ਕਾਹਤੋਂ ਹੰਝੂ ਇਹ ਵਹਾਏ ਨੇ, ਬਹੁਤੇ ਤੇਰੇ ਦੁੱਖ ਮਿੱਤਰਾ ਤੂੰ ਆਪੇ ਹੀ ਬਣਾਏ ਨੇ

The sorrows for which your tears flow,

Most of them you yourself grow.


ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਨਾ ਤੂੰ ਪੁੱਠਾ-ਸਿੱਧਾ ਗਾ ਜੋਗੀਆ,

ਰਾਹਾਂ ਵਿੱਚ ਰਾਹ ਉਲਝੇ

ਰਾਹ ਆਪਣਾ ਬਣਾ ਜੋਗੀਆ.

 

ਰਾਹ ਆਪਣਾ ਬਣਾ ਜੋਗੀਆ,

ਰੁਕ ਚੱਲੇ ਪੈਰਾਂ ਨੂੰ

ਦੇ, ਦੇ ਤੁਰਨੇ ਦਾ ਚਾਅ ਜੋਗੀਆ.

 

ਅਜੇ ਚੰਨ 'ਤੇ ਦਾਗ਼ ਪਿਆ,

ਧਰਤੀ ਦੀ ਨੀਂਦ ਖੁੱਲ੍ਹ ਜਾਊ

ਤੂੰ ਜਿਸ ਦਿਨ ਜਾਗ ਪਿਆ.

 

ਕਾਹਤੋਂ ਹੰਝੂ ਇਹ ਵਹਾਏ ਨੇ,

ਬਹੁਤੇ ਤੇਰੇ ਦੁੱਖ ਮਿੱਤਰਾ

ਤੂੰ ਆਪੇ ਹੀ ਬਣਾਏ ਨੇ.

 

ਅਸੀਂ ਜਿੱਤ ਹੀ ਜਾਣਾ ਏਂ,

ਚਿਹਰੇ ਉੱਤੋਂ ਹਰ ਚੰਨ ਦੇ

ਹਰ ਦਾਗ਼ ਮਿਟਾਣਾ ਏਂ.

ਨਜ਼ਮਾਂ

ਕਿੰਨੇ ਚੰਗੇ ਦਿਨ ਹੁੰਦੇ ਸਨ!

ਕਿੰਨੇ ਚੰਗੇ ਦਿਨ ਹੁੰਦੇ ਸਨ:

ਜਦੋਂ ਕਿਤੇ ਕੋਈ ਚੀਜ਼ ਨਾ ਮਿਲਣੀ

ਜਾਂ ਕਿਧਰੇ ਧੋਖਾ ਹੋ ਜਾਣਾ

ਜਾਂ ਫ਼ਿਰ ਮੇਰੇ ਬੇਲੀ ਬੱਚਿਆਂ

ਮੈਂਨੂੰ ਅਪਣੀਆਂ ਖੇਡਾਂ ਵਿੱਚ ਸ਼ਾਮਲ ਨਾ ਕਰਨਾ

ਜਾਂ ਫ਼ਿਰ ਗਲ਼ੀਆਂ, ਮੈਦਾਨਾਂ ਵਿੱਚ

ਭੱਜਦੇ, ਟੱਪਦੇ

ਗੋਡਿਆਂ ਉੱਤੇ

ਨੱਕ-ਬੁੱਲ੍ਹ ਉੱਤੇ ਸੱਟ ਲੱਗ ਜਾਣੀ

ਜਾਂ ਫ਼ਿਰ ਇਹਨਾਂ ਵਰਗੀ ਕੋਈ ਹੋਰ ਪੀੜ

ਜਦ ਹਿੱਸੇ ਆਓਣੀ,

ਹਰ ਇੱਕ ਪੀੜ ਦਾ ਹੱਲ ਹੁੰਦਾ ਸੀ:

ਮਾਂ ਹੁੰਦੀ ਸੀ;

 

ਕਿੰਨੇ ਚੰਗੇ ਦਿਨ ਹੁੰਦੇ ਸਨ:

ਜਦੋਂ ਕਦੇ ਕੋਈ ਡਰ ਹੋ ਜਾਣਾ:

