ਬਸੰਤ-ਬਹਾਰ ਦੇ ਗੀਤ ਕਵਿਤਾਵਾਂ

ਲਖਵਿੰਦਰ ਸਿੰਘ ਬਾਜਵਾ ਦੀਆਂ ਕੁੱਝ ਕਾਵਿ ਰਚਨਾਵਾਂ

ਬਸੰਤ

ਆਣ ਬੂਹੇ ਤੇ ਖੜੀ ਬਸੰਤ ਰਾਣੀ,

ਜਾਪੇ ਕਰ ਕੇ ਸੋਲਾਂ ਸ਼ਿੰਗਾਰ ਆਈ।

ਢੋਆ ਲੈ ਕੇ ਸੀਤਲ ਸੁਗੰਧੀਆਂ ਦਾ,

ਭਿੰਨੀ ਪੌਣ ਤੇ ਹੋ ਅਸਵਾਰ ਆਈ।

ਜਿੱਥੋਂ ਲੰਘਦੀ ਫਿਜ਼ਾ ਨਿਖਾਰ ਦੇਂਦੀ,

ਫੁੱਲ ਧਰਤ ਤੇ ਸੋਹਣੇ ਖਿਲਾਰ ਆਈ।

ਆਓ ਆਖੀਏ ਅਸੀਂ ਵੀ ਜੀ ਆਇਆਂ,

ਵਿਹੜੇ ਬਾਜਵਾ ਚਲ ਬਹਾਰ ਆਈ।

ਬਸੰਤ ਆਗਮਨ

ਆਇਆ ਫੁਲਵਾੜੀ ਚ ਬਸੰਤ ਦਾ ਸੁਨੇਹਾਂ ਲੈ ਕੇ,

ਕੇਸਰੀ ਬਖੇਰੇ ਰੰਗ ਫੁੱਲ ਇਹ ਹਜ਼ਾਰੇ ਦਾ।

ਖੁਸ਼ਬੂ ਖਿਲਾਰੇ ਮਹਿਕਾਵੇ ਇਹ ਫਿਜ਼ਾਵਾਂ ਪਿਆ,

ਆਖਦਾ ਦੀਦਾਰ ਕਰੋ ਕੁਦਰਤੀ ਨਜ਼ਾਰੇ ਦਾ।

ਉੱਠਿਆ ਸਵੇਰੇ ਮੂੰਹ ਧੋ ਕੇ ਤਰੇਲ ਨਾਲ,

 ਨਿਖਰਿਆ ਰੂਪ ਜਿਵੇਂ ਗੱਭਰੂ ਕਵਾਰੇ ਦਾ।

ਆਖਦਾ ਏ ਬਾਜਵਾ ਬਸੰਤ ਰਾਣੀ ਆਉਣ ਲੱਗੀ,

ਆਓ ਲੋਕੋ ਲਾਹਾ ਲੈ ਲਓ ਰੱਬੀ ਝਲਕਾਰੇ ਦਾ।

ਬਸੰਤ ਦੇ ਆਗਮਨ ਤੇ

ਦਾਊਦੀਆਂ ਹਜ਼ਾਰਿਆਂ ਦਾ ਰੰਗ ਫਿੱਕਾ ਪੈਣ ਲੱਗਾ, ਸੂਹੀਆਂ ਸੂਹੀਆਂ ਡੋਡੀਆਂ ਗੁਲਾਬ ਨੇ ਉਭਾਰੀਆਂ

ਸਰੋਂਆਂ ਨੇ ਖੇਤਾਂ 'ਚ ਖਿਲਾਰਿਆ ਏ ਖੂਬ ਸੋਨਾ, ਸੋਹਣੇ ਸੋਹਣੇ ਫੁੱਲਾਂ ਨੇ ਬਗੀਚੀਆਂ ਸਿੰਗਾਰੀਆਂ

ਕੁਦਰਤ ਰਾਣੀ ਫੱਬੀ ਪਹਿਨ ਕੇ ਤਿਓਰ ਨਵਾਂ, ਸਬਜ਼ਾ ਦੁੱਪਟਾ ਲਾ ਕੇ ਕੇਸਰੀ ਕਿਨਾਰੀਆਂ

ਆਖਦੀ ਸਮੀਰ ਬੇ ਨਜ਼ੀਰ ਖੜਕਾ ਕੇ ਕੁੰਡਾ, ਦਰ ਆਇਆ ਕੌਣ ਵੇਖੋ ਖੋਲ੍ਹ ਬੂਹੇ ਬਾਰੀਆਂ।

 

