦੀਆਂ ਅਗਲੀਆਂ ਪੀੜ੍ਹੀਆਂ ਆਪਣੀ ਆਜ਼ਾਦੀ ਗੁਆ ਕੇ ਗੁਲਾਮੀ ਵਾਲੇ ਰਸਤੇ ਤੁਰ ਪੈਂਦੀਆਂ ਹਨ। ਸੱਭਿਆਚਾਰ ਤੇ ਪੁਰਾਤਨ ਵਿਰਾਸਤ ਨੂੰ ਯਾਦ ਰੱਖਣ ਲਈ ਭਾਵੇਂ ਅਜਾਇਬ ਘਰ ਬਣਾਏ ਜਾਂਦੇ ਹਨ ਪਰ ਉੱਥੇ ਵੀ ਅਸਲ ਵਿਰਾਸਤ ਦੀ ਝਲਕ ਨਹੀਂ ਮਿਲਦੀ। ਪੁਰਾਣੀਆਂ ਇਮਾਰਤਾਂ ਜਾਂ ਯਾਦਗਾਰਾਂ ਨੂੰ ਢਾਹ ਕੇ ਨਵੀਂ ਉਸਾਰੀ ਕਰਨ ਨਾਲ ਉਹਨਾਂ ਦੀ ਅਸਲ ਦਿੱਖ ਖਤਮ ਹੋ ਜਾਂਦੀ ਹੈ। ਜਿਸ ਨਾਲ ਪੁਰਾਤਨ ਵਿਰਾਸਤ ਤੋਂ ਦੂਰੀ ਬਣਦੀ ਜਾਂਦੀ ਹੈ। ਅਸਲ ਵਿਰਾਸਤ ਨੂੰ ਸੰਭਾਲਣ ਦਾ ਢੰਗ ਤਰੀਕਾ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ। ਜਿਸਨੇ ਸਦੀਆਂ ਤੋਂ ਲੈ ਕੇ ਅੱਜ ਤੱਕ ਦੇ ਵਿਕਾਸ ਦੀ ਪਰਤੱਖਤਾ ਪੇਸ਼ ਕੀਤੀ ਹੋਈ ਹੈ। 

ਮੈਂ ਆਪਣੇ ਪੁੱਤਰ ਅਕਾਸ਼ਦੀਪ ਕੋਲ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਗਿਆ ਸੀ। ਇਸ ਮੁਲਕ ਦੇ ਵੱਡੇ ਸ਼ਹਿਰ ਮੈਲਬੌਰਨ ਵਿਖੇ ਸਾਡਾ ਦੋਹਤਾ ਲਿਸਕਰਨ ਰਹਿੰਦਾ ਹੈ। ਮੈਂ ਤੇ ਅਕਾਸ਼ਦੀਪ ਉਸਨੂੰ ਮਿਲਣ ਲਈ ਗਏ ਤਾਂ ਮੈਂ ਆਪਣੇ ਸੁਭਾਅ ਅਨੁਸਾਰ ਵੱਖ ਵੱਖ ਥਾਵਾਂ ਵੇਖਣ ਦੀ ਇੱਛਾ ਜ਼ਾਹਰ ਕੀਤੀ। ਭਾਵੇਂ ਲਿਸਕਰਨ ਨੇ ਸਾਨੂੰ ਕਈ ਇਤਿਹਾਸਕ ਤੇ ਸੁੰਦਰ ਅਸਥਾਨਾਂ ਦੇ ਦਰਸ਼ਨ ਕਰਵਾਏ ਪਰ ਮੈਨੂੰ ਸਭ ਤੋਂ ਵਧੀਆ ਲੱਗਾ ਪਿੰਡ ਬੈਲਰੇਟਇੱਕ ਦਿਨ ਸਵੇਰੇ ਉਠਦਿਆਂ ਹੀ ਲਿਸਕਰਨ ਨੇ ਜਲਦੀ ਤਿਆਰ ਹੋਣ ਲਈ ਕਿਹਾ ਕਿ ਅੱਜ ਮੈਲਬੌਰਨ ਤੋਂ ਬਾਹਰ ਘੁੰਮਣ ਚੱਲਣਾ ਹੈ। ਅਸੀਂ ਨਹਾ ਧੋ ਕੇ, ਨਾਸ਼ਤਾ ਕਰਕੇ ਕਾਰ ਰਾਹੀਂ ਚੱਲ ਪਏ। ਕਰੀਬ ਘੰਟੇ ਕੁ ਦੇ ਸਫ਼ਰ ਤੋਂ ਬਾਅਦ ਮੈਂ ਪੁੱਛਿਆ ਕਿ ਕਿੰਨੀ ਕੁ ਦੂਰ ਜਾਣਾ ਹੈ ਤੇ ਕਿਸ ਜਗ੍ਹਾ ਜਾਣਾ ਹੈ? ਤਾਂ ਉਸਨੇ ਦੱਸਿਆ ਕਿ ਇੱਕ ਪੁਰਾਤਨ ਇਤਿਹਾਸਕ ਪਿੰਡ ਬੈਲਾਰਟ ਪਹੁੰਚਣਾ ਹੈ ਅਤੇ ਘੰਟੇ ਕੁ ਦਾ ਹੋਰ ਸਫ਼ਰ ਹੈ।