ਪਲ, ਪਲ ਨੇੜੇ ਆਓਂਦੀ ਹੋਈ ਪ੍ਰੀਖਿਆ ਦਾ ਡਰ

ਨਿੱਕੀਆਂ, ਵੱਡੀਆਂ ਭੁੱਲਾਂ ਕਾਰਨ ਲੱਗਣ ਵਾਲੇ ਪਾਪਾਂ ਦਾ ਡਰ

ਨੀਂਦਾਂ ਦੇ ਵਿੱਚ ਖੌਰੂ ਪਾਓਂਦੇ ਕਿਸੇ ਭਿਅੰਕਰ ਸੁਪਨੇ ਦਾ ਡਰ

ਚੌਰਾਹੇ ਵਿੱਚ ਕੀਤੇ ਹੋਏ ਟੂਣੇ ਦਾ ਡਰ

ਮੜ੍ਹੀਆਂ ਵੱਲ ਨੂੰ ਜਾਂਦੇ ਹੋਏ ਰਸਤੇ ਦਾ ਡਰ

ਐਸ ਤਰ੍ਹਾਂ ਦਾ

ਜਦੋਂ ਕਦੇ ਕੋਈ ਡਰ ਹੋ ਜਾਣਾ,

ਹਰ ਡਰ ਦਾ ਵੀ ਹੱਲ ਹੁੰਦਾ ਸੀ:

ਰੱਬ ਹੁੰਦਾ ਸੀ;

 

ਕਿੰਨੇ ਚੰਗੇ ਦਿਨ ਹੁੰਦੇ ਸਨ

ਓਹੀਓ ਚੰਗੇ ਦਿਨ ਹੁੰਦੇ ਸਨ:

ਮਾਂ ਹੁੰਦੀ ਸੀ

ਰੱਬ ਹੁੰਦਾ ਸੀ,

ਅੱਜ ਕੱਲ੍ਹ ਗੱਲ ਕੁਝ ਹੋਰ ਤਰ੍ਹਾਂ ਹੈ.

ਕ੍ਰਿਸ਼ਮਾਂ

ਬੱਸ ਇੱਕ 'ਸੁੰਨ' ਹੈ

ਖ਼ਲਾਅ ਹੈ ਬੱਸ

ਗੂੰਜਦੀ ਚੁੱਪ ਜਿਹੀ ਖ਼ਲਾਅ ਅੰਦਰ

ਠੰਡ ਏਨੀ ਹੈ

ਕਿ ਖ਼ੁਦ ਬਰਫ਼ ਦੀ ਜੰਮ ਜਾਏ ਬਰਫ਼

ਅੱਗ ਏਨੀ ਹੈ

ਕਿ ਖ਼ੁਦ ਅੱਗ ਨੂੰ ਅੱਗ ਲੱਗ ਜਾਵੇ;

 

ਠੰਡ ਤੇ ਅੱਗ ਦੇ

ਫੈਲ਼ੇ ਹੋਏ ਵਿਸਥਾਰਾਂ ਵਿੱਚ

ਅਪਣੀ ਇਹ

ਸੋਹਣੀ ਜਿਹੀ ਧਰਤੀ ਹੈ:

 

ਰੰਗ ਹੈ

ਰਸ ਹੈ

ਖੁਸ਼ਬੂ ਹੈ

ਤੇ ਸੰਗੀਤ ਵੀ ਹੈ;

 

ਤੂੰ ਹੈਂ, ਮੈਂ ਹਾਂ

ਇੱਕ ਚੁੰਮਣ ਹੈ

ਤੇ ਤੇਰੇ ਪਿਆਰ 'ਚ ਲਿੱਖੀ ਹੋਈ

ਇੱਕ ਕਵਿਤਾ ਹੈ;

 

ਦੱਸ ਭਲਾਂ

ਇਸ ਤੋਂ ਬਿਨਾਂ

ਹੋਰ ਕ੍ਰਿਸ਼ਮਾਂ ਕੀ ਹੈ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪੜ੍ਹੋ -

ਕਾਹਤੋਂ ਵਧ ਗਈਏ ਭੁੱਖ ਸਾਈਂਆਂ, ਹੱਟੀਆਂ 'ਤੇ ਪੀੜ ਵਿਕਦੀ ਉੱਗੇ ਖੇਤਾਂ ਵਿੱਚੋਂ ਦੁੱਖ ਸਾਈਂਆਂ

 

 

 

 

Post a Comment

0 Comments