ਕੱਕਰਾਂ ਦੇ ਮਾਰੇ ਰੁੱਖ ਫੇਰ ਹਰੇ ਹੋਣ ਲੱਗੇ, ਤਨ ਉਤੋਂ ਟਾਕੀਆਂ ਪੁਰਾਣੀਆਂ ਉਤਾਰੀਆਂ।

ਮੋਤੀਆਂ ਦੇ ਭਰ ਕੇ ਤਰੇਲ ਨੇ ਲੁਟਾਏ ਬੁੱਕ ਸੰਦਲੀ ਸਵੇਰ ਆਣ ਨਜ਼ਰਾਂ ਨੇ ਠਾਰੀਆਂ

ਬੁਲਬੁਲਾਂ ਭੌਰਿਆਂ ਨੇ ਸਾਜ ਇਕਸੁਰ ਕੀਤੇ, ਬਸੰਤ ਦੇ ਸੁਆਗਤ ਲਈ ਖਿੱਚੀਆਂ ਤਿਆਰੀਆਂ

ਆਖਦੀ ਸਮੀਰ ਬੇ ਨਜ਼ੀਰ ਖੜਕਾ ਕੇ ਕੁੰਡਾ, ਦਰ ਆਇਆ ਕੌਣ ਵੇਖੋ ਖੋਲ੍ਹ ਬੂਹੇ ਬਾਰੀਆਂ

 

ਵਣਜ ਵਿਹਾਜ ਲਓ ਵੇ ਆਓ ਖੁਸ਼ਬੂਆਂ ਵਾਲਾ, ਵਗਦੀ ਸਮੀਰ ਨੇ ਸੁਨੇਹਾ ਦਿੱਤਾ ਆਣ ਕੇ

ਕੁਦਰਤ ਰਾਣੀ ਖੋਲ੍ਹੀ ਹੱਟ ਹੈ ਸੁਗੰਧੀਆਂ ਦੀ, ਵੇਖ ਲਓ ਨਜ਼ਾਰਾ ਰੱਬੀ ਏਸਦਾ ਵੀ ਮਾਣਕੇ

ਸਾਵੇ ਸਾਵੇ ਘਾਹਵਾਂ ਤੇ ਤਰੇਲ ਮੋਤੀ ਆਖਦੇ ਨੇ , ਦੌਲਤਾਂ ਹੁਸਨ ਦੀਆਂ ਰੱਬ ਨੇ ਖਿਲਾਰੀਆਂ।

ਢੋਆ ਖੁਸ਼ਬੋਆਂ ਦਾ ਲਿਆਇਆ ਜੋ ਪਿਟਾਰੀ ਭਰ, ਦਰ ਆਇਆ ਕੌਣ ਵੇਖੋ ਖੋਲ੍ਹ ਬੂਹੇ ਬਾਰੀਆਂ।

 

ਖਿਜਾ ਦੇ ਉਜਾੜੇ  ਬਾਗ ਫੇਰ ਹਰੇ ਹੋਣ ਲੱਗੇ, ਰਹਿਮਤਾਂ ਦਾ ਛੱਟਾ ਐਸਾ ਕੁਦਰਤ ਮਾਰਿਆ।

ਡੰਡੀਆਂ ਤੇ ਪੱਤੀਆਂ ਤੇ ਪੱਤੀਆਂ ਤੇ ਡੋਡੀਆਂ ਨੇ, ਡੋਡੀਆਂ ਚੋਂ ਰੂਪ ਫੁੱਲ ਪੱਤੀਆਂ ਸਵਾਰਿਆ।

ਫੁੱਲਾਂ ਵਿੱਚ ਰੰਗ ਰੰਗਾਂ ਵਿੱਚ ਖੁਸ਼ਬੂ ਭਰੀ, ਚੋਇਆ ਮਕਰੰਦ ਵਿੱਚ ਭਰ ਪਿਚਕਾਰੀਆਂ।

ਨਖਰੇ ਨਜ਼ਾਕਤਾਂ ਦੇ ਨਾਲ ਭਰੀ ਨਾਰ ਵਾਂਗ, ਦਰ ਆਇਆ ਕੌਣ ਵੇਖੋ ਖੋਲ੍ਹ ਬੂਹੇ ਬਾਰੀਆਂ।

 

