ਚਿਹਰਾ ਪੜ੍ਹ ਲੈਂਦੇ ਨੇ ਲੋਕੀ , ਤੇ ਅੰਦਾਜਾ ਲਾ ਲੈਂਦੇ ਨੇ ।
ਗੱਲਾਂ ਬਾਤਾਂ ਵਿੱਚ ਉਲਝਾ ਕੇ, ਮੂੰਹੋਂ ਗੱਲ ਕਹਾ ਲੈਂਦੇ ਨੇ ।

ਚੁਸਤ ਚਲਾਕੀ ਦੇ ਜੋ ਮਾਹਿਰ , ਮਤਲਬ ਕੱਢ ਕੇ ਤੁਰ ਜਾਂਦੇ ਨੇ ,
ਕਈ ਵਿਚਾਰੇ ਭੋਲੇ ਭਾ ਹੀ , ਗਲ ਵਿੱਚ ਫਾਹੀ ਪਾ ਲੈਂਦੇ ਨੇ ।

ਸਬਰ ਜਿਨ੍ਹਾਂ ਦੇ ਪੱਲੇ ਹੁੰਦਾ, ਮਨ ਸੰਤੋਖੀ ਹੋ ਜਾਂਦੇ ਨੇ ,
ਸਹਿਜੇ ਸਹਿਜੇ ਤੁਰਦੇ ਜਾਂਦੇ , ਆਪਣੀ ਮੰਜ਼ਿਲ ਪਾ ਲੈਂਦੇ ਨੇ ।

ਦੋਸ਼ ਰੱਬ ਨੂੰ ਦੇਈ ਜਾਂਦੇ, ਦਿਲ ਦੇ ਰੋਗ ਸਹੇੜਨ ਆਪੇ ,
ਜੋ ਵੀ ਸਿਰ 'ਤੇ ਚਿੰਤਾਵਾਂ ਦਾ ਭਾਰੀ ਬੋਝ ਉਠਾ ਲੈਂਦੇ ਨੇ ।

ਬੋਲਾਂ ਵਿੱਚ ਮਿਠਾਸ ਦੀ ਥਾਂ ਤੇ, ਜਦੋਂ ਕੁੜੱਤਣ ਆ ਜਾਵੇ ਤਾਂ ,
ਤਲਖ ਬਿਆਨੀ ਕਰ ਕੇ ਭੋਲੇ, ਆਪਣਾ ਯਾਰ ਰੁਸਾ ਲੈਂਦੇ ਨੇ ।

ਗਰਮੀ ਸਰਦੀ ਧੁੱਪਾਂ ਛਾਵਾਂ, ਹਰ ਇੱਕ ਸ਼ੈ ਆਣੀ ਜਾਣੀ ਏ ,
ਬੇਸਬਰੇ ਤੇ ਦਿਲ ਦੇ ਮਾੜੇ, ਐਵੇਂ ਢੇਰੀ ਢਾਹ ਲੈਂਦੇ ਨੇ ।

ਜਦੋਂ ਕਦੇ ਅਰਮਾਨ ਮਚਲਦੇ, ਸੋਚ ਜਾਗਦੀ ਚੇਤੰਨ ਹੋ ਕੇ ,
ਦੋਵੇਂ ਰਲ ਕੇ ' ਪਾਰਸ ' ਕੋਲੋਂ, ਕੋਈ ਸ਼ਿਅਰ ਲਿਖਾ ਲੈਂਦੇ ਨੇ ।
ਬਚਿੱਤਰ ਪਾਰਸ


                                 ( 2 )

 ਹੈ ਬੜੀ ਮਾਸੂਮ ਧੌਖੇ , ਖਾ ਰਹੀ ਹੈ ਜ਼ਿੰਦਗੀ ।
ਗੀਤ ਫਿਰ ਵੀ ਪ੍ਰੀਤ ਵਾਲੇ , ਗਾ ਰਹੀ ਹੈ ਜ਼ਿੰਦਗੀ ।

ਰੁੱਸ ਕੇ ਪ੍ਰੀਤਮ ਨੂੰ ਦਿੱਤਾ , ਜਾਣ ਐਨੀ ਦੂਰ ਕਿਉਂ ,
ਹੱਥ ਮਲਦੀ ਹੈ , ਬੜਾ ਪਛਤਾ ਰਹੀ ਹੈ ਜ਼ਿੰਦਗੀ ।

ਇਹ ਯੁੱਗਾਂ ਤੋਂ ਸਿਲਸਿਲਾ , ਜਾਰੀ ਹੈ , ਜਾਰੀ ਹੀ ਰਹੂ ,
ਆ ਰਹੀ ਹੈ ਜ਼ਿੰਦਗੀ , ਬਸ ਜਾ ਰਹੀ ਹੈ ਜ਼ਿੰਦਗੀ ।

