ਪੂਰਨ ਭਗਤ ਦਾ ਖੂਹ ਤੇ ਕਿੱਸੇ

ਬਲਵਿੰਦਰ ਸਿੰਘ ਭੁੱਲਰ

 ਨਵੀਂ ਪੀੜ੍ਹੀ ਸਾਹਿਤ ਪੜ੍ਹਣ ਤੋਂ ਦੂਰ ਜਾ ਰਹੀ ਦਿਖਾਈ ਦਿੰਦੀ ਹੈ। ਜਿਸ ਕਾਰਨ ਉਹ ਆਪਣੀ ਵਿਰਾਸਤ ਤੋਂ ਵੀ ਅਣਜਾਣ ਹੋ ਰਹੀ ਹੈ। ਦਹਾਕਿਆਂ ਪਹਿਲਾਂ ਆਮ ਲੋਕਾਂ ਦੇ ਮਨੋਰੰਜਨ ਦਾ ਸਾਧਨ ਕਿੱਸੇ ਪੜ੍ਹਨੇ ਸਨ। ਜਿਹਨਾਂ ਨੂੰ ਮਲਵਈ ਭਾਸ਼ਾ ਵਿੱਚ ਚਿੱਠੇ ਕਿਹਾ ਜਾਂਦਾ ਸੀ। ਇਹਨਾਂ ਚੋਂ ਇਤਿਹਾਸ ਬਾਰੇ ਵੱਡਮੁੱਲੀ ਜਾਣਕਾਰੀ ਮਿਲਦੀ ਸੀ ਅਤੇ ਸਾਫ਼ ਸੁਥਰਾ ਤੇ ਵਧੀਆ ਜੀਵਨ ਬਤੀਤ ਕਰਨ ਲਈ ਚੰਗੀ ਪ੍ਰੇਰਨਾ ਵੀ ਮਿਲਦੀ ਸੀ। ਇਹਨਾਂ ਕਿੱਸਿਆਂ ਵਿੱਚ ਭਗਤਾਂ, ਦੇਸ਼ ਭਗਤਾਂ, ਸੂਰਬੀਰਾਂ, ਸੱਚੇ ਆਸਕਾਂ ਆਦਿ ਦੇ ਜੀਵਨ ਦੀ ਕਹਾਣੀ ਕਾਵਿ ਰੂਪ ਵਿੱਚ ਪੇਸ਼ ਕੀਤੀ ਹੁੰਦੀ ਸੀ।

ਭਗਤ ਪੂਰਨ ਦਾ ਕਿੱਸਾ 
ਭਗਤ ਪੂਰਨ ਬਾਰੇ ਵੀ ਪੰਜਾਹ ਤੋਂ ਉਪਰ ਕਵੀਆਂ,ਕਿੱਸਾਕਾਰਾਂ ਨੇ ਕਿੱਸੇ ਲਿਖੇ ਹਨ। ਜਿਨ੍ਹਾਂ ਵਿੱਚ ਕਾਦਰਯਾਰ ਦਾ ਕਿੱਸਾ ਇਹਨਾਂ ਚੋਂ ਵੱਖਰੀ ਪਹਿਚਾਣ ਰੱਖਦਾ ਹੈ। ਪੂਰਨ ਭਗਤ ਦਾ ਕਿੱਸਾ ਜਿੱਥੇ ਸਦੀਆਂ ਤੋਂ ਗਵੱਈਆਂ, ਢਾਡੀਆਂ, ਕਵੀਸ਼ਰਾਂ ਵੱਲੋਂ ਵੱਡੇ ਇਕੱਠਾ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ, ਉੱਥੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਉਸਨੂੰ ਪੜ੍ਹ ਕੇ ਵਿਚਾਰ ਚਰਚਾ ਹੁੰਦੀ ਰਹੀ ਹੈ।

ਇਤਿਹਾਸ ਅਨੁਸਾਰ ਸਿਆਲਕੋਟ ਜਿਸਦਾ ਪੁਰਾਣਾ ਨਾਂ ਸ਼ਾਲਿਵਾਹਨ ਕੋਟ ਸੀ। ਇੱਥੋਂ ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦੀ ਪਤਨੀ ਇੱਛਰਾਂ ਦੀ ਕੁੱਖੋਂ ਜਨਮੇ ਪੂਰਨ ਮੱਲ ਨੂੰ ਰਿਸ਼ੀਆਂ ਦੇ ਕਹਿਣ ਤੇ ਬਾਲ ਅਵਸਥਾ ਵਿੱਚ ਪਿਤਾ ਦੇ ਮਹਿਲਾਂ ਤੋ ਦੂਰ 12 ਵਰ੍ਹੇ ਤੱਕ ਇੱਕ ਭੋਰੇ ਵਿੱਚ ਰੱਖਿਆ ਗਿਆ। ਰਾਜਾ

