ਰੱਬ ਲੱਭਦਾ ਘਰਾਂ ਦੇ ਦੁੱਖ ਸਹਿ ਕੇ ਬੇਲਿਆਂ 'ਚੋਂ ਖ਼ਾਕ ਲੱਭਦੀ.

To know God, home ordeals are a must,

Search in wilderness covers you with dust.

ਸ਼ਬਦ ਚਾਨਣੀ---ਨਿਰਮਲ ਦੱਤ

ਟੱਪੇ

ਰੱਬ ਲੱਭਦਾ ਘਰਾਂ ਦੇ ਦੁੱਖ ਸਹਿ ਕੇ

ਬੇਲਿਆਂ 'ਚੋਂ ਖ਼ਾਕ ਲੱਭਦੀ.

 

'ਕੱਲੇ ਆਏ ਹਾਂ 'ਕੱਲੇ ਹੈ ਜਾਣਾ

ਸੁੱਤੀਆਂ ਜਗਾ ਕੇ ਨਿਹਮਤਾਂ.

 

ਰਾਤੀਂ ਪੁੱਛਦੇ ਰਹੇ ਚੰਨ-ਤਾਰੇ

ਉਹ ਗਿਆ ਕਿੱਥੇ ਰੱਬ ਵਰਗਾ?

 

ਰਾਤੀਂ ਡੁੱਬਦੇ ਰਹੇ ਚੰਨ-ਤਾਰੇ

ਕਿ ਹੰਝੂਆਂ ਦੇ ਹੜ੍ਹ ਆ ਗਏ.

 

ਜੀਹਨੂੰ ਲਹਿਰਾਂ ਨੇ ਬਣਾ 'ਤਾ ਤਾਰੂ

ਉਹ ਬੇੜੀਆਂ ਤੋਂ ਪਾਰ ਹੋ ਗਿਆ.

 

ਰੱਬ ਲੱਭਦਾ ਅੱਖਾਂ ਦੇ ਵਿੱਚ ਡੁੱਬ ਕੇ

ਤੂੰ ਅੱਖਾਂ ਨੂੰ ਨਾ ਨਿੰਦੀਂ ਜੋਗੀਆ.

ਗ਼ਜ਼ਲ

ਐਨਾਂ ਨਾ ਸ਼ਰਮਾਇਆ ਕਰ,

ਦਿਲ ਦਾ ਹਾਲ ਸੁਣਾਇਆ ਕਰ.

 

ਹਰ ਦਮ ਰੋਣਾ ਠੀਕ ਨਹੀਂ,

ਹੱਸਿਆ ਕਰ, ਕੁਝ ਗਾਇਆ ਕਰ.

 

ਹਰ ਬੇਵੱਸ ਦੀਵਾਰ ਲਈ,

ਤੂੰ ਰਸਤਾ ਬਣ ਜਾਇਆ ਕਰ.

 

ਜ਼ੁਲਫਾਂ ਵਿੱਚ ਖੋ ਜਾਂਦਾ ਹੈਂ,

ਬਾਹਾਂ ਵਿੱਚ ਲੱਭ ਜਾਇਆ ਕਰ.

 

ਜੋ ਚਾਹੁੰਦਾ ਹੈਂ, ਮਿਲਦਾ ਹੈ,

ਸੋਚ, ਸਮਝ ਕੇ ਚਾਹਿਆ ਕਰ.

 

ਹਰ ਅੰਬਰ ਇੱਕ ਪਿੰਜਰਾ ਹੈ,

ਪੰਛੀ ਨੂੰ ਸਮਝਾਇਆ ਕਰ.

 

ਸੁਣ, ਨਦੀਆਂ ਦੀ ਕਲ-ਕਲ ਸੁਣ,

ਪਿਆਸੇ ਗੀਤ ਨਾ ਗਾਇਆ ਕਰ.

 

ਉਹ ਨਿਰਛਲ ਜੋ ਸਭ ਦਾ ਹੈ,

ਬੱਸ ਉਸ ਦਾ ਹੋ ਜਾਇਆ ਕਰ.

ਨਜ਼ਮਾਂ

ਰਿਆਜ਼

ਬਾਹਰੋਂ ਬਹੁਤਾ ਪੜ੍ਹਕੇ ਆਏ

ਦੇਸੀ ਚੰਨ ਦੀ

ਸੋਚ ਬੜੀ ਹੀ ਸੌੜੀ ਹੈ.