ਹੁਸਨ ਲੁਟੇਰੇ ਨੇ ਬਸੇਰਾ ਕੀਤਾ ਦਿਲਾਂ ਵਿੱਚ, ਠੱਗ ਲਈਆਂ ਰੂਹਾਂ ਬਾਣ ਜਾਦੂ ਭਿੰਨਾ ਮਾਰਿਆ।

ਇਸ਼ਕੇ ਦਾ ਚੜ੍ਹਿਆ ਸਰੂਰ ਹੈ ਜਵਾਨੀਆਂ ਨੂੰ ,ਨਜ਼ਰਾਂ ਨਸ਼ੀਲੀਆਂ ਚੋਂ ਪੀਤੀ ਬਾਰ ਬਾਰ ਆ।

ਕਰ ਕੇ ਅਦਾਵਾਂ ਚਾਵਾਂ ਮੌਸਮ ਸੁਖਾਵਾਂ ਵੇਖ, ਕਾਮਦੇਵ ਤਾਈਂ ਰਤੀ ਸੈਨਤਾਂ ਨੇ ਮਾਰੀਆਂ।

ਸਾਹਾਂ ਵਿੱਚ ਭਰੀ ਖੁਸ਼ਬੋਈ ਤੇ ਰੰਗੀਲੇ ਨੈਣ, ਦਰ ਆਇਆ ਕੌਣ ਵੇਖੋ ਖੋਲ੍ਹ ਬੂਹੇ ਬਾਰੀਆਂ।

ਰੁੱਤ ਮਿੱਠੀ ਮਿੱਠੀ ਆਈ

ਸਰਦੀ ਦਾ ਘਟਿਆ ਜੋਰ ਜਰਾ,

ਰੁੱਤ ਮਿੱਠੀ ਮਿੱਠੀ ਆਈ ਹੈ।

ਗੁੰਚੇ  ਮੁਸਕਾਏ  ਸ਼ਾਖਾਂ  ਤੇ,

ਰੁੱਖਾਂ ਨੇ  ਸ਼ਕਲ ਵਟਾਈ ਹੈ।

ਕੱਕਰ ਦੀਆਂ ਝੰਭੀਆਂ ਸ਼ਾਖਾਂ ਤੇ,

ਕਲੀਆਂ ਕੋਮਲ ਮੁਸਕਾਈਆਂ ਨੇ।

ਤੱਕ ਸਬਜ ਸੁਨਹਿਰੀ ਰੁਖਸਾਰਾਂ,

ਝੱਟ ਸ਼ਕਲਾਂ ਆਣ ਵਖਾਈਆਂ ਨੇ।

ਟਹਿਣੀ ਦੀ ਗੋਦੀ ਪੱਤੀਆਂ ਨੇ,

ਪੱਤੀਆਂ ਦੀ ਗੋਦੀ ਕਲੀਆਂ ਨੇ।

ਮਹਿਕਾਂ ਦੀ ਨਈਆ ਰੁਮਕ ਪਈ,

ਜਦ ਮਸਤ ਹਵਾਵਾਂ ਹੱਲੀਆਂ ਨੇ।

ਸਤ ਕੱਢ ਕੇ ਸੂਰਜ ਕਿਰਨਾ ਦਾ,

ਊਸ਼ਾ ਨੇ ਰੰਗ ਨਖੇੜ ਲਏ।

ਕਲੀਆਂ ਨੂੰ ਭੇਟ ਤਰੇਲ ਚੜ੍ਹਾ,

ਕੁਦਰਤ ਨੇ ਗੁੰਚੇ ਖੇੜ ਲਏ।

ਰੁਮਕੀ ਹੈ ਮਸਤ ਸਮੀਰ ਜਿਵੇਂ,

ਗੰਧੀ ਦਾ ਡੁਲ੍ਹਿਆ ਖਾਰਾ ਹੈ।

ਪੌਣਾਂ ਨੂੰ ਚੜ੍ਹੀ ਖੁਮਾਰੀ ਨੇ,

ਮਹਿਕਾਇਆ ਆਲਮ ਸਾਰਾ ਹੈ।

ਹੱਸਿਆ ਹੈ ਵੇਖ ਅਨੰਗ ਕਿਤੇ,

ਤੱਕ ਰੱਤੀ ਵੀ ਮੁਸਕਾਈ ਹੈ।

ਲੋਹੇ ਨੂੰ ਚੁੰਬਕ ਖਿੱਚ ਰਿਹਾ,

ਧੂਹ ਵਿੱਚ  ਕਲੇਜੇ ਪਾਈ ਹੈ।

ਹੁਸਨਾ ਦੀ ਕਾਂਗ ਚੜ੍ਹੀ ਕਿਧਰੇ,

ਜੋਬਨ ਲੀਤੀ ਅੰਗੜਾਈ ਹੈ।

ਨੈਣਾਂ ਚੋਂ ਛੁੱਟੇ ਤੀਰਾਂ ਨੇ,

ਮਿੱਠੀ ਜਿਹੀ ਚੋਂਭੜ ਲਾਈ ਹੈ।

ਆ ਬਾਜਵਿਆ ਨੈਂ ਰੰਗਾਂ ਦੀ,

ਵਗਦੀ ਵਿੱਚ ਚੁੱਭੀਆਂ ਲਾ ਲਈਏ।

ਇਸ ਕੁਦਰਤ ਦੇ ਮੈਖਾਨੇ ਚੋਂ,