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਕਰੀਬ 110 ਕਿਲੋਮੀਟਰ ਦੂਰ ਪਹਾੜੀ ਸੋਵਰਨ ਹਿੱਲਦੇ ਸਿਖ਼ਰ ਤੇ ਹੈ ਇਹ ਸ਼ਹਿਰ ਬੈਲਾਰਟਅੰਗਰੇਜਾਂ ਨੇ ਸੈਂਕੜੇ ਸਾਲ ਪਹਿਲਾਂ ਜਦੋਂ ਇਸ ਦੇਸ਼ ਤੇ ਕਬਜਾ ਕਰ ਲਿਆ ਤਾਂ ਉਹਨਾਂ ਇਸ ਪਹਾੜੀ ਦੇ ਹੇਠਾਂ ਸੋਨਾ ਹੋਣ ਦਾ ਪਤਾ ਲਗਾ ਲਿਆ ਸੀ। ਫੇਰ ਉਹਨਾਂ ਕਰੀਬ 1838 ਵਿੱਚ ਇੱਥੇ ਇੱਕ ਪਿੰਡ ਵਸਾਇਆ। ਜਿਸਦਾ ਨਾਂ ਬੈਲਾਰਟ ਰੱਖਿਆ। ਇਸ ਪਿੰਡ ਵਿੱਚ ਸੋਨਾ ਕੱਢਣ ਲਈ ਖਾਣਾਂ ਪੁੱਟਣ ਵਾਸਤੇ ਮਜਦੂਰ ਲਿਆਂਦੇ। ਉਹਨਾਂ ਲਈ ਲੱਕੜਾਂ ਦੇ ਛੋਟੇ ਛੋਟੇ ਘਰ ਬਣਾਏ। ਇਹਨਾਂ ਛੋਟੇ ਘਰਾਂ ਤੋਂ ਤਾਂ ਇਹ ਅੰਦਾਜ਼ਾ ਵੀ ਲਗਦਾ ਹੈ ਕਿ ਮਜਦੂਰੀ ਦਾ ਕੰਮ ਕਰਵਾਉਣ ਲਈ ਉਹਨਾਂ ਨੇ ਗੁਲਾਮ ਜਾਂ ਕੈਦੀ ਹੀ ਲਿਆਂਦੇ ਹੋਣਗੇ। ਖਾਣਾਂ ਪੁੱਟਣ ਲਈ ਲੋੜੀਂਦੇ ਲੋਹੇ ਦੇ ਸੰਦ ਬਣਾਉਣ ਲਈ ਲੁਹਾਰ, ਲੱਕੜ ਦੇ ਸੰਦ ਤੇ ਅੰਗਰੇਜ ਅਫ਼ਸਰਾਂ ਲਈ ਘਰ, ਦਫ਼ਤਰ, ਮੇਜ ਕੁਰਸੀਆਂ, ਤਾਂਗੇ, ਬੱਘੀਆਂ, ਮ੍ਰਿਤਕ ਸਰੀਰ ਲਈ ਤਾਬੂਤ ਤੇ ਹੋਰ ਲੋੜੀਂਦਾ ਸਮਾਨ ਬਣਾਉਣ ਲਈ ਤਰਖਾਣ ਆਦਿ ਲਿਆ ਕੇ ਵਸਾਏ। ਡੇਢ ਸਦੀ ਤੋਂ ਵੀ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਅੱਜ ਵੀ ਉਸ ਸ਼ਹਿਰ ਬੈਲਾਰਟ ਨੂੰ ਉਸੇ ਪੁਰਾਤਨ ਦਿੱਖ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਆਸਟ੍ਰੇਲੀਆ ਸਰਕਾਰਾਂ ਜਾਂ ਲੋਕਾਂ ਨੇ ਸਾਡੇ ਦੇਸ਼ ਵਾਂਗ ਇਤਿਹਾਸ ਤੇ ਯਾਦਗਾਰਾਂ ਨੂੰ ਸੰਗਮਰਮਰ ਤੇ ਪੱਥਰਾਂ ਹੇਠ ਨਹੀਂ ਦਬਾਇਆ ਸਗੋਂ ਉਹਨਾਂ ਦੀ ਸੰਭਾਲ ਕੀਤੀ ਹੋਈ ਹੈ। ਗਹੁ ਨਾਲ ਵਾਚਣ ਤੇ ਪਰਤੱਖ ਹੋਇਆ ਕਿ ਕਿਵੇਂ ਅੰਗਰੇਜਾਂ ਨੇ ਇਹ ਪਿੰਡ ਵਸਾਇਆ ਤੇ ਤਰੱਕੀ ਦਾ ਰਾਹ ਖੋਲ੍ਹਿਆ। ਸਬੂਤ ਵਜੋਂ ਅਜਿਹਾ ਹਰ ਸਮਾਨ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ। ਛੋਟਾ ਜਿਹਾ ਸਕੂਲ, ਚਰਚ ਆਦਿ ਵੀ ਬਣਾਇਆ। ਅੰਗਰੇਜਾਂ ਨੇ ਖਾਣਾਂ ਦੀ ਪੁਟਾਈ ਕਰਵਾਈ, ਸੋਨਾ ਕੱਢਿਆ ਤੇ ਆਪਣੀ ਆਰਥਿਕ ਹਾਲਤ ਵਿੱਚ ਸੁਧਾਰ ਕੀਤਾ। ਸਮਾਂ ਲੰਘਦਾ ਗਿਆ, ਵਿਕਾਸ ਹੁੰਦਾ ਗਿਆ, ਹੁਣ ਇਸ ਪਿੰਡ ਵਾਲੀ ਥਾਂ ਦੇ ਨਾਲ ਲਗਦਾ ਇੱਕ ਵੱਡਾ ਸ਼ਹਿਰ ਵੀ ਬਣ ਗਿਆ ਹੈ। ਇਹੋ ਉੱਥੋਂ ਦੀ ਖਾਸੀਅਤ ਵੇਖੀ ਕਿ ਪੁਰਾਤਨ ਪਿੰਡ ਦੇ ਨਾਲ ਲਗਦਾ ਵੱਡਾ ਸ਼ਹਿਰ ਤਾਂ ਵਸਾ ਲਿਆ ਪਰ ਉਸ ਪਿੰਡ ਵਿੱਚ ਕੋਈ ਤਬਦੀਲੀ ਨਹੀਂ ਕੀਤੀ।