ਇੱਕ ਚਿਤਰ ਜਿਸ ਵਿੱਚ ਭਗਤ ਪੂਰਨ ਲੂਣਾ ਤੋਂ ਪੱਲਾ ਛੁਡਵਾ ਕੇ ਬਾਹਰ ਆਉਂਦਾ ਹੋਇਆ 
ਸ਼ਾਲਿਵਾਹਨ ਦੇ ਕਈ ਰਾਣੀਆਂ ਤੋਂ ਪੂਰਨ,ਰਸਾਲੂ, ਬੁਲੰਦ, ਸੁੰਦਰ ਆਦਿ 16 ਪੁੱਤਰ ਸਨ ਪਰੰਤੂ ਪੂਰਨ ਤੇ ਰਸਾਲੂ ਦਾ ਨਾਂ ਹੀ ਕਿੱਸਿਆਂ ਵਿੱਚ ਮਿਲਦਾ ਹੈ।  ਇਤਿਹਾਸ ਅਨੁਸਾਰ ਪੂਰਨ ਦੇ ਭੋਰੇ ਵਿੱਚ ਰਹਿਣ ਦੌਰਾਨ ਰਾਜਾ ਸ਼ਾਲਿਵਾਹਨ ਨੇ ਅਮ੍ਰਿਤਸਰ ਦੇ ਨਜਦੀਕ ਪਿੰਡ ਚਮਿਆਰੀ ਦੀ ਇੱਕ ਛੋਟੀ ਉਮਰ ਦੀ ਖੂਬਸੂਰਤ ਲੜਕੀ ਲੂਣਾ ਨਾਲ ਸ਼ਾਦੀ ਕਰਕੇ ਉਸਨੂੰ ਆਪਣੀ ਰਾਣੀ ਬਣਾ ਲਿਆ ਸੀ। ਉਸਦੀ ਸੁੰਦਰਤਾ ਦਾ ਹੀ ਅਸਰ ਸੀ ਕਿ ਮਹਿਲਾਂ ਵਿੱਚ ਉਸਦਾ ਹੀ ਹੁਕਮ ਚਲਦਾ ਸੀ ਅਤੇ ਰਾਜਾ ਪੂਰੀ ਤਰ੍ਹਾਂ ਉਸਦੇ ਪ੍ਰਭਾਵ ਅਧੀਨ ਸੀ। 12 ਵਰ੍ਹੇ ਤੱਕ ਭੋਰੇ ਵਿੱਚ ਰਹਿਣ ਤੋਂ ਬਾਅਦ ਜਦੋਂ ਬਾਹਰ ਆ ਕੇ ਪੂਰਨ ਪਹਿਲੀ ਵਾਰ ਸਤਿਕਾਰ ਵਜੋਂ ਆਪਣੀ ਮਤਰੇਈ  ਮਾਂ ਦੇ ਮਹਿਲਾਂ ਵਿੱਚ ਲੂਣਾਂ ਨੂੰ ਨਮਸਕਾਰ ਕਰਨ ਗਿਆ ਤਾਂ ਆਪਣੇ ਹਮਉਮਰ ਮਤਰੇਏ  ਪੁੱਤ ਨੂੰ ਵੇਖ ਕੇ ਉਹ ਉਸਦੇ ਰੂਪ ਤੇ ਮੋਹਿਤ ਹੋ ਗਈ। ਮਾਂ ਪੁੱਤਰ ਦੇ ਪਵਿੱਤਰ ਰਿਸ਼ਤੇ ਨੂੰ ਭੁਲਾ ਕੇ ਲੂਣਾ ਨੇ ਪੂਰਨ ਪ੍ਰਤੀ ਆਪਣੀ ਇੱਛਾ ਭਾਵਨਾ ਗਲਤ ਪੇਸ਼ ਕੀਤੀ ਤਾਂ ਪੂਰਨ ਨੇ ਇਸਦਾ ਬਹੁਤ ਬੁਰਾ ਮਨਾਇਆ। ਆਪਣੇ ਰੂਪ ਦੇ ਹੰਕਾਰ ਵਿੱਚ ਲੂਣਾ ਨੇ ਇਸ ਨੂੰ ਆਪਣੇ ਹੁਸਨ ਦੀ ਤੌਹੀਨ ਸਮਝਿਆ ਅਤੇ ਬਹੁਤ ਗੁੱਸੇ ਹੋਈ। ਉਸਨੇ ਗੁੱਸੇ ਵਿੱਚ ਪੂਰਨ ਤੋਂ ਬਦਲਾ ਲੈਣ ਲਈ ਰਾਜਾ ਸ਼ਾਲਿਵਾਹਨ ਅੱਗੇ ਝੂਠੀ ਸਿਕਾਇਤ ਕੀਤੀ ਕਿ ਪੂਰਨ ਨੇ ਉਸ ਪ੍ਰਤੀ ਗਲਤ ਭਾਵਨਾ ਪ੍ਰਗਟ ਕੀਤੀ ਹੈ।

