ਪੱਕੇ ਰੰਗ ਨਹੀਂ ਖ਼ਾਬਾਂ ਦੇ, ਮਿੱਟੀ ਜਦੋਂ ਸੱਚ ਬੋਲਦੀ ਸਿਰ ਝੁਕਦੇ ਕਿਤਾਬਾਂ ਦੇ

Real truth always grows in the soil,

Most of the books, the mind, roil.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਪੱਕੇ ਰੰਗ ਨਹੀਂ ਖ਼ਾਬਾਂ ਦੇ,

ਮਿੱਟੀ ਜਦੋਂ ਸੱਚ ਬੋਲਦੀ

ਸਿਰ ਝੁਕਦੇ ਕਿਤਾਬਾਂ ਦੇ.

 

ਜ਼ਰਾ ਹੱਸ ਕੇ ਵਿਖਾ ਕੁੜੀਏ,

ਸੌਂ ਚੁੱਕੇ ਖ਼ਾਂਬਾਂ 'ਚੋਂ

ਕੋਈ ਆਸ ਜਗਾ ਕੁੜੀਏ.

 

ਤੇਰਾ ਰੱਬ ਜਿਹਾ ਨਾਂ ਮਿੱਤਰਾ,

ਜਦ ਤੱਕ ਸਾਹ ਚੱਲਣੇ

ਤੇਰੀ ਦਿਲ ਵਿੱਚ ਥਾਂ ਮਿੱਤਰਾ.

 

ਜੱਗ ਬੇਵੱਸ ਸਾਰਾ ਏ,

ਮੈਂ ਨਹੀਂ ਮੇਰਾ ਸਾਥ ਛੱਡਣਾ

ਮੈਂਨੂੰ ਮੇਰਾ ਹੀ ਸਹਾਰਾ ਏ.

 

ਚੰਗੇ ਦਿਨ ਹੀ ਵਿਖਾ ਸਾਈਂਆਂ,

ਰੱਬ ਨੂੰ ਮੈਂ ਆਪ ਲੱਭ ਲਊਂ

ਕਿਸੇ ਕੰਮ 'ਤੇ ਲਵਾ ਸਾਈਂਆਂ.

ਤੇਰੀ ਯਾਦ, ਮੇਰੀ ਨੀਂਦ

ਇਹ ਤੇਰੀ ਯਾਦ

ਮੇਰੀ ਨੀਂਦ ਦੀ ਸੌਕਣ ਹੈ ਇਹ

ਜਾਂ ਫਿਰ ਦੋਹਾਂ '   

ਕੋਈ ਅਣਬਣ ਹੈ,

ਇੱਕ ਆਉਂਦੀ ਹੈ ਜਦੋਂ

ਦੂਜੀ ਚਲੀ ਜਾਂਦੀ ਹੈ;

ਰਾਤ

ਜਦ ਮਹਿਕਦਿਆਂ ਬੁੱਲਿਆਂ ਸੰਗ

ਯਾਦ ਆਈ ਤੇਰੀ ਮੇਰੇ ਵਿਹੜੇ ਵਿੱਚ

ਤਾਂ ਮੇਰੀ ਨੀਂਦ

ਚੁੱਕ ਕੇ ਸੁਪਨਿਆਂ ਦਾ

ਰੇਸ਼ਮੀਂ, ਕੱਢਿਆ ਝੋਲ਼ਾ

ਰੁੱਸ ਕੇ ਤੁਰ ਗਈ ਪਰੀਆਂ ਨੂੰ ਮਿਲਣ;