ਆਸਟ੍ਰੇਲੀਆ ਵੱਲੋਂ ਇਸ ਪਿੰਡ ਦੀ ਕੀਤੀ ਸੰਭਾਲ ਹੈਰਾਨ ਕਰਨ ਵਾਲੀ ਹੈ। ਗਰੀਬੀ ਦੀ ਹਾਲਤ ਦਰਸਾਉਂਦੇ ਮਜਦੂਰਾਂ ਦੇ ਛੋਟੇ ਛੋਟੇ ਲੱਕੜ ਦੇ ਘਰ, ਖੂਹ ਆਦਿ ਸੰਭਾਲੇ ਹੋਏ ਹਨ। ਲੁਹਾਰ ਤੇ ਤਰਖਾਣਾਂ ਦੇ ਸੰਦ ਬਣਾਉਣ ਵਾਲੇ ਛੋਟੇ ਕਾਰਖਾਨੇ ਕਾਇਮ ਹਨ।  ਸਦੀਆਂ ਪੁਰਾਣੀਆਂ ਲੋਹੇ ਦੀਆਂ ਵਸਤਾਂ ਉਸੇ ਤਰ੍ਹਾਂ ਰੱਖੀਆਂ ਹੋਈਆਂ ਹਨ। ਅੱਜ ਵੀ ਲੁਹਾਰ ਨੇ ਉਸੇ ਪੁਰਾਣੇ ਢੰਗ ਤਰੀਕੇ ਨਾਲ ਕੰਮ ਚਾਲੂ ਰੱਖਿਆ ਹੋਇਆ ਹੈ। ਭੱਠੀਆਂ ਵਿੱਚ ਸਰੀਆ ਲੋਹਾ ਗਰਮ ਕਰਕੇ ਲੋਕਾਂ ਦੇ ਸਾਹਮਣੇ ਕੁੱਟ ਕੁੱਟ ਕੇ ਸਮਾਨ ਤਿਆਰ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਲੁਹਾਰ ਨੇ ਆਪਣਾ ਲਿਬਾਸ ਵੀ ਪੁਰਾਣੇ ਜ਼ਮਾਨੇ ਦਾ ਰੱਖਿਆ ਹੋਇਆ ਹੈ ਤਾਂ ਜੋ ਪੁਰਾਤਨ ਸਮੇਂ ਨੂੰ ਹੂਬਹੂ ਪੇਸ਼ ਕੀਤਾ ਜਾ ਸਕੇ। ਉਹ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੰਦਾ ਹੈ ਤੇ ਕੰਮ ਵੀ ਕਰਦਾ ਹੈ। ਇਸੇ ਤਰ੍ਹਾਂ ਤਰਖਾਣ ਲੱਕੜ ਦੇ ਪਹੀਏ, ਤਾਂਗੇ, ਬੱਘੀਆਂ ਬਣਾ ਰਿਹਾ ਹੁੰਦਾ ਹੈ, ਉਸਨੇ ਵੀ ਨਵੇਂ ਵਸਤਰ ਜੀਨ ਟੀਸ਼ਰਟ ਨਹੀ ਪਹਿਣੇ। ਉਸ ਨੇ ਪੁਰਾਣੀ ਦਿੱਖ ਵਾਲੇ ਕੱਪੜੇ ਪਾਏ ਹੋਏ ਹਨ ਅਤੇ ਚਿਹਰਾ ਮੋਹਰਾ ਵੀ ਉਸੇ ਤਰ੍ਹਾਂ ਦਾ ਬਣਾਇਆ ਹੋਇਆ ਹੈ। ਪੁਰਾਣੀਆਂ ਬੱਘੀਆਂ ਤੇ ਤਾਂਗੇ ਆਦਿ ਸੰਭਾਲ ਕੇ ਖੜੇ ਕੀਤੇ ਹੋਏ ਹਨ। ਨਵੇਂ ਤਾਂਗੇ ਆਦਿ ਵੀ ਤਿਆਰ ਕੀਤੇ ਜਾ ਰਹੇ ਹਨ।

