ਮਾਂ ਨੂੰ ਯਾਦ ਕਰਦਿਆਂ

 ਮਾਂ ਨੂੰ ਯਾਦ ਕਰਦਿਆਂ

31 ਅਗਸਤ ਦਾ ਦਿਨ ਸੀ।ਹਰ ਮਹੀਨੇ ਦੀ 30 ਜਾਂ 31 ਤਰੀਕ ਨੂੰ ਬਾਪੂ ਨੂੰ ਪੈਨਸ਼ਨ ਮਿਲਦੀ ਤੇ ਮੈਂ ਬਾਪੂ ਨੂੰ ਪੈਨਸ਼ਨ ਦਿਵਾਉਣ ਲਈ ਨੇੜਲੇ ਕਸਬੇ ਲੈਣ ਜਾਂਦਾ।ਅਸੀਂ ਪੈਨਸ਼ਨ ਲਿਆਉਣ ਲਈ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਉੱਠ ਰਹੇ ਸਨ। ਕਿਉਂਕਿ ਪਿਛਲੀ 31 ਜੁਲਾਈ ਨੂੰ ਹੀ ਤਾਂ ਬੀਬੀ ਇਸ ਸੰਸਾਰ ਤੋਂ ਰੁਖ਼ਸਤ ਹੋਈ ਸੀ ਪਰ ਪਤਾ ਨਹੀਂ ਕਿਉਂ ਮਨ ਅਜੇ ਵੀ ਨਾ ਮੰਨਦਾ ਕਿ ਬੇਬੇ ਇਸ ਦੁਨੀਆ ਵਿੱਚ ਨਹੀਂ ਰਹੀ।ਮੈਂ ਅਜੇ ਵੀ ਇਹੀ ਸੋਚਦਾ ਕਿ ਉਹ ਭੈਣ ਦੀ ਖ਼ਬਰ ਨੂੰ ਉਹਦੇ ਘਰ ਗਈ ਹੋਈ ਹੈ।ਉਹ ਕੱਲ੍ਹ ਜਾਂ ਪਰਸੋਂ ਵਾਪਸ ਆ ਜਾਵੇਗੀ। ਕਿਉਂਕਿ ਉਹ ਅਕਸਰ ਹੀ ਮੇਰੀ ਘਰਵਾਲ਼ੀ ਨੂੰ ਫੋਨ ਕਰਕੇ ਕਹਿੰਦੀ ਰਹਿੰਦੀ ਸੀ ਕਿ ਮੈਂ ਕੱਲ੍ਹ ਨੂੰ ਵਾਪਸ ਆ ਜਾਣਾ ਹੈ।ਮੈਂ ਆਪਣੇ ਫੋਨ ਵਿੱਚੋਂ ਬੀਬੀ ਦਾ ਨੰਬਰ ਵੀ ਅਜੇ ਤੱਕ ਡਿਲੀਟ ਨਹੀਂ ਕੀਤਾ ਸੀ।

     ਮੈਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਦਬਾਉਂਦਾ ਹੋਇਆ ਅੱਖਾਂ ਵਿੱਚ ਆਉਂਦੇ ਹੰਝੂਆਂ ਨੂੰ ਰੋਕਦਾ...ਕਿ ਕੀਤੇ ਬਾਪੂ ਮੇਰੀਆਂ ਭਾਵਨਾਵਾਂ ਨੂੰ ਸਮਝ ਨਾ ਲਵੇ ਤੇ ਉਹ ਖੁਦ ਨਾ ਰੋਣ ਲੱਗ ਜਾਵੇ। ਕਿਉਂਕਿ ਪੂਰੇ ਇੱਕ ਮਹੀਨੇ ਤੋਂ ਬਾਪੂ ਵਿਚਾਰਾ ਗੁੰਮ-ਸੁੰਮ ਜਿਹਾ ਰਹਿ ਰਿਹਾ ਸੀ। ਉਸ ਦੀ ਸਿਹਤ ਵੀ ਕਾਫੀ ਖਰਾਬ ਹੋ ਗਈ ਸੀ ਪਰ ਮੈਂ ਬਾਪੂ ਦੀਆਂ ਭਾਵਨਾਵਾਂ ਨੂੰ ਕਦੋਂ ਤੱਕ ਰੋਕ ਸਕਦਾ ਸੀ। ਮਹੀਨੇ ਵਿੱਚ ਇੱਕ ਇਹੀ ਤਾਂ ਦਿਨ ਹੁੰਦਾ ਸੀ ਜਦੋਂ ਬਾਪੂ ਨੂੰ ਪੈਨਸ਼ਨ ਮਿਲਦੀ ਤੇ ਉਹ ਸਾਨੂੰ ਸਾਰਿਆਂ ਨੂੰ ਬਰਾਬਰ-ਬਰਾਬਰ ਪੈਸੇ ਵੰਡ ਦਿੰਦਾ ਤੇ ਕੁੱਝ ਪੈਸੇ ਆਪ ਰੱਖ ਲੈਂਦਾ।ਅੱਜ ਵੀ ਮੇਰੇ ਮਨ ਵਿੱਚ ਇਹੀ ਡਰ ਵਾਰ-ਵਾਰ ਆਈ ਜਾਂਦਾ ਸੀ ਕਿ ਅੱਜ ਕੀ ਹੋਵੇਗਾ?

