ਦੌਲਤਾਬਾਦ ਦਾ ਇਤਿਹਾਸਕ ਕਿਲ੍ਹਾ

ਇਹ ਮਹਿਲ ਲੰਘਦਿਆਂ ਇੱਕ ਬੁਰਜ ਹੈ। ਜਿਸ ਉੱਪਰ ਮੇਧਾ ਤੋਪਰੱਖੀ ਹੋਈ ਹੈ।  ਜਿਸਦਾ ਅਸਲੀ ਨਾਂ ਕਿਲ੍ਹਾ ਸਿਕਨ ਤੋਪ ਭਾਵ ਕਿਲ੍ਹਾ ਤੋੜ ਤੋਪ ਹੈ। ਇਸ ਬਹੁਤ ਭਾਰੀ ਵਜਨ ਦੀ ਤੋਪ ਨੂੰ ਘੁਮਾਉਣ ਦਾ ਵੀ ਯੋਗ ਪ੍ਰਬੰਧ ਸੀ ਤਾਂ ਜੋ ਚਾਰੇ ਪਾਸੇ ਦੁਸ਼ਮਣਾਂ ਤੇ ਗੋਲੇ ਵਰ੍ਹਾਏ ਜਾ ਸਕਣ

ਸੈਰ ਸਪਾਟਾ

ਅਨੋਖੀ  ਤੇ ਵਿਲੱਖਣ ਇਮਾਰਤ ਹੈ ਦੌਲਤਾਬਾਦ ਦਾ ਕਿਲ੍ਹਾ

ਬਲਵਿੰਦਰ ਸਿੰਘ ਭੁੱਲਰ

ਦੌਲਤਾਬਾਦ ਦਾ ਕਿਲ੍ਹਾ ਦੱਖਣੀ ਭਾਰਤ ਦੀ ਵਿਲੱਖਣ ਇਮਾਰਤ ਹੈ। ਔਰੰਗਾਬਾਦ ਤੋਂ ਕਰੀਬ 7 ਕਿਲੋਮੀਟਰ ਦੂਰ ਅਲੋਰਾ ਗੁਫ਼ਾਵਾਂ ਦੇ ਰਸਤੇ ਤੇ ਸਥਿਤ ਇਹ ਕਿਲ੍ਹਾ ਕਰੀਬ 6 ਸੌ ਫੁੱਟ ਉੱਚੀ ਪਹਾੜੀ ਤੇ ਸਥਿਤ ਹੈ। ਇਸਨੂੰ ਯਾਦਵਾਂ ਦਾ ਕਿਲ੍ਹਾ ਵੀ ਕਿਹਾ ਜਾਂਦਾ ਹੈ। ਇਹ ਖੇਤਰ ਕਲਿਆਣ ਚਲਕਿਊਂ ਦੇ ਅਧੀਨ ਸੀ। 1190 ਵਿੱਚ ਕਲਿਆਣ ਟੁੱਟ ਕੇ ਤਿੰਨ ਹੋ ਗਏ, ਦੇਵਗਿਰੀ ਦੇ ਯਾਦਵ, ਵਾਰੰਗਲ ਦੇ ਕਾਂਕਤਿਆਂ ਅਤੇ ਦੁਆਰ ਸਮੁੰਦਰ ਦੇ ਹੋਅਸਾਲੋਂ। ਇਹਨਾਂ ਆਪਣੇ ਆਪਣੇ ਰਾਜਾਂ ਦੀ ਸਥਾਪਨਾ ਕੀਤੀ। ਨਾਸਿਕ ਤੋਂ ਦੇਵਗਿਰੀ ਤੱਕ ਇਲਾਕਾ ਸਿਊਨ ਦੇਸ਼ ਦੇ ਨਾਲ ਵੀ ਜਾਣਿਆਂ ਜਾਂਦਾ ਸੀ; ਜੋ ਯਾਦਵ ਵੰਸ ਦੇ ਅਧੀਨ ਰਿਹਾ। ਇਹ ਇਲਾਕਾ ਸੋਨੇ ਚਾਂਦੀ ਜਵਾਹਰਾਤ ਆਦਿ ਦਾ ਘਰ ਮੰਨਿਆਂ ਜਾਂਦਾ ਸੀ।