      ਪਿੰਡ ਦਾ ਗੇੜਾ ਲਾਉਂਦੇ ਅਸੀਂ ਗੋਲਡ ਮਾਈਨ ਕੋਲ ਪਹੁੰਚੇ ਜਿਸਨੂੰ ਵੇਖਣ ਲਈ ਟਿਕਟ ਲੈਣੀ ਪੈਂਦੀ ਹੈ। ਫੇਰ ਦਰਸ਼ਕ ਤਾਰ ਦੇ ਸਹਾਰੇ ਚੱਲਣ ਵਾਲੀ 75 ਕੁ ਵਿਅਕਤੀਆਂ ਦੇ ਬੈਠਣ ਵਾਲੀ ਰੇਲ ਗੱਡੀ ਵਿੱਚ ਬੈਠਦੇ ਹਨ। ਅਸੀਂ ਇਸ ਤੇ ਬੈਠੇ ਤਾਂ ਘੁੱਪ ਹਨੇਰੇ ਵਿਚ ਦੀ ਇਹ ਰੇਲ ਬਹੁਤ ਡੂੰਘਾਈ ਤੇ ਧਰਤੀ ਵਿੱਚ ਚਲੀ ਗਈ। ਉੱਥੋਂ ਤੁਰ ਕੇ ਸੋਨੇ ਦੀ ਖਾਣ ਵਿਖਾਈ ਗਈ ਜੋ ਚੂਹੇ ਦੀ ਖੱਡ ਵਾਂਗ ਬਹੁਤ ਲੰਬੀ ਤੇ ਵਲ੍ਹ ਖਾਂਦੀ ਹੈ। ਕਰਮਚਾਰੀ ਜਾਣਕਾਰੀ ਦਿੰਦੇ ਰਹੇ ਕਿ ਕਿਵੇਂ ਸੋਨਾ ਭਾਲਿਆ ਜਾਂਦਾ ਸੀ ਅਤੇ ਉੱਥੋਂ ਸੋਨੇ ਰਲਿਆ ਰੇਤਾ ਮਿੱਟੀ ਆਦਿ ਕਿਵੇਂ ਡਰੰਮਾਂ ਵਿੱਚ ਭਰ ਕੇ ਤਾਰਾਂ ਨਾਲ ਖਿੱਚ ਕੇ ਧਰਤੀ ਤੋਂ ਬਾਹਰ ਲਿਆਂਦਾ ਜਾਂਦਾ ਸੀ। ਹੁਣ ਇਸ ਖਾਣ ਵਿੱਚ ਮੱਧਮ ਜਿਹੀ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਹੈ। ਲਾਈਟ ਨਾਲ ਕਿਤੇ ਕਿਤੇ ਪੱਥਰ ਵਿੱਚ ਸੋਨੇ ਦੀ ਝਲਕ ਵੀ ਵਿਖਾਈ ਦਿੰਦੀ ਹੈ ਪਰ ਉਸਨੂੰ ਦੂਰ ਤੋਂ ਖੜ ਕੇ ਹੀ ਵੇਖਿਆ ਜਾ ਸਕਦਾ ਹੈ। ਜਦੋਂ ਖਾਣ ਦੀ ਪੁਟਾਈ ਕੀਤੀ ਉਸ ਸਮੇਂ ਤਾਂ ਬਿਜਲੀ ਨਹੀਂ ਸੀ ਹੁੰਦੀ, ਕੰਧਾਂ ਤੇ ਮਿਸਾਲਾਂ ਬਾਲ ਕੇ ਚਾਨਣ ਕੀਤਾ ਜਾਂਦਾ ਸੀ। ਜਾਣਕਾਰੀ ਦੇਣ ਉਪਰੰਤ ਸਾਨੂੰ ਫੇਰ ਛੋਟੀ ਜਿਹੀ ਤਾਰ ਸਹਾਰੇ ਚੱਲਣ ਵਾਲੀ ਰੇਲ ਰਾਹੀਂ ਹੀ ਬਾਹਰ ਲਿਆਂਦਾ ਗਿਆ।