 

ਬੇਵੱਸ ਬੈਠਾ ਲੰਗੜਾ ਸੂਰਜ

ਤੁਰ ਨਹੀਂ ਸਕਦਾ:

ਨਾ ਸੋਟੀ, ਨਾ ਫਹੁੜੀ ਹੈ.

 

ਅੰਬਰਾ, ਅੰਬਰਾ!

ਬੰਨ੍ਹ ਕੇ ਗਠੜੀ ਸਾਂਭ ਲੈ ਤਾਰੇ

ਹੁਣ ਚੋਰਾਂ ਕੋਲ਼ ਪੌੜੀ ਹੈ.

 

ਬੁੱਢੇ, ਕਾਮੀਂ ਥਲ ਤੋਂ ਬਚਕੇ

ਹਫੀ-ਹਫੀ ਜਿਹੀ ਨਦੀ ਵਿਚਾਰੀ

ਹੁਣੇ-ਹੁਣੇ ਹੀ ਦੌੜੀ ਹੈ.

 

ਸ਼ਾਮ, ਸੁਬਹਾ 'ਤੇ

ਖਿਝੀ ਜਿਹੀ ਹੈ

ਹਾਲਾਂ ਕਿ ਇਹ ਸ਼ਾਮ, ਸੁਬਹਾ ਦੀ ਜੌੜੀ ਹੈ.

 

ਕੱਲਿਆਂ ਛੱਡ ਕੇ ਤੁਰ ਗਈ

ਮੇਰੀ ਪਿਆਰੀ ਕਵਿਤਾ

ਰਹਿਮਤ ਬਣ ਕੇ ਬੌਹੜੀ ਹੈ.

 

ਪਹਿਲੇ ਬੋਲ ਤਾਂ ਸ਼ਹਿਦ-ਘੁਲ਼ੇ ਸੀ,

ਹੁਣ ਤੇਰੀ ਉਹ ਮਿੱਠੀ ਬੋਲੀ

ਪਤਾ ਨਹੀਂ ਕਿਉਂ ਕੌੜੀ ਹੈ.

 

ਹਰ ਇਕ ਮਸਲੇ ਦਾ ਹੱਲ

ਕੇਵਲ ਕਿੱਲ ਠੋਕਣਾ ਤਾਂ ਨਹੀਂ ਹੁੰਦਾ,

ਐਵੇਂ ਨਾ ਚਾਂਭਲ਼ ਮਿੱਤਰਾ !

ਜੇ ਤੇਰੇ ਕੋਲ਼ ਹਥੌੜੀ ਹੈ.

ਮੈਂ

ਮੈਂ ਕੋਈ ਐਸਾ ਸਿੱਕਾ ਨਹੀਂ ਹਾਂ

ਜੋ ਇੱਕ ਪਲ ਵਿੱਚ

ਬਿਨਾਂ ਦੋਸ਼ ਤੋਂ

ਇੱਕ ਕੀਮਤੀ ਬਟੂਏ ਵਿੱਚੋਂ

ਇੱਕ ਭਿਖਾਰੀ ਦੇ ਹੱਥਾਂ ਵਿੱਚ ਸੁੱਟਿਆ ਜਾਵੇ;

ਮੈਂ ਸੂਈ ਦੀ ਨੋਕ ਤੋਂ ਨਿੱਕਾ

ਓਹ ਬਿੰਦੂ ਹਾਂ

ਜੋ ਜਦ ਚਾਹਵੇ

ਇੱਕ ਪੂਰੀ ਸ੍ਰਿਸ਼ਟੀ ਬਣ ਜਾਵੇ..

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060



Contact –

Nirmal Datt

# 3060, 47-D,

Chandigarh.

Mobile-98760-13060     

ਇਹ ਵੀ ਪਸੰਦ ਕਰੋਗੇ -

ਵੰਦਨਾ ਮਿਸ਼ਰਾ ਦੀ ਇੱਕ ਖ਼ੂਬਸੂਰਤ ਕਵਿਤਾ ਦਾ ਪੰਜਾਬੀ ਅਨੁਵਾਦ

 

Post a Comment

0 Comments