ਦਵਿੰਦਰ ਸਿੰਘ ਦੀਦ ਦੀਆਂ ਤਿੰਨ ਗ਼ਜ਼ਲਾਂ
ਬੇਮੁੱਲ ਜਿਹੇ
ਤੇਰੇ ਸ਼ਹਿਰ 'ਚ ਵਿੱਕ ਗਏ ਹਾਂ ਬੇਮੁੱਲ ਜਿਹੇ,
ਆਪਣੇ ਪਿੰਡ ਵਿੱਚ ਹੁੰਦੇ ਸਾਂ, ਅਣਮੁੱਲ ਜਿਹੇ।
ਏਥੇ ਆ ਕੇ ਚਿਹਰੇ ਪੀਲੇ ਹੋ ਗਏ ਨੇ,
ਉਥੇ ਤਾਂ ਸੀ ਖਿੜੇ ਗੁਲਾਬੀ ਫੁੱਲ ਜਿਹੇ।
ਘੇਰੇ ਹਾਂ ਰੋਟੀ ਰੋਜ਼ੀ ਦੇ ਫਿਕਰਾਂ ਨੇ,
ਅਣਜਾਣੇ ਵਿੱਚ ਕੀਤੀ ਹੋਈ ਭੁੱਲ ਜਿਹੇ।
ਅੱਖਾਂ ਦੇ ਵਿੱਚ ਭੋਰਾ ਨੂਰ ਨਹੀਂ ਦਿਸਦਾ,
ਲਗਦੀਆਂ ਨੇ ਜਿਉ ਹੋਵਣ ਦੀਵੇ ਗੁੱਲ ਜਿਹੇ।
ਪੈਰਾ ਵਿੱਚ ਬਿਆਈਆਂ ਹੱਥੀ ਅੱਟਣ ਨੇ,
‘ਦੀਦ’ ਕਦੇ ਹੁੰਦੇ ਸਨ ਕੂਲੇ ਫੁੱਲ ਜਿਹੇ।
ਕਿਹੋ ਜਿਹੇ ਇਨਸਾਨ ਬਣੇ ਨੇ
ਕਿਹੋ ਜਿਹੇ ਇਨਸਾਨ ਬਣੇ ਨੇ,
ਆਪਣੇ ਤੋਂ ਅਣਜਾਨ ਬਣੇ ਨੇ।
ਸੌਦੇ ਕਰਨ ਈਮਾਨਾਂ ਦੇ ਇਹ
ਐਨੇ ਬੇਈਮਾਨ ਬਣੇ ਨੇ।
ਰੋਗੀ ਨੇ ਜਨਮਾਂ ਜਨਮਾਂ ਦੇ,
ਉਪਰੋ ਇਹ ਲੁਕਮਾਨ ਬਣੇ ਨੇ।
ਮਾਨਵਤਾ ਦੀ ਲੁੱਟ ਖੋਹ ਕਰਦੇ,
ਖੁਦ ਆਪਣਾ ਨੁਕਸਾਨ ਬਣੇ ਨੇ।
ਅੰਦਰੋ ਸ਼ਾਤਿਰ ਬਾਹਰੋਂ ਚਾਤਰ,
ਵੇਖਣ ਨੂੰ ਨਾਦਾਨ ਬਣੇ ਨੇ।
ਰੂਹਾਂ ਨੂੰ ਇਹ ਨੋਚ ਰਹੇ ਨੇ,
ਕਿਹੋ ਜਿਹੇ ਰਹਿਮਾਨ ਬਣੇ ਨੇ।
ਕੁਝ ਹੀ ਨੇ ਉਹ ‘ਦੀਦ ਦਵਿੰਦਰ’
ਸੱਚ ਦੇ ਜੋ ਨਿਸ਼ਾਨ ਬਣੇ ਨੇ |
ਬੇਸ਼ੱਕ ਰਾਹਾਂ ਲੰਮੇਰੀਆਂ ਨੇ
ਆਪਣੇ ਬੇਗਾਨਿਆਂ ਨੇ, ਅੱਖਾਂ ਜੋ ਫੇਰੀਆਂ ਨੇ।
ਮਾਯੂਸ ਮੈਂ ਕਿਉਂ ਹੋਵਾਂ, ਸੋਚਾਂ ਇਹ ਮੇਰੀਆਂ ਨੇ।
ਜੀਵਨ ਸ਼ਿੰਗਾਰਨਾ ਹੈ, ਨਫਰਤ ਨੂੰ ਮਾਰਨਾ ਹੈ,
ਇਸ ਦਿਲ ਦੇ ਵਿੱਚ ਰੱਖੀਆਂ, ਰੀਝਾਂ ਬਥੇਰੀਆਂ ਨੇ।
ਚੱਲ ਉੱਠ ਦਿਲਾ ਵੇ ਚੱਲੀਏ, ਉਸ ਦਿਸਹੱਦੇ ਤੋਂ ਅੱਗੇ,
ਮੰਜ਼ਿਲ ਉਡੀਕਦੀ ਹੈ, ਲਾਈਆਂ ਕਿਉਂ ਦੇਰੀਆਂ ਨੇ।
ਸਾਡੇ ਲਈ ਜੋ ਕੰਡੇ, ਰਾਹਾਂ 'ਚ ਬੀਜਦੇ ਰਹੇ,
ਉਹਨਾਂ ਦੇ ਰਾਹੀਂ ਆਪਾਂ, ਕਲੀਆਂ ਖਲੇਰੀਆਂ ਨੇ।
,
ਇਨਸਾਨੀਅਤ ਦਾ ਚਿਹਰਾ, ਜੇਕਰ ਸੰਵਾਰਨਾ ਹੈ,
ਕਰੀਏ ਸ਼ੁਰੂ ਇਹ ਕੋਸ਼ਿਸ਼, ਢਾਹੀਆ ਕਿਉਂ ਢੇਰੀਆਂ ਨੇ।
ਫੁੱਲਾਂ ਤੇ ਸਹਿਮ ਛਾਇਆਂ, ਪੱਤੇ ਵੀ ਕੰਬ ਰਹੇ ਨੇ,
ਸਾਂਭੋ ਚਮਨ ਨੂੰ ਵੇਖੋ, ਚੱਲੀਆਂ ਹਨੇਰੀਆਂ ਨੇ।
ਅਣਥੱਕ ਮੁਸਾਫਿਰਾਂ ਨੇ ਮੰਜ਼ਿਲ ਤੇ ਪਹੁੰਚ ਜਾਣੈ,
ਨਹੀਂ ‘ਦੀਦ’ ਰੁਕਣਾ ਬੇਸ਼ੱਕ ਰਾਹਾਂ ਲੰਮੇਰੀਆਂ ਨੇ।
ਸੰਪਰਕ -94637-78280

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.