ਕਾਹਤੋਂ ਵਧ ਗਈਏ ਭੁੱਖ ਸਾਈਂਆਂ, ਹੱਟੀਆਂ 'ਤੇ ਪੀੜ ਵਿਕਦੀ ਉੱਗੇ ਖੇਤਾਂ ਵਿੱਚੋਂ ਦੁੱਖ ਸਾਈਂਆਂ

My hunger vexes with no signs to wane,

So the shops sell sorrow and fields grow pain.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਬਹੁਤੇ ਭੁੱਖ ਦੇ ਮਾਰੇ ਨੇ,

ਦੁੱਖ ਰੱਜੇ ਬੰਦਿਆਂ ਦੇ

ਸਾਰੀ ਭੁੱਖ ਤੋਂ ਵੀ ਭਾਰੇ ਨੇ.

 

ਕੋਈ ਗਲ਼ੀਆਂ 'ਚ ਫਿਰੇ ਗਾਂਦਾ,

ਰੋਟੀ ਵਿੱਚੋਂ ਹੋ ਕੇ ਲੰਘਦਾ

ਜਿਹੜਾ ਰੱਬ ਤੱਕ ਰਾਹ ਜਾਂਦਾ.

 

ਤੈਨੂੰ ਦਿਸਦਾ ਰਾਹ ਕੋਈ ਨਾ,

ਚੰਨ 'ਤੇ ਪੈੜ ਤੇਰੀ

ਚੱਲੇ ਅਪਣੇ 'ਤੇ ਵਾਹ ਕੋਈ ਨਾ.

 

ਐਵੇਂ ਗੱਲਾਂ ਨਾ ਸੁਣਾ ਜੋਗੀਆ,

ਭੋਲੀਆਂ ਸੰਗਤਾਂ ਨੂੰ

ਬੇ-ਪਰਦਾ ਵਿਖਾ ਜੋਗੀਆ.

 

ਕਾਹਤੋਂ ਵਧ ਗਈਏ ਭੁੱਖ ਸਾਈਂਆਂ,

ਹੱਟੀਆਂ 'ਤੇ ਪੀੜ ਵਿਕਦੀ

ਉੱਗੇ ਖੇਤਾਂ ਵਿੱਚੋਂ ਦੁੱਖ ਸਾਈਂਆਂ.

ਨਜ਼ਮਾਂ

ਇਹ ਰੁੱਤ, ਇਹ ਮੌਸਮ ਤੇ ਇਹ ਪਲ

ਬੱਸ ਇਹ ਰੁੱਤ

ਇਹ ਸੋਹਣਾ ਮੌਸਮ

ਤੇ ਇਹ ਲੰਘ ਰਹੇ ਜੋ ਪਲ ਨੇ

ਇਹ ਸਭ ਕੁਝ ਨੇ,

ਫੇਰ ਭਲਾ ਕਿੱਥੇ ਤੂੰ

ਤੇ ਮੈਂ ਕਿੱਥੇ, ਮਿੱਤਰਾ!

 