ਦੇ ਰਹੀ ਕਿਧਰੇ ਨਸੀਹਤ , ਕਰਮ ਚੰਗਾ ਕਰਨ ਲਈ ,
ਤੇ ਕਿਤੇ ਸਿਰ ਸੁੱਟ ਕੇ , ਪਛਤਾ ਰਹੀ ਹੈ ਜ਼ਿੰਦਗੀ ।

ਜ਼ਿੰਦਗੀ ਹੈ ਜ਼ਿੰਦਗੀ ਜੋ , ਜੀ ਲਈ ਦੂਜੇ ਲਈ ,
ਜੋ ਕਰਮ ਨਿਸ਼ਕਾਮ ਕਰਦੀ , ਜਾ ਰਹੀ ਹੈ ਜ਼ਿੰਦਗੀ ।

ਜਿਸ ਜਗ੍ਹਾ ਈਮਾਨ ਦਾ ਹੈ , ਘਾਣ ਹੋਈ ਜਾ ਰਿਹਾ ,
ਪੈਰ ਉੱਥੇ ਪਾਉਣ ਤੋਂ , ਸ਼ਰਮਾ ਰਹੀ ਹੈ ਜ਼ਿੰਦਗੀ ।

ਉਮਰ ਦੇ ਲੰਬੇ ਸਫ਼ਰ ਦਾ , ਦਿਸ ਰਿਹੈ ਅੰਤਿਮ ਪੜਾ ,
ਪਰ ਬੜਾ ਕੁੱਝ ਹੋਰ ਕਰਨਾ , ਚਾਹ ਰਹੀ ਹੈ ਜ਼ਿੰਦਗੀ ।

ਵਕਤ ਪਏ ਤੋਂ ਸੀ ਉਨ੍ਹਾਂ ਦੀ , ਅੱਖ ਮੈਲੀ ਹੋ ਗਈ ,
ਸੀ ਜਿਨ੍ਹਾਂ ਦੇ ਸਾਹ ‘ਚ ਲੈਂਦੀ , ਸਾਹ ਰਹੀ ਹੈ ਜ਼ਿੰਦਗੀ ।

ਹੈ ਬੜੀ ਹਾਲਾਤ ਨੇ , ਰੋਲੀ , ਮਧੋਲੀ “ ਪਾਰਸਾ “ ,
ਹੁਣ ਤੇਰੀ ਆਗੋਸ਼ ਦੇ ਵਿੱਚ , ਆ ਰਹੀ ਹੈ ਜ਼ਿੰਦਗੀ ।

                         ( 3 )

ਹੈ ਬੇ-ਵਸਾਹੀ ਦਾ ਸਮਾਂ, ਰੁੱਤ ਨਹੀਂ ਰਹੀ ਇਤਬਾਰ ਦੀ ।
ਇਨਸਾਨੀਅਤ ਦਾ ਘਾਣ ਹੀ, ਸੁਰਖੀ ਹੈ ਹਰ ਅਖ਼ਬਾਰ ਦੀ ।

ਮਾਲੀ ਹੀ ਪਾਈ ਜਾ ਰਹੇ, ਖ਼ੁਦ ਬੂਟਿਆਂ ਦੀ ਜੜ੍ਹ 'ਚ ਤੇਲ ,
ਇਹੋ ਗਵਾਹੀ ਦੇ ਰਹੀ, ਵੀਰਾਨਗੀ ਗੁਲਜ਼ਾਰ ਦੀ ।

ਇਹ ਹਾਦਸੇ, ਇਹ ਵਿਤਕਰੇ, ਨਫ਼ਰਤ ਦੀ ਸਾਰੀ ਉਪਜ ਨੇ ,
ਨਫ਼ਰਤ ਕਿਸੇ ਦੀ ਮਿੱਤ ਨਹੀਂ, ਇਹ ਬੰਦਿਆਂ ਨੂੰ ਮਾਰਦੀ ।

ਉਹਨਾਂ ਦਿਲਾਂ ਵਿੱਚ ਪਿਆਰ ਦੇ, ਜਜਬੇ ਜਗਾਓ ਦੋਸਤੋ ,
ਜਿੱਥੇ ਪਨਪਦੀ ਯੋਜਨਾ, ਬਾਰੂਦ ਦੇ ਵਿਉਪਾਰ ਦੀ ।

ਰੁਕ ਜਾਣ ਇਹ ਬਰਬਾਦੀਆਂ, ਸੁੱਖੀ ਵੱਸਣ ਆਬਾਦੀਆਂ ,
ਇਨਸਾਨ ਸੁੱਖ ਦਾ ਸਾਹ ਲਵੇ, ਮਰਜ਼ੀ ਹੈ ਹਰ ਗ਼ਮਖਾਰ ਦੀ ।