     ਮੈਂ ਕਈ ਸਵਾਲਾਂ ਨਾਲ ਘਿਰਿਆ ਹੋਇਆ ਆਪਣੇ ਮਨ ਦੀਆਂ ਭਾਵਨਾਵਾਂ ਤੇ ਕਾਬੂ ਪਾਉਂਦਾ ਹੋਇਆ ਬਾਪੂ ਨੂੰ ਪੈਨਸ਼ਨ ਦਵਾ ਕੇ ਘਰ ਆ ਗਿਆ ਸੀ।ਬਾਪੂ ਮੰਜੇ ਤੇ ਬੈਠਿਆ ਹੋਇਆ ਹਰ ਵਾਰ ਦੀ ਤਰ੍ਹਾਂ ਪੈਸੇ ਦਾ ਹਿਸਾਬ ਲਾਉਂਦਾ ਹੋਇਆ ਗਿਣ-ਗਿਣ ਕੇ ਪੈਸੇ ਮੈਨੂੰ ਫ਼ੜਾਉਣ ਲੱਗਿਆ...ਆਹ ਲੈ ਐਨੇ ਤੇਰੇ...ਆਹ ਐਨੇ ਤੇਰੇ ਭਾਈ ਦੇ...ਐਨੇ ਦੇ ਸੌਦੇ ਲੈ ਆਵੀਂ...ਐਨੇ ਦੀਂਆਂ ਦਵਾਈਆਂ...ਆਹ ਬਾਕੀ ਆਪਣੀ ਬੀਬੀ ਨੂੰ ਦੇ ਦਵੀਂ...ਓਹ ਜਦੋਂ ਘਰ ਆਊ...।ਮੈਂ ਆਪਣੀ ਬੀਬੀ ਦੇ ਪੈਸੇ ਮੁੱਠੀ ਵਿੱਚ ਘੁੱਟ ਆਪਣੀਆਂ ਭਾਵਨਾਵਾਂ ਨੂੰ ਲੁਕਾਉਂਦਾ ਹੋਇਆ ਅਜੇ ਪਰ੍ਹਾਂ ਨੂੰ ਮੂੰਹ ਹੀ ਫੇਰਨ ਲੱਗਾ ਸੀ ਕਿ ਇੰਨੇ ਨੂੰ ਬਾਪੂ ਦੀ ਵੀ ਹੁੱਬ ਨਿਕਲ ਗਈ...ਤੇ ਉਹ ਉੱਚੀ-ਉੱਚੀ ਰੋਣ ਲੱਗਿਆ।

       ਜਿਵੇੰ ਹੀਂ ਮੈਂ ਬਾਪੂ ਨੂੰ ਚੁੱਪ ਕਰਾਉਂਦਾ ਹੋਇਆ ਗਲ਼ ਨਾਲ਼ ਲਾ ਸੰਭਾਲਣ ਲੱਗਿਆ ਤਾਂ....ਬਾਪੂ ਦੀਆਂ ਭੁੱਬਾਂ ਚੋਂ' ਆਵਾਜ਼ ਅਈ...."ਭਾਈ!ਇਹ ਉਮਰਾਂ ਦਾ ਸਾਥ ਇੰਨੀ ਜਲਦੀ ਨਹੀਂ ਭੁਲਾਇਆ ਜਾਣ ਵਾਲਾ, ਥੋੜ੍ਹਾ ਸਮਾਂ ਤਾਂ ਜ਼ਰੂਰ ਲੱਗੂ।”

ਜੇ.ਐੱਸ.ਮਹਿਰਾ

9592430420

Post a Comment

0 Comments