ਫੁੱਲ ਮੇਰੀਆਂ ਬਹਾਰਾਂ ਨੂੰ ਜੋ ਆਓਣੇ ਕਦੋਂ ਦੇ ਤੇਰੇ ਨਾਂ ਕਰਤੇ.

The blooms with which my spring will be filled

Since far back, to you have been willed.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਤੇਰੀ ਅੱਖ ਦੇ ਕੋਏ 'ਤੇ ਇੱਕ ਅੱਥਰੂ

ਤੇ ਹੰਸਾਂ ਦੀ ਡਾਰ ਆ ਗਈ.

 

ਫੁੱਲ ਮੇਰੀਆਂ ਬਹਾਰਾਂ ਨੂੰ ਜੋ ਆਓਣੇ

ਕਦੋਂ ਦੇ ਤੇਰੇ ਨਾਂ ਕਰਤੇ.

 

ਲਾ ਕੇ ਕਾਲ਼ਿਆਂ ਬਾਗਾਂ ਦੀ ਮਹਿੰਦੀ

ਤੂੰ ਹੂਰਾਂ ਨੂੰ ਭੁਲਾਤੇ ਨਖ਼ਰੇ.

 

ਤੈਨੂੰ ਧੁੰਦਾਂ ਨੇ ਜਦੋਂ ਧਮਕਾਇਆ

ਤੂੰ ਚੜ੍ਹ ਜਾਈਂ ਧੁੱਪ ਬਣ ਕੇ.

 

ਫੁੱਲ ਪਹਿਲਾਂ ਹੀ ਐਵੇਂ ਮੁਰਝਾ ਗਏ

ਲੂਆਂ ਦਾ ਖ਼ਿਆਲ ਕਰਕੇ.

 

ਐਵੇਂ ਫੁਲਾਂ ਨੇ ਹੌਸਲੇ ਹਾਰੇ

ਲੂਆਂ ਪਿੱਛੇ ਆਵੇ ਬੱਦਲ਼ੀ.

ਗ਼ਜ਼ਲ

ਇਹ ਦੁਨੀਆਂ ਇਸ ਤਰ੍ਹਾਂ ਹੈ

ਇਹ ਦੁਨੀਆਂ ਜਿਸ ਤਰ੍ਹਾਂ ਹੈ.

 

ਇਹ ਪੂਰਾ ਸੱਚ ਨਹੀਂ ਹੈ

ਤੇਰਾ ਸੱਚ ਇਸ ਤਰ੍ਹਾਂ ਹੈ.

 

ਇਹ ਕੁਝ ਤਾਂ ਸੱਚ ਹੀ ਹੈ

ਮੇਰਾ ਸੱਚ ਜਿਸ ਤਰ੍ਹਾਂ ਹੈ.

 

ਇਹ ਹੋਵੇ ਨਾ ਵੀ ਹੋਵੇ

ਇਹ ਸੱਚ ਕੁਝ ਇਸ ਤਰ੍ਹਾਂ ਹੈ.

 

ਦੁਆ ਕਰ ਨਜ਼ਰ ਆਵੇ

ਇਹ ਸੱਚ, ਸੱਚ ਜਿਸ ਤਰ੍ਹਾਂ ਹੈ.

ਨਜ਼ਮਾਂ

ਬੋਧ

ਸ਼ਹਿਰ ਹੈ

ਤੇਜ਼ ਧੁੱਪ ਹੈ

ਟੈਲੀਫ਼ੋਨ ਦੇ ਖੰਭੇ ਦੀ ਸਿੱਧੀ ਛਾਂ '

ਬੱਸ ਦੇ ਆਉਣ ਤੱਕ ਰੁਕਿਆ ਹਾਂ;

 

ਸੜਕ ਦੇ ਦੂਜੇ ਪਾਸੇ

ਦੋ ਬੁੱਢੇ ਭਿਖਾਰੀ-

ਅਦਨ ਦੇ ਬਾਗ਼ 'ਚੋਂ ਕੱਢੇ ਹੋਏ ਆਦਮ ਤੇ ਹੱਵਾ-

ਬੜੀ ਹੀ ਬੇਵਸੀ ਵਿੱਚ

ਬੈਠੇ ਗਾ ਰਹੇ ਨੇਂ

ਕੋਈ ਭੁੱਖ ਦੀ ਰਿਚਾ

ਕੋਈ ਦਰਦ ਦੀ ਆਇਤ;