ਅਮੀਰ ਇਲਾਕਾ ਦੇਖਦਿਆਂ ਅਲਾਉਦੀਨ ਖਿਲਜੀ ਨੇ ਇਸ ਦੇਵਗਿਰੀ ਉੱਤੇ ਅਜਿਹਾ ਧਾਵਾ ਬੋਲਿਆ ਕਿ ਯਾਦਵ ਰਾਜ ਦੇ ਉਸ ਸਮੇਂ ਦੇ ਸਾਸ਼ਕ ਰਾਮਚੰਦਰ ਦੇਵ ਨੂੰ ਆਪਣਾ ਆਪ ਖ਼ਤਰੇ ਵਿੱਚ ਜਾਪਣ ਲੱਗਾ ਤਾਂ ਉਸਨੇ ਖਿਲਜੀ ਨਾਲ ਸਮਝੌਤਾ ਕਰਦਿਆਂ ਕਾਫੀ ਧਨ ਦੌਲਤ ਦੇ ਕੇ ਵਾਪਸ ਤੋਰ ਦਿੱਤਾ। ਰਾਮਚੰਦਰ ਦੇਵ ਦੇ ਪੁੱਤਰ ਸ਼ੰਕਰਦੇਵ ਨੇ ਖਿਲਜੀ ਨਾਲ ਟੱਕਰ ਲਈ ਪਰ ਆਖ਼ਰ ਵਿੱਚ ਸ਼ੰਕਰਦੇਵ ਨੇ ਵੀ ਆਤਮ ਸਮਰਪਣ ਕਰ ਦਿੱਤਾ ਅਤੇ ਇਹ ਯਾਦਵ ਰਾਜ, ਦਿੱਲੀ ਦੇ ਅਧੀਨ ਹੋ ਗਿਆ। ਜੋ ਸਲਾਨਾ ਵੱਡੀ ਰਕਮ ਦਿੱਲੀ ਭੇਜਦੇ ਰਹੇ।

ਯਾਦਵਾਂ ਦੀ ਵੰਸ ਵੱਲੋਂ ਤਹਿ ਕੀਤੀ ਸਲਾਨਾ ਭੇਂਟ ਅਦਾ ਨਾ ਕਰਨ ਤੇ ਲਾਲ ਖਿਲਜੀ ਨੇ ਫਿਰ ਯਾਦਵਾਂ ਵਿਰੁੱਧ 1307 ਈਸਵੀ ਨੂੰ ਸੈਨਾ ਭੇਜੀ ਤੇ ਯਾਦਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਫੌਜ ਲੁੱਟ ਮਾਰ ਕਰਕੇ ਮੁੜ ਗਈ। 1318 ਵਿੱਚ ਯਾਦਵਾਂ ਦੇ ਰਾਜ ਦਾ ਅੰਤ ਹੋ ਗਿਆ ਅਤੇ ਅੰਤਿਮ ਵਿਦਰੋਹੀ ਸਾਸ਼ਕ ਹਰਪਾਲ ਦੇਵ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਦੇ ਸਾਸ਼ਕ ਸੁਲਤਾਨ ਕੁਤਬਦੀਨ ਮੁਬਾਰਕ ਖਿਲਜੀ ਦੇ ਆਦੇਸ਼ ਤੇ ਉਸਦੀ ਜਿਉਂਦੇ ਜੀਅ ਚਮੜੀ ਉਤਾਰ ਦਿੱਤੀ ਅਤੇ ਉਸਦਾ ਸਿਰ ਕਿਲ੍ਹੇ ਦੇ ਗੇਟ ਤੇ ਚਿਣ ਕੇ ਰੱਖ ਦਿੱਤਾ ਅਤੇ ਇਹ ਕਿਲ੍ਹਾ ਮੁਸਲਮਾਨ ਰਾਜਿਆਂ ਦੇ ਹੱਥ ਆ ਗਿਆ।