      ਪੁਰਾਣੇ ਪਿੰਡ ਵਿਚ ਦੀ ਗਰੀਬ ਮਜਦੂਰਾਂ ਦੇ ਘਰਾਂ ਕੋਲ ਦੀ ਲੰਘਣ ਵਾਲਾ ਕੱਚਾ ਖਾਲ ਹੈ, ਜਿਸ ਵਿੱਚ ਬੱਜਰੀ ਰੇਤਾ ਤੇ ਪਾਣੀ ਚਲਦਾ ਹੈ। ਇਸ ਕੋਲ ਬੇਲਚੇ ਤੇ ਛਾਣਨੀਆਂ ਰੱਖੀਆਂ ਹੋਈਆਂ ਹਨ। ਅੱਜ ਵੀ ਦਰਸ਼ਕ ਇੱਥੋਂ ਛਾਣਨੀ ਨਾਲ ਪਾਣੀ ਰੇਤਾ ਛਾਣ ਦੇ ਸੋਨੇ ਦੀ ਤਲਾਸ ਕਰਦੇ ਹਨ। ਕਿਸੇ ਨਾ ਕਿਸੇ ਨੂੰ ਸੋਨੇ ਦਾ ਕੋਈ ਕਿਣਕਾ ਮਿਲ ਵੀ ਜਾਂਦਾ ਹੈ।  ਉਹ ਲੱਭਣ ਵਾਲੇ ਦਾ ਹੀ ਹੁੰਦਾ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦਰਜਨਾਂ ਨੌਜਵਾਨ ਮੁੰਡੇ ਕੁੜੀਆਂ ਰੇਤਾ ਛਾਣ ਕੇ ਸੋਨਾ ਲੱਭ ਰਹੇ ਸਨ। ਸਾਨੂੰ ਵੀ ਕਈਆਂ ਨੇ ਸੋਨਾ ਲੱਭਣ ਦਾ ਸੁਝਾਅ ਦਿੱਤਾ ਪਰ ਅਸੀਂ ਸਮੇਂ ਦੀ ਘਾਟ ਹੋਣ ਸਦਕਾ ਅਜਿਹਾ ਨਾ ਕਰ ਸਕੇ। ਅਜਿਹੇ ਸੋਨੇ ਦੇ ਕਿਣਕੇ ਸ਼ੀਸ਼ੀਆਂ ਵਿੱਚ ਬੰਦ ਕੀਤੇ ਹੋਏ ਗਿਫਟ ਦੁਕਾਨ ਤੋਂ ਵੀ ਮੁੱਲ ਮਿਲਦੇ ਹਨ। ਇੱਥੋਂ ਨਿਕਲੇ ਸ਼ੁੱਧ ਸੋਨੇ ਦੇ ਟੌਪਸ ਆਦਿ ਵੀ ਮੁੱਲ ਮਿਲਦੇ ਹਨ। ਦੋ ਘੋੜਿਆਂ ਵਾਲੀ ਇੱਕ ਬੱਘੀ ਇਸ ਪਿੰਡ ਦੀਆਂ ਪੁਰਾਣੀਆਂ ਗਲੀਆਂ ਵਿਚ ਦੀ ਚੱਕਰ ਕਢਦੀ ਰਹਿੰਦੀ ਹੈ।  ਜਿਸ ਤੇ ਦਰਸ਼ਕ ਕਿਰਾਇਆ ਦੇ ਕੇ ਆਨੰਦ ਮਾਣਦੇ ਹਨ। ਇਸ ਸਥਾਨ ਤੋਂ ਆਸ ਪਾਸ ਦੀਆਂ ਦਰਖਤਾਂ ਤੇ ਹਰਿਆਵਲ ਨਾਲ ਭਰੀਆਂ ਪਹਾੜੀਆਂ ਦਾ ਦ੍ਰਿਸ਼ ਵੀ ਮਨਮੋਹਕ ਵਿਖਾਈ ਦਿੰਦਾ ਹੈ।