ਉਹ ਖੂਹ ਜਿਸ ਵਿੱਚ ਭਗਤ ਪੂਰਨ ਨੂੰ ਵੱਢ ਕੇ ਸੁੱਟਿਆ ਗਿਆ ਸੀ 
ਰਾਜਾ ਸ਼ਲਿਵਾਹਨ ਨੇ ਪੂਰਨ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਲਾਦਾਂ ਨੇ ਉਸਨੂੰ ਵੱਢ ਕੇ ਖੂਹ ਵਿੱਚ ਸੁੱਟ ਦਿੱਤਾ। ਗੁਰੂ ਗੋਰਖ ਨਾਥ ਨੇ ਪੂਰਨ ਨੂੰ ਖੂਹ ਚੋਂ ਜਿਉਂਦਾ ਕੱਢ ਕੇ ਆਪਣਾ ਚੇਲਾ ਬਣਾਇਆ,ਜਿਸਨੇ ਜਤ ਸਤ ਕਾਇਮ ਰੱਖਦਿਆਂ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਇਆ। ਆਖ਼ਰ ਆਮ ਜਨਤਾ ਨੂੰ ਸੱਚ ਦਾ ਪਤਾ ਲੱਗਾ ਤਾਂ ਉਹਨਾਂ ਪੂਰਨ ਨੂੰ ਭਗਤ ਦੇ ਰੂਪ ਵਿੱਚ ਪ੍ਰਵਾਨ ਕੀਤਾ। ਲੂਣਾਂ ਸਦੀਆਂ ਤੋਂ ਨਫ਼ਰਤ ਦੀ ਪਾਤਰ ਵਜੋਂ ਜਾਣੀ ਜਾਂਦੀ ਹੈ ਤੇ ਪੂਰਨ ਭਗਤ ਵਜੋਂ।

ਉਹ ਖੂਹ ਜਿਸ ਵਿੱਚ ਪੂਰਨ ਭਗਤ ਨੂੰ ਕਤਲ ਕਰਕੇ ਸੁੱਟ ਦਿੱਤਾ ਗਿਆ ਸੀ; ਅਜੇ ਵੀ ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਸਿਆਲਕੋਟ ਦੇ ਨਜਦੀਕ ਪੂਰਨ ਨਗਰ ਵਿੱਚ ਸਥਿਤ ਹੈ। ਜਿਸ ਪ੍ਰਤੀ ਲੋਕਾਂ ਦੀ ਬਹੁਤ ਸ਼ਰਧਾ ਹੈ। ਜਾਤ ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਹਨ। ਬੇਔਲਾਦ ਔਰਤਾਂ ਔਲਾਦ ਦੀ ਇੱਛਾ ਪੂਰੀ ਕਰਨ ਲਈ ਇੱਥੇ ਸੁੱਖਣਾ ਸੁਖਦੀਆਂ ਹਨ।

ਸੰਪਰਕ –

ਬਲਵਿੰਦਰ ਸਿੰਘ ਭੁੱਲਰ

ਭੁੱਲਰ ਹਾਊਸ,

ਗਲੀ ਨੰ: 12

ਭਾਈ ਮਤੀ ਦਾਸ ਨਗਰ,

ਬਠਿੰਡਾ।

ਮੋਬਾਈਲ: 098882 75913

ਇਹ ਵੀ ਪੜ੍ਹੋ -

ਵਾਰਸ ਸ਼ਾਹ ਦੀ ਸ਼ਾਹਕਾਰ ਰਚਨਾ ਹੀਰ ਦੀ ਸ਼ਾਹਕਾਰ ਚਿਤਰ ਪੇਸ਼ਕਾਰੀ

      

 

Post a Comment

0 Comments