ਉਸਤੋਂ ਬਾਅਦ ਮੁਹੰਮਦ ਬਿਨ ਤੁਗ਼ਲਕ ਜਦ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਸਨੇ ਆਪਣੀ ਰਾਜਧਾਨੀ ਦਿੱਲੀ ਤੋਂ ਬਦਲ ਕੇ ਦੇਵਗਿਰੀ ਵਿਖੇ ਬਣਾਈ ਤੇ 1327ਚ ਇਸ ਸ਼ਹਿਰ ਦਾ ਨਾਂ ਦੌਲਤਾਬਾਦ ਭਾਵ ਦੌਲਤਾਂ ਦਾ ਸ਼ਹਿਰ ਰੱਖ ਦਿੱਤਾ ਪਰ ਕੁਝ ਸਮੇਂ ਬਾਅਦ ਹੀ ਉਹ ਆਪਣੀ ਰਾਜਧਾਨੀ ਮੁੜ ਦਿੱਲੀ ਲੈ ਗਿਆ। ਇਸ ਉਪਰੰਤ ਦੌਲਤਾਬਾਦ ਵਿੱਚ ਵਿਦਰੋਹ ਭੜਕ ਪਿਆ। ਜਿਸਦੇ ਨਤੀਜੇ ਵਜੋਂ ਇਹ ਇਲਾਕਾ ਬ੍ਰਹਮਣੀ ਵੰਸ ਦੇ ਅਧੀਨ ਆ ਗਿਆ। ਜਿਸ ਤੇ ਉਹਨਾਂ ਕਰੀਬ 150 ਸਾਲ ਰਾਜ ਕੀਤਾ। 1499 ਈਸਵੀ ਚ ਇਸ ਇਲਾਕੇ ਨੂੰ ਮੁੜ ਨਿਜਾਮਸ਼ਾਹੀ ਨੇ ਕਾਬੂ ਕਰ ਲਿਆ ਜੋ 1633 ਤੱਕ ਉਹਨਾਂ ਦੇ ਕਬਜੇ ਵਿੱਚ ਹੀ ਰਿਹਾ।

ਇਸ ਉਪਰੰਤ ਜਦ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨ ਨੇ ਦਿੱਲੀ ਤੇ ਆਪਣਾ ਰਾਜ ਸਥਾਪਤ ਕਰ ਲਿਆ ਤਾਂ ਉਸਨੇ ਛੋਟੇ ਛੋਟੇ ਕਈ ਰਾਜ ਮੁਗ਼ਲ ਰਾਜ ਵਿੱਚ ਮਿਲਾ ਲਏ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਨਿਜਾਮਸ਼ਾਹੀ ਦੇ ਇੱਕ ਜਨਰਲ ਫਤਹਿ ਖਾਨ ਨੇ ਸਾਢੇ ਦਸ ਲੱਖ ਰੁਪਏ ਲੈ ਕੇ ਦੌਲਤਾਬਾਦ ਦਾ ਕਿਲ੍ਹਾ ਬਾਦਸ਼ਾਹ ਸ਼ਾਹਜਹਾਂ ਨੂੰ ਸੌਂਪ ਦਿੱਤਾ। ਦੱਖਣ ਦੇ ਉਸ ਸਮੇਂ ਦੇ ਵਾਇਸਰਾਏ ਔਰੰਗਜ਼ੇਬ ਨੇ 1653ਚ ਆਪਣਾ ਸਰਕਾਰੀ ਕੰਮ ਦਾ ਮੁੱਖ ਦਫ਼ਤਰ ਦੌਲਤਾਬਾਦ ਵਿਖੇ ਹੀ ਸਥਾਪਤ ਕਰ ਲਿਆ।