      ਇਸ ਪੁਰਾਤਨ ਪਿੰਡ ਨੂੰ ਵੇਖਣ ਲਈ ਦੇਸ਼ ਵਿਦੇਸ਼ ਤੋਂ ਦਰਸ਼ਕ ਪਹੁੰਚਦੇ ਹਨ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਟੂਰ ਪ੍ਰੋਗਰਾਮ ਬਣਾ ਕੇ ਆਉਂਦੇ ਹਨ। ਇੱਥੇ ਸਾਨੂੰ ਇੱਕ ਗੁਰਸਿੱਖ ਪਰਿਵਾਰ ਵੀ ਮਿਲਿਆ, ਜਿਸਦਾ ਮੁਖੀ ਬਜੁਰਗ ਇੱਕ ਪਾਸੇ ਖੜਾ ਸੀ ਅਤੇ ਉਸਦਾ ਪੁੱਤਰ ਤੇ ਨੂੰਹ ਖਾਲ ਚੋਂ ਸੋਨਾ ਲੱਭ ਰਹੇ ਸਨ। ਉਸ ਬਜੁਰਗ ਨੇ ਦੱਸਿਆ ਕਿ ਉਹਨਾਂ ਦਾ ਪਿਛੋਕੜ ਤਾਂ ਸ੍ਰੀ ਅੰਮ੍ਰਿਤਸਰ ਦਾ ਹੈ ਪਰ ਉਹਨਾਂ ਦੇ ਬਜੁਰਗ ਕਰੀਬ ਦੋ ਪੀੜ੍ਹੀਆਂ ਪਹਿਲਾਂ ਸਿੰਘਾਪੁਰ ਚਲੇ ਗਏ ਸਨ ਅਤੇ ਉਹ ਕਦੇ ਅੰਮ੍ਰਿਤਸਰ ਨਹੀਂ ਗਏ। ਇਸ ਗੱਲੋਂ ਸੰਤੁਸ਼ਟੀ ਹੋਈ ਕਿ ਇਹ ਪਰਿਵਾਰ ਪੰਜਾਬੀ ਪਹਿਰਾਵੇ ਵਿੱਚ ਸੀ ਅਤੇਸ਼ੁੱਧ ਪੰਜਾਬੀ ਬੋਲਦਾ ਸੀ।

