ਸੁੱਖ ਰੂਹ ਰੁਸ਼ਨਾਓਂਦੇ ਨੇ, ਦੁੱਖਾਂ ਨੂੰ ਵੀ ਮਿਲੀਂ ਹੱਸ ਕੇ ਓਹ ਵੀ ਰੱਬ ਨੂੰ ਮਿਲਾਓਂਦੇ ਨੇ.

Joys, no doubt, are a big deal,

Sorrows too the Truth reveal.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਸੁੱਖ ਰੂਹ ਰੁਸ਼ਨਾਓਂਦੇ ਨੇ,

ਦੁੱਖਾਂ ਨੂੰ ਵੀ ਮਿਲੀਂ ਹੱਸ ਕੇ

ਓਹ ਵੀ ਰੱਬ ਨੂੰ ਮਿਲਾਓਂਦੇ ਨੇ.

 

ਰੰਗ ਬਦਲੇ ਨੇ ਯਾਰਾਂ ਦੇ,

ਘਰਾਂ ਵਿੱਚ ਆ ਉੱਤਰੇ

ਸਾਰੇ ਨਖ਼ਰੇ ਬਜ਼ਾਰਾਂ ਦੇ.

 

ਚੰਨ ਰਾਤਾਂ ਵਿੱਚ ਲੋਅ ਦੇਵੇ,

ਥੋੜ੍ਹਾ-ਥੋੜ੍ਹਾ ਰਹਿ ਹੱਸਦਾ

ਕਿਤੇ ਦੁੱਖ ਨਾ ਡੁਬੋ ਦੇਵੇ.

 

ਕੀ ਸੱਚ ਤੂੰ ਪਛਾਣੇਗਾ,

ਜੇ ਤੂੰ ਮੇਰੀ ਚੁੱਪ ਨਾ ਸੁਣੀ

ਮੇਰੇ ਬੋਲਾਂ ਨੂੰ ਕੀ ਜਾਣੇਗਾ?

 

ਰੰਗ ਉੱਡ ਗਏ ਗੁਲਾਬਾਂ ਦੇ,

ਦੁੱਖ ਦੀ ਕੂਕ ਸੁਣੀ

ਦਿਲ ਕੰਬ ਗਏ ਕਿਤਾਬਾਂ ਦੇ.

ਨਜ਼ਮਾਂ

ਉਹ

ਉਹ ਕਾਫ਼ੀ ਦਰਦ ਲਿਖ ਦਿੰਦਾ ਹੈ ਅਪਣਾ

ਨਾਂ ਹਵਾਵਾਂ ਦੇ,

ਤੇ ਕਾਫ਼ੀ ਬੇਵਸੀ

ਵਗਦੀ ਨਦੀ ਵਿੱਚ ਰੋੜ੍ਹ ਆਓਂਦਾ ਹੈ,

ਉਹ ਅਕਸਰ ਲੱਭ ਲੈਂਦਾ ਹੈ

ਕਈ ਹਮਦਰਦ ਤਾਰੇ

ਲੰਮੀਆਂ, ਖ਼ਾਮੋਸ਼ ਰਾਤਾਂ ਵਿੱਚ

ਜੋ ਕਾਫ਼ੀ ਪੀੜ ਲੈ ਜਾਂਦੇ ਨੇ ਹੱਸ, ਹੱਸ ਕੇ,

ਤੇ ਫ਼ਿਰ ਇਹ ਸੋਚ ਕੇ

ਕਿ ਮਰਦ ਹਾਂ

ਕੁਝ ਮੈਂ ਵੀ ਸਹਿ ਸਕਦਾਂ

ਉਹ ਹਮੇਸ਼ਾ ਮੁਸਕਰਾਓਂਦਾ ਹੈ ਉਨ੍ਹਾਂ ਲਈ

ਜੋ ਵਿਚਾਰੇ

ਬੇਵਸੀ ਤੋਂ

ਦਰਦ ਤੋਂ

ਤੇ ਪੀੜ ਤੋਂ ਰਾਹਤ ਲਈ

ਬੇਚੈਨ ਰਹਿੰਦੇ ਨੇ....!

ਅਧੁਨਿਕ ਕਵਿਤਾ

ਇਸ ਕਵਿਤਾ ਵਿੱਚ

ਰੰਗ ਨਹੀਂ ਹੈ

ਮਹਿਕ ਨਹੀਂ ਹੈ

ਨਿਰਤ ਨਹੀਂ

ਸੰਗੀਤ ਨਹੀਂ ਹੈ.

ਇਹ ਕਵਿਤਾ ਇੱਕ ਫਟਿਆ ਕੈਨਵਸ

ਇਹ ਕਵਿਤਾ ਪੱਤਝੜ ਦੀ ਟਹਿਣੀ

ਇਹ ਕਵਿਤਾ ਬੇ-ਘੁੰਗਰੂ ਝਾਂਜਰ

ਇਹ ਕਵਿਤਾ ਇੱਕ ਬਾਂਝ ਬੰਸਰੀ.

ਇਸ ਕਵਿਤਾ ਵਿੱਚ

ਸ਼ਬਦ ਵਿਚਾਰੇ

ਥੱਕੇ-ਹਾਰੇ

ਢੋਂਦੇ ਫਿਰਦੇ

ਬੇਵਸ ਜਜ਼ਬੇ ਲਕਵੇ-ਮਾਰੇ,

ਇਸ ਕਵਿਤਾ ਵਿੱਚ

ਹੋਸ਼ ਨਹੀਂ ਹੈ

ਜੋਸ਼ ਨਹੀਂ ਹੈ

ਇਸ ਕਵਿਤਾ ਵਿੱਚ ਬਿਗੜੀ ਆਸ

ਤੇ ਸੁਪਨੇ ਖਾਰੇ.

ਇਹ ਕਵਿਤਾ

ਸੰਚਾਰ-ਵਿਹੂਣੀ

ਬੇ-ਮਤਲਬ ਜਿਹੀ ਬੇ-ਤਰਤੀਬੀ,

ਇਹ ਕਵਿਤਾ

ਅਰਥਾਂ ਤੋਂ ਸੱਖਣਾ

ਇੱਕ ਨਿਪੁੰਸਕ ਰੁਦਨ ਜਿਹਾ ਹੈ.

ਇਹ ਕਵਿਤਾ

ਨੋਟਾਂ ਦੀ ਸੁੰਨੀ ਸੇਜ 'ਤੇ ਨੰਗੀ

ਦਾਰੂ-ਭਿੱਜੀ ਚੀਖ਼ ਜਿਹੀ ਹੈ,

ਇਹ ਕਵਿਤਾ

ਦਾਨਸ਼ਵਰ ਸੁਰ ਵਿੱਚ

ਸਜ, ਸਜ ਬਹਿੰਦਾ ਪਾਗ਼ਲਪਨ ਹੈ.

ਇਹ ਕਵਿਤਾ

ਇੱਕ ਕਾਲ਼ੀ ਮੋਰੀ

ਹੌਲ਼ੀ-ਹੌਲ਼ੀ ਨਿਗਲ ਰਹੀ ਹੈ

ਕਵਿਤਾ ਦੇ ਅੰਬਰ  ਦੇ ਤਾਰੇ.....

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

Post a Comment

0 Comments