ਨੂਰ-ਭਰੇ ਇਹ ਦਿਨ

ਤੇ ਇਹ ਚੰਨ-ਸਜੀਆਂ ਰਾਤਾਂ,

ਕੇਸਰ-ਰੰਗ ਸਵੇਰੇ

ਤੇ ਸੰਧੂਰੀ ਸ਼ਾਮਾਂ,

ਅੰਬਰ-ਚੁੰਮਦੇ ਪਰਬਤ

ਤੇ ਲਹਿਰਾਓਂਦੇ ਸਾਗਰ,

ਸੋਨੇ-ਰੰਗੀਆਂ ਫ਼ਸਲਾਂ

ਤੇ ਦੁੱਧ-ਚਿੱਟੀਆਂ ਬਰਫ਼ਾਂ,

ਸੱਤ-ਰੰਗਾਂ ਦੀ ਪੀਂਘ

ਤੇ ਨਦੀਆਂ ਚਾਂਦੀ-ਜੜੀਆਂ,

ਮਸਤ ਗਓਂਦੀਆਂ ਕੋਇਲਾਂ

ਤੇ ਮਹਿਕਾਂ ਦੀਆਂ ਝੜੀਆਂ,

ਤੇਰੇ ਸੁੰਦਰ ਨਾਚ

ਤੇ ਦਿਲਕਸ਼ ਨਗ਼ਮੇਂ ਮੇਰੇ,

ਓਨਾਂ ਚਿਰ ਨੇ

ਜਿੰਨਾਂ ਚਿਰ ਸਾਹਾਂ ਵਿੱਚ ਸਾਹ ਨੇ.

 

ਜੀਵਨ-ਜਸ਼ਨ ਮਨਾਓਂਦੇ ਹੋਏ ਐਨਾਂ ਕਰੀਏ:

ਇਸ ਰੁੱਤ, ਇਸ ਮੌਸਮ 

ਤੇ ਅਪਣੇ ਹਿੱਸੇ ਦੇ ਅਨਮੋਲ ਪਲਾਂ ਲਈ

ਜਦ ਵੀ ਕੋਈ ਅੰਨ੍ਹੀਂ ਜਿਹੀ ਹਨੇਰੀ

ਕੋਈ ਪਾਗ਼ਲ ਬੱਦਲ

ਧਮਕੀ-ਧਮਕੀ ਬਣ ਕੇ ਆਵੇ

ਰਲ਼ ਕੇ ਇਸ ਧਮਕੀ ਨੂੰ ਜੱਗ 'ਚੋਂ ਮਨਫ਼ੀ ਕਰੀਏ,

ਇੰਝ ਜੀਵੀਏ ਜਿੱਦਾਂ ਰੱਬ ਦੀ ਜੰਝ ਆਏ ਹਾਂ

ਸੂਰਜ, ਚੰਨ ਦੀਆਂ ਠਾਹਰਾਂ ਲੱਭਦੇ-ਲੱਭਦੇ ਮਰੀਏ.

ਸਦੀਆਂ ਲੰਮੀਂ ਗੱਲ ਪੁਰਾਣੀ

ਸਦੀਆਂ ਲੰਮੀਂ

ਗੱਲ ਪੁਰਾਣੀ

ਲੱਗਦਾ ਹੈ

ਹਰ ਦਿਨ ਜੰਮਦੀ ਹੈ:

 

ਕੱਲ੍ਹ ਜੰਮੀਂ ਸੀ

ਅੱਜ ਜੰਮੀਂ ਹੈ

ਕੱਲ੍ਹ ਜੰਮੇਂਗੀ.

 

ਏਸ ਪੁਰਾਣੀ

ਸਦੀਆਂ ਲੰਮੀਂ

ਨਿੱਤ-ਨਿੱਤ ਜੰਮਦੀ

ਗੱਲ ਦੇ ਪਿੱਛੇ

ਅਸਲੀ ਗੱਲ ਹੈ:

 

ਅਸਲੀ ਗੱਲ ਲੱਭਣ ਦਾ

ਜਿਸ ਬੰਦੇ ਨੂੰ ਵੱਲ ਹੈ

ਕੱਲ੍ਹ ਉਸਦਾ ਸੀ

ਅੱਜ ਉਸਦਾ ਹੈ

ਉਸਦਾ ਕੱਲ੍ਹ ਹੈ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

 ਪੱਕੇ ਰੰਗ ਨਹੀਂ ਖ਼ਾਬਾਂ ਦੇ, ਮਿੱਟੀ ਜਦੋਂ ਸੱਚ ਬੋਲਦੀ ਸਿਰ ਝੁਕਦੇ ਕਿਤਾਬਾਂ ਦੇ

 

 

 

Post a Comment

0 Comments