ਔਰੰਗਜ਼ੇਬ ਤੋਂ ਬਾਅਦ ਮੁਗਲ ਸਾਮਰਾਜ  ਬਿਖਰ ਗਿਆ, ਹੈਦਰਾਬਾਦ ਦੇ ਨਿਜ਼ਾਮ ਵੰਸ ਦਾ ਸਾਸ਼ਨ ਕਾਲ 1724 ਚ ਸ਼ੁਰੂ  ਹੋਣ ਤੇ ਇਹ ਕਿਲ੍ਹਾ ਉਹਨਾਂ ਦੇ ਹੱਥ ਲੱਗ ਗਿਆ। ਸਦਾਸ਼ਿਵ ਰਾਵ ਦੀ ਅਗਵਾਈ ਵਿੱਚ ਮਰਾਠਿਆਂ ਨੇ 1760 ਵਿੱਚ ਹੈਦਰਾਬਾਦ ਦੇ ਨਿਜ਼ਾਮ ਨੂੰ ਹਰਾ ਕੇ ਔਰੰਗਾਬਾਦ ਤੇ ਦੌਲਤਾਬਾਦ ਆਪਣੇ ਅਧੀਨ ਕਰ ਲਏ। ਬਾਅਦ ਚ ਸੰਨ 1762 ਵਿੱਚ ਪੇਅਰ ਪਿੰਡ ਦੇ ਸਮਝੌਤੇ ਤਹਿਤ ਇਹ ਇਲਾਕਾ ਨਿਜ਼ਾਮ ਹੈਦਰਾਬਾਦ ਦੇ ਸਪੁਰਦ ਕਰ ਦਿੱਤਾ ਗਿਆ। ਅਜ਼ਾਦੀ ਉਪਰੰਤ ਭਾਰਤ ਗਣਰਾਜ ਬਣਨ ਤੇ ਇਹ ਕਿਲ੍ਹਾ ਮਹਾਂਰਾਸਟਰ ਦੇ ਹਿੱਸੇ ਆ ਗਿਆ।

ਕਿਲ੍ਹੇ ਦੀ ਬਣਤਰ ਦੇਸ਼ ਭਰ ਦੇ ਬਾਕੀ ਕਿਲ੍ਹਿਆਂ ਨਾਲੋਂ ਵੱਖਰੀ ਕਿਸਮ ਦੀ ਹੈ। ਪ੍ਰਵੇਸ਼ ਦੁਆਰ ਤੋਂ ਉੱਚੀਆਂ ਮਜਬੂਤ ਕੰਧਾਂ, ਹਮਲਾਵਰਾਂ ਦੀ ਰਫ਼ਤਾਰ ਹੌਲੀ ਕਰਨ ਲਈ ਮੋੜ ਵਾਲੀਆਂ ਉਗੜੀਆਂ ਦੁਗੜੀਆਂ ਸੜਕਾਂ, ਗਲੀਆਂ, ਚਾਰੇ ਪਾਸੇ ਡੂੰਘੀ ਖਾਈ ਅਤੇ ਕਿਲ੍ਹੇ ਦੇ ਉੱਪਰ ਤੱਕ ਪਹੁੰਚਣ ਲਈ ਪਹਾੜਾਂ ਨੂੰ ਕੱਟ ਕੱਟ ਕੇ ਬਣਾਏ ਹਨੇਰੇ ਵਾਲੇ ਤੰਗ ਸੁਰੰਗਨੁਮਾ ਰਸਤੇ ਵਿਚਦੀ ਜਾਣਾ ਪੈਂਦਾ ਹੈ। ਇਹ ਰਸਤਾ ਦੁਸਮਣਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਸਹਾਈ ਹੁੰਦਾ ਸੀ। ਕਿਲ੍ਹੇ  ਦੀ ਚਾਰਦੀਵਾਰੀ ਦੀ ਲੰਬਾਈ ਕਰੀਬ ਤਿੰਨ ਮੀਲ ਹੈ। ਪ੍ਰਵੇਸ਼ ਦੁਆਰ ਦੇ ਤਖਤਿਆਂ ਤੇ ਹਾਥੀਆਂ ਨੂੰ ਰੋਕਣ ਲਈ ਤਿੱਖੇ ਕਿੱਲ ਲੱਗੇ ਹੋਏ ਸਨ। ਇਸ ਦੁਆਰ ਤੋਂ ਅੱਗੇ ਖੁੱਲ੍ਹਾ ਵਿਹੜਾ ਸੀ। ਜਿਸਦੇ ਦੋਵੇਂ ਪਾਸੀਂ ਪਹਿਰੇਦਾਰਾਂ ਦੀਆਂ ਕੋਠੜੀਆਂ ਸਨ। ਕੰਧਾਂ ਤੇ ਹਿੰਦੂ ਧਰਮ ਨਾਲ ਸਬੰਧਤ ਮੂਰਤੀਆਂ ਵੀ ਬਣੀਆਂ ਹੋਈਆਂ ਸਨ।