ਚੰਨ

ਨਵੀਂ ਚਾਨਣੀ ਦੀ ਚਾਦਰ ਲੈ

ਊਂਘਦਾ ਬੈਠਾ ਰਿਹਾ

ਤਾਰਿਆਂ ਦੀ ਰਾਖੀ ਲਈ,

ਰਾਤ ਕਿਰਦੀ ਰਹੀ ਤਾਰਾ-ਤਾਰਾ,

ਕਈ ਖ਼ਿਆਲ ਹੌਕਿਆਂ ਵਰਗੇ

ਬੱਸ ਸੁੱਕਦੇ ਰਹੇ

ਅੱਖਾਂ ਦੀ ਨਮੀਂ ਬਣ, ਬਣ ਕੇ

ਤੇ ਤੇਰੀ ਯਾਦ

ਸੰਖ ਬੋਲਣ ਤੱਕ,

ਦਿਲ ਦੀ ਢੋਲਕ 'ਤੇ

ਮਿੱਠਾ-ਮਿੱਠਾ ਉਦਾਸ ਗਾਉਂਦੀ ਰਹੀ

ਮਿੱਠਾ-ਮਿੱਠਾ ਉਦਾਸ ਗਾਉਂਦੀ ਰਹੀ ...!

ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ

ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ.  

ਮੈਂ ਕਹਾਂ ਤੈਨੂੰ ਗ਼ਲਤ

ਤੂੰ ਕਹੇਂ ਮੈਂਨੂੰ ਗ਼ਲਤ

ਕੋਈ ਨਹੀਂ ਐਨਾ ਗ਼ਲਤ

ਦੋਵੇਂ ਹਾਂ ਥੋੜ੍ਹਾ ਗ਼ਲਤ.

ਮੈਂਨੂੰ ਸੋਚਣ ਦੇ

ਮੈਂ ਹਾਂ ਕਿੰਝ ਗ਼ਲਤ

ਤੂੰ ਵੀ ਇਹ ਵੇਖ

ਤੂੰ ਹੈਂ ਕਿੱਥੇ ਗ਼ਲਤ.

ਇਸ ਤੋਂ ਪਹਿਲਾਂ ਕਿ ਅਪਣੇ ਸਾਂਝੇ ਗੀਤ

ਬੇ-ਸੁਰੇ ਹੁੰਦੇ ਰਹਿਣ ਰੋ, ਰੋ ਕੇ,

ਇਸ ਤੋਂ ਪਹਿਲਾਂ ਕਿ ਟਾਵੀਂ-ਟਾਵੀਂ ਖੁਸ਼ੀ

ਐਵੇਂ  ਮੁੜ ਜਾਵੇ

ਆਪਣੇ ਬੂਹੇ 'ਤੇ ਦਸਤਕ ਦੇ ਕੇ,

ਇਸ ਤੋਂ ਪਹਿਲਾਂ ਕਿ ਤਿੜਕ ਜਾਣ

ਆਪਣੇ ਸੁਪਨਿਆਂ ਦੇ ਸ਼ੀਸ਼ ਮਹਿਲ,

ਇਸ ਤੋਂ ਪਹਿਲਾਂ ਕਿ ਰੁੱਸ ਜਾਵੇ ਬਹਾਰ,

ਇਸ ਤੋਂ ਪਹਿਲਾਂ ਕਿ ਮੁੱਕ ਜਾਵੇ ਚਾਨਣੀ ਦਾ ਸਫ਼ਰ,

ਇਸ ਤੋਂ ਪਹਿਲਾਂ ਕਿ ਬਣੀਏਂ ਕਾਲ਼ੀ ਖ਼ਬਰ,

ਆ ਕਿ ਹੁਣ ਫ਼ੇਰ ਤੋਂ ਸ਼ੁਰੂ ਕਰੀਏ,

ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਸੁੱਖ ਰੂਹ ਰੁਸ਼ਨਾਓਂਦੇ ਨੇ, ਦੁੱਖਾਂ ਨੂੰ ਵੀ ਮਿਲੀਂ ਹੱਸ ਕੇ ਓਹ ਵੀ ਰੱਬ ਨੂੰ ਮਿਲਾਓਂਦੇ ਨੇ.

 

 

 

 

 

Post a Comment

0 Comments