      ਆਸਟ੍ਰੇਲੀਆ ਨੇ ਕਈ ਸੈਂਕੜੇ ਸਾਲ ਪੁਰਾਣੇ ਪਿੰਡ ਨੂੰ ਵਿਰਾਸਤ ਵਜੋਂ ਸੰਭਾਲ ਕੇ ਇੱਕ ਬਹੁਤ ਸ਼ਾਨਦਾਰ ਉੱਦਮ ਕੀਤਾ ਹੋਇਆ ਹੈ ਜਿਸਦੀ ਦਾਦ ਦੇਣੀ ਬਣਦੀ ਹੈ।  ਇਸ ਪਿੰਡ ਦਾ ਦੌਰਾ ਕਰਕੇ ਪਤਾ ਲਗਦਾ ਹੈ ਕਿ ਸਦੀਆਂ ਪਹਿਲਾਂ ਪਿੰਡ, ਦੇਸ਼ ਦਾ ਵਿਕਾਸ ਕਿਹੋ ਜਿਹਾ ਸੀ, ਲੋਕ ਕਿਵੇਂ ਹੱਥੀਂ ਮਿਹਨਤ ਕਰਦੇ ਸਨ ਅਤੇ ਅੱਜ ਮਸ਼ੀਨੀ ਯੁੱਗ ਨੇ ਲੋਕਾਂ ਦੇ ਜੀਵਨ ਨੂੰ ਕਿਹੋ ਜਿਹਾ ਬਣਾ ਦਿੱਤਾ ਹੈ। ਇਹ ਪਿੰਡ ਅੱਜ ਵੀ ਉਦੋਂ ਦੇ ਮਜਦੂਰਾਂ ਦੀ ਹਾਲਤ ਨੂੰ ਬਿਆਨ ਕਰਦਾ  ਹੈ, ਜਿਸਤੋਂ ਇਹ ਵੀ ਪਰਤੱਖ ਹੁੰਦਾ ਹੈ, ਸਦੀਆਂ ਪਹਿਲਾਂ ਵੀ ਅਤੇ ਅੱਜ ਵੀ ਕੰਮ ਕਰਨ ਵਾਲੇ ਮਜਦੂਰਾਂ ਦੀ ਹਾਲਤ ਤਾਂ ਤਰਸਯੋਗ ਹੀ ਰਹੀ ਹੈ। ਅਸੀਂ ਮਹਿਸੂਸ ਕੀਤਾ ਕਿ ਵਿਰਾਸਤਾਂ ਨੂੰ ਅਜੋਕੇ ਢੰਗ ਨਾਲ ਸੁੰਦਰ ਤੇ ਲਿਸ਼ਕਵੇਂ ਬਣਾਉਣ ਦੀ ਬਜਾਏ ਇਸ ਤਰੀਕੇ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਅਗਲੀਆਂ ਪੀੜ੍ਹੀਆਂ ਅਸਲੀਅਤ ਤੋਂ ਜਾਣੂ ਹੋ ਸਕਣ।

ਸੰਪਰਕ –

ਬਲਵਿੰਦਰ ਸਿੰਘ ਭੁੱਲਰ

ਭੁੱਲਰ ਹਾਊਸ, ਗਲੀ ਨੰ: 12,

ਭਾਈ ਮਤੀ ਦਾਸ ਨਗਰ,

ਬਠਿੰਡਾ।

ਮੋਬਾਈਲ : 098882 75913

ਇਹ ਵੀ ਪੜ੍ਹੋ -

ਦੌਲਤਾਬਾਦ ਦਾ ਇਤਿਹਾਸਕ ਕਿਲ੍ਹਾ

                  

Post a Comment

0 Comments