ਇਸਤੋਂ ਅੱਗੇ ਕੁੱਪੀਨੁਮਾ ਮੀਨਾਰ ਹੈ। ਜਿਸਨੂੰ ਚੰਦ ਮੀਨਾਰ ਕਹਿੰਦੇ ਹਨ।  210 ਫੁੱਟ ਉੱਚੀ ਇਸ ਮੀਨਾਰ ਦੀ ਉਸਾਰੀ ਮੁਗ਼ਲ ਬਾਦਸ਼ਾਹ ਅਲਾਓਦੀਨ ਨੇ ਕਰਵਾਈ ਸੀ। ਜਿਸਦਾ ਉੱਪਰਲਾ ਕੁਝ ਹਿੱਸਾ ਡਿੱਗ ਚੁੱਕਾ ਹੈ। ਇਸ ਮੀਨਾਰ ਦੇ ਉੱਪਰ ਤੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਸੀਇਸ ਦੇ ਸਾਹਮਣੇ ਹੀ ਹਾਥੀ ਹੌਜ਼ ਹੈ। 115 ਫੁੱਟ ਦੇ ਵਰਗਾਕਾਰ ਇਸ ਹੌਜ਼ ਦੀ ਡੂੰਘਾਈ 25 ਫੁੱਟ ਹੈ।  ਇਸ ਵਿੱਚ ਪਾਣੀ ਪਾਉਣ ਅਤੇ ਨਿਕਾਸੀ ਦਾ ਚੰਗਾ ਪ੍ਰਬੰਧ ਸੀ। ਨਵੇਂ ਤੈਰਾਕਾਂ ਦੀ ਸੁਰੱਖਿਆ ਦੇ ਸਭ ਪ੍ਰਬੰਧ ਕੀਤੇ ਹੋਏ ਸਨ।  ਹੋ ਸਕਦਾ ਹੈ ਇਸ  ਹੌਜ਼ ਨੂੰ ਸੈਨਿਕਾਂ ਤੇ ਗੋਤਾਖੋਰਾਂ ਦੀ ਟਰੇਨਿੰਗ ਲਈ ਵੀ ਵਰਤਦੇ ਹੋਣ।