 

ਅਚਾਨਕ ਸੋਚਦਾ ਹਾਂ

ਕਿ ਇਸ ਪਲ

ਟੈਲੀਫ਼ੋਨ ਦੇ ਖੰਭੇ ਦੀ ਛਾਂ ਵਿੱਚ

ਕੀ ਮੈਂਨੂੰ ਵੀ ਭਲਾ

ਉਹ ਬੋਧ ਹੋ ਸਕਦੈ

ਸਿਧਾਰਥ ਨੂੰ ਜੋ ਹੋਇਆ ਸੀ

ਗਯਾ ਵਿੱਚ, ਬਿਰਖ ਦੇ ਹੇਠਾਂ ?

ਬੱਦਲ

ਇਹ ਬੱਦਲ ਕੁਝ ਹੋਰ ਤਰ੍ਹਾਂ ਦਾ

ਇਸ ਬੱਦਲ ਤੋਂ ਡਰ ਲੱਗਦਾ ਹੈ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਸ ਦੀ ਰੂਹ ਵਿੱਚ

ਸੱਤ ਰੰਗਾਂ ਦਾ ਸੁਪਨਾ ਵਸਦਾ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜੋ ਬੇਵਸ, ਬੇਪੱਤ ਹੁੰਦੀ ਹੋਈ ਸ਼ਾਮ ਲਈ

ਪਹਿਰਨ ਬਣਦਾ ਹੈ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਸਦੇ ਇੱਕ ਇਸ਼ਾਰੇ ਉੱਤੇ

ਬੁੱਢੇ ਬੋਹੜ ਦਾ ਸੁੰਨਾ ਵਿਹੜਾ

ਪੀਂਘਾਂ ਤੇ ਗੀਤਾਂ ਦਾ ਇੱਕ ਝੁਰਮਟ ਬਣ ਜਾਵੇ;

 

ਇਹ ਬੱਦਲ ਉਹ ਬੱਦਲ ਨਹੀਂ ਹੈ

ਜਿਹੜਾ ਦੂਰ ਦੇਸ਼ ਤੋਂ ਚੱਲ ਕੇ

ਝੀਲਾਂ ਅਤੇ ਪਹਾੜਾਂ ਉੱਤੋਂ

ਨਗਰਾਂ ਅਤੇ ਉਜਾੜਾਂ ਉੱਤੋਂ

ਉੱਡਦਾ ਹੋਇਆ

ਪੀੜ-ਪੀੜ ਹੋਈ ਬਿਰਹਨ ਲਈ

ਸੁੱਖ ਦਾ ਇੱਕ ਸੰਦੇਸ਼ ਲਿਆਵੇ;

 

ਇਸ ਬੱਦਲ ਨੂੰ

ਮੋਰਾਂ ਦੀ ਤੇ ਨਿਰਤਾਂ ਦੀ

ਕੋਈ ਸਮਝ ਨਹੀਂ ਹੈ;

 

ਇਸ ਬੱਦਲ ਤੋਂ ਡਰ ਲਗਦਾ ਹੈ;

 

ਇਸ ਬੱਦਲ ਤੋਂ ਬਚਣ ਲਈ

ਇੱਕ ਘਰ ਚਾਹੀਦੈ,

ਘਰ ਦੇ ਅੰਦਰ ਨਿੱਘ ਚਾਹੀਦੈ;

 

ਇਸ ਬੱਦਲ ਤੋਂ ਡਰ ਲਗਦਾ ਹੈ,

ਇਹ ਬੱਦਲ ਕੁਝ ਹੋਰ ਤਰ੍ਹਾਂ ਦਾ..........!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060


Contact –

Nirmal Datt

# 3060, 47-D,

Chandigarh.

Mobile-98760-13060 

ਇਹ ਵੀ ਪਸੰਦ ਕਰੋਗੇ -

ਰੱਬ ਲੱਭਦਾ ਘਰਾਂ ਦੇ ਦੁੱਖ ਸਹਿ ਕੇ ਬੇਲਿਆਂ 'ਚੋਂ ਖ਼ਾਕ ਲੱਭਦੀ.    

 

 

 

 

Post a Comment

0 Comments