ਪੀ ਮਸਤੀ ਜਰਾ ਚੜ੍ਹਾ ਲਈਏ।

ਸ਼ਿਅਰ 

ਲੇਲੇ ਭੇਡ ਦੇ ਉੱਤੇ ਵੀ ਹੁਸਨ ਚੜ੍ਹਦਾ,

ਮਸ਼ਾਹੂਰ ਕਹਿਬਤ ਖਲਕਤ ਕੁੱਲ ਉੱਤੇ।

ਕਾਮਨ ਸੁੱਟਿਆ ਆਣ ਬਸੰਤ ਰਾਣੀ,

ਭੌਰੇ ਤਿਤਲੀਆਂ ਤੇ ਬੁਲਬੁਲ ਉੱਤੇ।

ਮਾਤ ਹੋਣ ਮਹੱਲਾਂ ਦੇ ਵਿੱਚ ਪਾਲੇ,

ਫੁੱਲ ਵਿਕਣ ਜਿਹੜੇ ਮਹਿੰਗੇ ਮੁੱਲ ਉੱਤੇ।

ਜੋਬਨ ਰੁੱਤ ਦੇ ਵਿੱਚ ਬਹਾਰ ਆਈ,

ਰੂਪ ਟਹਿਕਿਆ ਜੰਗਲੀ ਫੁੱਲ ਉੱਤੇ।

               2

ਅੱਜ ਮੇਰੇ ਬਾਗ ਵਿੱਚ ਪੀਲੇ ਪੀਲੇ ਫੁੱਲਾਂ ਉਤੇ ਤਿਤਲੀਆਂ ਵੇਖੀਆਂ ਮੈਂ ਭਉਂਦੀਆਂ।

ਸੋਹਲ ਸੋਹਲ ਕਲੀਆਂ ਦੇ ਚੁੰਮ ਚੁੰਮ ਮੁੱਖੜੇ, ਉਹ ਪਿਆਰ ਦੀ ਬਹਾਰ ਨੂੰ ਲੁਟਾਉਂਦੀਆਂ।

ਫੁੱਲਾਂ ਜਿਹੇ ਰੰਗ ਵਿੱਚ ਰੰਗ ਰੰਗ ਆਪਾ ਵੇਖੋ, ਫਿਜ਼ਾ ਤਾਈਂ ਸੁੰਦਰ ਬਣਾਉਂਦੀਆਂ।

ਪਿਆਰ ਨਾਲ ਸਿਰਜੀਦਾ ਸੋਹਣਾ ਸੰਸਾਰ, ਸਾਨੂੰ ਬਾਜਵਾ ਇਹ ਇੰਜ ਸਮਝਾਉਂਦੀਆਂ।

ਬਹਾਰ

ਖੋਹਲ ਖਜ਼ਾਨਾ ਬੈਠੀ ਕੁਦਰਤ,  ਸੁੰਦਰਤਾ ਚਹੁੰ ਕੂੰਟੀਂ ਛਾਈ।

ਫੁੱਲਾਂ ਨਾਲ ਭਰੇ ਰੁੱਖ ਝੂਮਣ, ਚਾਰੋਂ ਤਰਫ਼ ਫਿਜ਼ਾ ਨਸ਼ਿਆਈ।

ਰੰਗ ਅਨੰਤ ਸੇ ਰੁੱਤ ਬਸੰਤ, ਰੀਝਾਵਣ ਕੰਤ ਲੈ ਢੋਆ ਆਈ।

ਸੰਗ ਅਨੰਗ ਰਤੀ ਹੋ ਦੰਗ, ਜੋ ਮਾਰ ਖਤੰਗ ਹੁਸਨ ਭਰਮਾਈ

 

ਭਰੀ ਪਿਟਾਰੀ, ਫੁੱਲਾਂ ਖਾਰੀ, ਚੰਚਲ ਨਾਰ ਸ਼ਿੰਗਾਰ ਉਤਾਰੀ।

ਵਿਚਲਿਤ ਹੀਆ, ਖੱਸੇ ਜੀਆ, ਖਿੜ ਖਿੜ ਹੱਸੇ ਆਪ ਮੁਹਾਰੀ।

ਭਰੀ ਸੁਗੰਧੀ, ਆਕੁਲ ਗੰਧੀ, ਖੁਸ਼ਬੂ ਲੋ ਮਲਿਆਨ ਖੁਮਾਰੀ।

ਬਾਝੋਂ ਬੁਰਸ਼ ਕੈਨਵਸ ਰੰਗਾਂ, ਰੰਗੀ ਧਰਤ ਅਦਿਖ ਲਲਾਰੀ।

ਸੰਪਰਕ -

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492


ਇਹ ਵੀ ਪੜ੍ਹੋ -

ਰੁੱਤ ਸੀ ਬਸੰਤ ਦੀ,ਤੇ ਉੱਡਦੇ ਪੰਤਗ ਸੀ

Post a Comment

0 Comments