ਇਸਤੋਂ ਅੱਗੇ ਮਜਬੂਤ ਕਾਲਾ ਕੋਟ ਹੈ।  ਜਿਸ ਦੀਆਂ ਦੀਵਾਰਾਂ ਵਿੱਚ ਗਲੀਆਂ ਰੱਖੀਆਂ ਹੋਈਆਂ ਹਨ। ਜਿਸ ਵਿੱਚੋਂ ਹਮਲਾ ਕਰਨ ਵਾਲੇ ਦੁਸਮਣਾਂ ਨੂੰ ਪਛਾੜਣ ਵਾਸਤੇ ਗੋਲੀਆਂ ਵਰ੍ਹਾਈਆਂ ਜਾਂਦੀਆਂ ਸਨ। ਇਸਦੇ ਉੱਪਰ ਇੱਕ ਮਹਿਲ ਹੈ।  ਇੱਥੇ ਕਿਸੇ ਸਮੇਂ ਔਰੰਗਜ਼ੇਬ  ਨੇ ਸ਼ਾਹੀ ਕੈਦੀਆਂ ਨੂੰ ਵੀ ਰੱਖਿਆ ਸੀ। ਗੋਲਕੁੰਡਾ ਦਾ ਆਖ਼ਰੀ ਬਾਦਸ਼ਾਹ ਅਬੁਲ ਹੁਸੈਨ ਅਤੇ ਬੀਜਾਪੁਰ ਦਾ ਬਾਦਸ਼ਾਹ ਸਿਕੰਦਰ ਵੀ ਇੱਥੇ ਕੈਦ ਰੱਖੇ ਸਨ। ਅਗਲਾ ਨਿਜਾਮਸ਼ਾਹੀ ਮਹਿਲ ਹੈ।  ਜਿਸ ਵਿੱਚ ਲੱਕੜ ਦਾ ਕੰਮ ਕੀਤਾ ਹੋਇਆ ਹੈ ਜਿਸਤੇ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ

ਇਹ ਮਹਿਲ ਲੰਘਦਿਆਂ ਇੱਕ ਬੁਰਜ ਹੈ। ਜਿਸ ਉੱਪਰ ਮੇਧਾ ਤੋਪਰੱਖੀ ਹੋਈ ਹੈ।  ਜਿਸਦਾ ਅਸਲੀ ਨਾਂ ਕਿਲ੍ਹਾ ਸਿਕਨ ਤੋਪ ਭਾਵ ਕਿਲ੍ਹਾ ਤੋੜ ਤੋਪ ਹੈ। ਇਸ ਬਹੁਤ ਭਾਰੀ ਵਜਨ ਦੀ ਤੋਪ ਨੂੰ ਘੁਮਾਉਣ ਦਾ ਵੀ ਯੋਗ ਪ੍ਰਬੰਧ ਸੀ ਤਾਂ ਜੋ ਚਾਰੇ ਪਾਸੇ ਦੁਸ਼ਮਣਾਂ ਤੇ ਗੋਲੇ ਵਰ੍ਹਾਏ ਜਾ ਸਕਣ। ਮਹਿਲ ਦੇ ਚਾਰੇ ਪਾਸੇ 50 ਫੁੱਟ ਡੂੰਘੀ ਖਾਈ ਹੈ।  ਇਸਤੇ ਨੀਵਾਂ ਪੁਲ ਪੱਥਰ ਤੇ ਇੱਟਾਂ ਦਾ ਹੈ ਅਤੇ ਉੱਚਾ ਪੁਲ ਲੋਹੇ ਦਾ। ਦੁਸਮਣਾਂ ਦਾ ਹਮਲਾ ਰੋਕਣ ਲਈ ਖਾਈ ਵਿੱਚ ਪਾਣੀ ਭਰ ਦਿੱਤਾ ਜਾਂਦਾ ਸੀ। ਜਿਸ ਨਾਲ ਨੀਵਾਂ ਪੁਲ ਪਾਣੀ ਵਿੱਚ ਲੁਕ ਜਾਂਦਾ ਸੀ ਅਤੇ ਲੋਹੇ ਦੇ ਪੁਲ ਨੂੰ ਤੋੜ ਦਿੱਤਾ ਜਾਂਦਾ ਸੀ।