ਜੇ ਸੋਚ ਨਾ ਬਦਲੀ ਗਈ, ਵਿਉਹਾਰ ਬਦਲੇਗਾ ਕਿਵੇਂ ,
ਕਿਰਦਾਰ ਵੀ ਪਊ ਬਦਲਣਾ, ਸੁਰ ਬਦਲ ਕੇ ਗੁਫਤਾਰ ਦੀ ।

ਖਾਨਾਬਦੋਸ਼ਾਂ ਵਾਂਗ ਸੀ, ਹੋਇਆ ਵੇ ' ਪਾਰਸ ' ਦਿਲ ਦਾ ਹਾਲ ,
ਦਰ ਦਰ ਤੇ ਭਟਕਾਉਂਦੀ ਰਹੀ, ਹਸਰਤ ਤੇਰੇ ਦੀਦਾਰ ਦੀ ।

                                              ( 4 )

 ਕਦੇ ਪ੍ਰਛਾਵਿਆਂ ਉੱਤੇ , ਬੜਾ ਇਤਬਾਰ ਕੀਤਾ ਸੀ ।
ਕਚੇਰੇ ਰਿਸ਼ਤਿਆਂ ਨੂੰ , ਬਹੁਤ ਗੂਹੜਾ ਪਿਆਰ ਕੀਤਾ ਸੀ ।

ਅਸੀਂ ਜਿਨ੍ਹਾਂ ਨੂੰ ਸੌਖੇ,ਸਰਲ , ਰਾਹਾਂ ‘ਤੇ ਚਲਾਓਂਦੇ ਰਹੇ ,
ਉਨ੍ਹਾਂ ਨੇ ਪਿੱਠ ਪਿੱਛੋਂ , ਬਹੁਤ ਘਾਤਕ ਵਾਰ ਕੀਤਾ ਸੀ ।

ਇਹ ਦਿਲ ਤਾਂ ਹੁਣ ਵੀ , ਉਹਨਾਂ ਵਾਸਤੇ ਹੈ ਸੁੱਖ ਹੀ ਮੰਗਦਾ ,
ਜਿਨ੍ਹਾਂ ਨੇ ਭੀੜ ਪਈ ਤੋਂ , ਬਹੁਤ ਹੀ ਲਾਚਾਰ ਕੀਤਾ ਸੀ ।

ਅਜੇ ਵੀ ਹੈ ਮੇਰੇ ਮੱਥੇ ‘ਤੇ , ਲਿਖਿਆ ਉਹ ਗੁਨਾਹ ਵਾਂਗੂੰ ,
ਇਬਾਦਤ ਵਾਂਗ ਜਿਹੜਾ ਮੈਂ , ਕਿਸੇ ਨੂੰ ਪਿਆਰ ਕੀਤਾ ਸੀ ।

ਹੈ ਐਸਾ ਜ਼ਖਮ ਬਣਿਆ , ਜੋ ਸਦਾ ਹੀ ਰਿਸਦਾ ਰਹਿਣਾ ਏ ,
ਤੁਸੀਂ ਜੋ ਜਾਣ ਵੇਲੇ ਏਸ , ਦਿਲ ‘ਤੇ ਵਾਰ ਕੀਤਾ ਸੀ ।

ਉਹ ਰੁੱਖੇ ਬੋਲ ਤੇ ਅੱਖਾਂ ‘ਚ , ਉਹ ਬੇਗਾਨਗੀ ਤੌਬਾ ,
ਇਹ ਸਖ਼ਸ਼ ਹੈ ਜਿਸ ਦਾ , ਅਸੀਂ ਸਤਿਕਾਰ ਕੀਤਾ ਸੀ ।

ਤਾਅਲੁਕ ਤੋੜਿਆ ਹੈ ਪਰ , ਅਸੀਂ ਦਿਲ ਤੋਂ ਭੁਲਾਇਆ ਨਹੀਂ ,
ਤੇਰੀ ਸੂਰਤ ‘ਚ ਕਿਉਂਕਿ, ਰੱਬ ਦਾ ਦੀਦਾਰ ਕੀਤਾ ਸੀ ।

ਤੇਰੀ ਲਿਖਤਾਂ ‘ਚ ਜੋ ਕੁੱਝ ਹੈ , ਤੂੰ ਹੁੰਦਾ ਕਾਸ਼ ਓਵੇਂ ਦਾ ,
ਤੇਰੇ ਬਾਰੇ ਤਸੱਵਰ ਹੋਰ , '' ਪਾਰਸ ''  ਯਾਰ ਕੀਤਾ ਸੀ ।

                                                                                                  ਮੋਬਾਇਲ ਨੰਬਰ- 9357840684