ਇਸਤੋਂ ਅੱਗੇ ਸ਼ੁਰੂ ਹੁੰਦੇ ਹਨ ਹਨੇਰੇ ਪਹਾੜੀ ਰਸਤੇ। ਇਹਨਾਂ ਰਸਤਿਆਂ ਦੇ ਸ਼ੁਰੂ ਸ਼ੁਰੂ ਵਿੱਚ ਪੱਥਰਾਂ ਨੁੰ ਕੱਟ ਕੇ ਬਣਾਈਆਂ ਛੋਟੀਆਂ ਛੋਟੀਆਂ ਖਿੜਕੀਆਂ ਜਾਂ ਮੋਰੀਆਂ ਵਿਚਦੀ ਥੋੜਾ ਜਿਹਾ ਚਾਨਣ ਆਉਂਦਾ ਸੀ ਅਤੇ ਅੱਗੇ ਜਾ ਕੇ ਬਿਲਕੁਲ ਹਨੇਰਾ ਹੋ ਜਾਂਦਾ ਸੀ ਅਤੇ ਰਸਤਾ ਲੱਭਣਾ ਵੀ ਮੁਸਕਿਲ ਹੋ ਜਾਂਦਾ ਸੀ। ਰਸਤੇ ਦੇ ਦੋਵੇਂ ਪਾਸੇ ਕੰਧਾਂ ਵਿੱਚ ਗੁਪਤ ਕੋਠੜੀਆਂ ਬਣਾਈਆਂ ਸਨ। ਜਿਹਨਾਂ ਵਿੱਚ ਪਹਿਰੇਦਾਰ ਰਵਾਇਤੀ ਹਥਿਆਰਾਂ ਨਾਲ ਲੈਸ ਖੜੇ ਰਹਿੰਦੇ ਸਨ, ਅਤੇ ਦੁਸਮਣ ਨੂੰ ਇਹਨਾਂ ਤੋਂ ਬਚਣਾ ਕੋਈ ਸੋਖਾ ਕੰਮ ਨਹੀਂ ਸੀ। ਇਸ ਰਸਤੇ ਦੇ ਨਾਲ ਇੱਕ ਜਗਾਹ ਤੇ ਅੰਗੀਠੀ ਦਾ ਪ੍ਰਬੰਧ ਸੀ।  ਜਿਸ ਵਿੱਚ ਬਾਲਣ ਕੋਲਾ ਪਾ ਕੇ ਧੂੰਆਂ ਕੀਤਾ ਜਾਂਦਾ ਸੀ ਅਤੇ ਇਸ ਧੂਏਂ ਨੂੰ ਇੱਕ ਮੋਰੀ ਵਿਚਦੀ ਹਨੇਰੇ ਰਸਤੇ ਵਿੱਚ ਉਦੋਂ ਭੇਜ ਦਿੱਤਾ ਜਾਂਦਾ ਸੀ, ਜਦੋਂ ਹਮਲਾਵਰ ਇਸ ਰਸਤੇ ਵਿੱਚ ਪਹੁੰਚ ਜਾਂਦੇ ਸਨ। ਧੂੰਏ ਨਾਲ ਦੁਸਮਣਾਂ ਦੇ ਸਾਹ ਘੁੱਟੇ ਜਾਂਦੇ ਤੇ ਉਹਨਾਂ ਤੇ ਅਸਾਨੀ ਨਾਲ ਹਮਲਾ ਕਰਕੇ ਮਾਰ ਮੁਕਾ ਦਿੱਤਾ ਜਾਂਦਾ। ਇਸ ਹਨੇਰੇ ਸੁਰੰਗ ਰਸਤੇ ਦੀਆਂ ਕੋਠੜੀਆਂ ਵਿੱਚ ਸ਼ਾਂਤੀ ਦੇ ਸਮੇਂ ਭਾਵ ਜਦੋਂ ਲੜਾਈ ਨਾ ਚੱਲ ਰਹੀ ਹੁੰਦੀ ਤਾਂ ਮੌਤ ਦੀ ਸਜਾ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਕੈਦੀਆਂ ਨੂੰ ਛੱਤ ਚ ਰੱਖੀਆਂ ਮੋਰੀਆਂ ਰਾਹੀਂ ਖਾਣਾ ਦਿੱਤਾ ਜਾਂਦਾ ਸੀ ਅਤੇ ਇਸ ਰਸਤੇ ਦਾ ਮੁੱਖ ਦੁਆਰ ਪੱਥਰ ਨਾਲ ਬੰਦ ਕਰ ਦਿੱਤਾ ਜਾਂਦਾ ਸੀ ਪਰ ਮਲ ਮੂਤਰ ਤੇ ਹੋਰ ਗੰਦ ਮੰਦ ਦੇ ਨਿਕਾਸ ਦਾ ਯੋਗ ਪ੍ਰਬੰਧ ਰੱਖਿਆ ਹੋਇਆ ਸੀ।

ਇਸ ਸਾਰੇ ਰਸਤੇ ਚੋਂ ਅੱਗੇ ਲੰਘ ਕੇ ਉਪਰ ਬਾਰਾਂਦਰੀ ਵਿੱਚ ਸ਼ਾਨਦਾਰ ਮਹਿਲ ਸੀ, ਜਿਸਦੀ ਉਸਾਰੀ ਮੁਗ਼ਲ ਸਮਰਾਟ ਸਾਹ ਜਹਾਨ ਦੇ ਸਮੇਂ ਕਰਵਾਈ ਦੱਸੀ ਜਾਂਦੀ ਹੈ। ਇਸਦੀਆਂ ਪੌੜੀਆਂ ਵਿਹੜਾ ਆਦਿ ਹਵਾਦਾਰ ਹਨ, ਪਾਸੀਂ ਗੈਲਰੀ ਹੈ। ਗੁੰਬਦਕਾਰ ਸੁੰਦਰ ਕਮਰੇ ਹਨ, ਜਿਹਨਾਂ ਦੀ ਉਸਾਰੀ ਤਰਾਸ਼ੇ ਹੋਏ ਪੱਥਰਾਂ ਤੇ ਚੂਨੇ ਨਾਲ ਕੀਤੀ ਹੋਈ ਹੈ। ਇੱਕ ਪਾਸੇ ਸ਼ਿਵਰ ਬੁਰਜ ਹੈ, ਦੂਜੇ ਪਾਸੇ ਗੁਫ਼ਾ ਹੈ ਜੋ ਕਿਸੇ ਸੰਤ ਮਹਾਤਮਾ ਦੀ ਜਗਾਹ ਹੈ। ਬਿਲਕੁਲ ਸਿਖ਼ਰ ਤੇ ਵੀ ਇੱਕ ਤੋਪ ਪਈ ਹੈ ਅਤੇ ਇੱਥੇ ਹੀ ਝੰਡਾ ਲਹਿਰਾਉਣ ਲਈ ਸਥਾਨ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਯੁੱਧ ਕਰਕੇ ਇਸ ਕਿਲ੍ਹੇ ਨੂੰ ਕੋਈ ਵੀ ਬਾਦਸ਼ਾਹ ਹਾਸਲ ਨਹੀਂ ਸੀ ਕਰ ਸਕਿਆ।

ਦੌਲਤਾਬਾਦ ਦਾ ਇਹ ਕਿਲ੍ਹਾ ਆਪਣੇ ਸਮੇਂ ਦੀ ਅਨੋਖੀ ਤੇ ਵਿਲੱਖਣ ਇਮਾਰਤ ਹੈ।  ਜਿਸ ਵਿੱਚ ਬਹੁਤ ਵੱਡਾ ਇਤਿਹਾਸ ਸਮੋਇਆ ਹੋਇਆ ਹੈ, ਪਰ ਹੁਣ ਇਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਇਹ ਖੰਡਰ ਬਣਦਾ ਜਾ ਰਿਹਾ ਹੈ।

ਸੰਪਰਕ –

ਬਲਵਿੰਦਰ ਸਿੰਘ ਭੁੱਲਰ

ਗਲੀ ਨੰ: 12

ਭਾਈ ਮਤੀ ਦਾਸ ਨਗਰ,

ਬਠਿੰਡਾ

ਮੋਬਾਈਲ - 98882-7591

ਇਹ ਵੀ ਪੜ੍ਹੋ -

ਪੂਰਨ ਭਗਤ ਦਾ ਖੂਹ ਤੇ ਕਿੱਸੇ

     

 

 

Post a Comment

0 Comments