ਕਹਾਣੀ
ਪਰਕਾਸ਼
ਨੇ ਕਦੇ ਏਨੀ ਜ਼ਿੱਦ ਨਹੀਂ ਸੀ ਕੀਤੀ। ਇਸ ਵਾਰ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ?
“ਆਪਾਂ ਜ਼ਰੂਰ ਦਰਸ਼ਨ ਕਰਨੇ
ਨੇ, ਇਸ਼ਨਾਨ ਵੀ ਕਰਨੈ '' ਉਹ ਵਾਰ ਵਾਰ ਕਹਿ ਰਹੀ ਸੀ।
ਗੁਰਮੀਤ
ਸਿੰਘ ਦਾ ਜੀਅ ਨਹੀਂ ਸੀ ਕਰ ਰਿਹਾ। ਵੈਸੇ ਵੀ ਉਹ ਭੀੜ- ਭੜੱਕੇ ਤੋਂ ਕੰਨੀ ਕਤਰਾਉਂਦਾ ਸੀ। ‘ਮੇਲੇ ਦੇ ਤਿੰਨ ਕੰਮ ਧੱਕੇ-ਧੁੱਪ, ਧੂੜ, ਨਿਕੰਮੇ ਧੱਕੇ' ਕਹਾਵਤ ਉਸ ਨੇ ਸਿਰਫ਼ ਸੁਣੀ ਹੀ ਨਹੀਂ ਸੀ ਹੋਈ, ਅਨੁਭਵ ਵੀ ਕੀਤੀ ਹੋਈ ਸੀ। ਸਰਦੀ ਕਾਰਨ ਬੇਸ਼ਕ ਧੁੱਪ ਤਾਂ ਨਹੀਂ
ਸੀ ਹੋਣੀ, ਪਰ ‘ਧੂੜ’ ਤੇ ‘ਧੱਕੇ’ ਤਾਂ ਹੋਣਗੇ ਹੀ।
ਅਜਿਹਾ ਵੀ ਨਹੀਂ ਕਿ ਪਤਨੀ ਦੀ ਜ਼ਿੱਦ ਕਾਰਨ ਉਸ ਨੂੰ ਗੁੱਸਾ ਆਇਆ ਹੋਵੇ, ਸਗੋਂ ਉਸ ਨੂੰ ਤਾਂ ਇਹ ‘ਜ਼ਿੱਦ’ ਬਹੁਤ ਹੀ ‘ਪਿਆਰੀ’ ਲੱਗੀ ਸੀ- ਮੋਹ ਅਤੇ ਅਪਣੱਤ
ਭਰੀ। ਫਿਰ, ਪਰਕਾਸ਼ ਨੇ ਤਾਂ ਇਕ ਅਤੀ
ਲੋੜੀਂਦੇ ਪਵਿੱਤਰ ਕਾਰਜ ਲਈ ਸ਼ਿੱਦਤ ਭਰੀ ਇੱਛਾ ਦਾ ਪ੍ਰਗਟਾਵਾ ਕੀਤਾ ਸੀ। ਇਸ ਲਈ, ਗੁਰਮੀਤ ਨੂੰ ਅਪਰਵਾਨ ਹੋ ਹੀ ਨਹੀਂ ਸੀ ਸਕਦੀ।
ਗੁਰੂਸਰ
ਸਾਹਿਬ ਵਿਖੇ ਦੇਸ਼-ਵਿਦੇਸ਼ ਦੀ ਸੰਗਤ ਜੁੜੀ ਰਹਿੰਦੀ। ਇਸ ਇਤਿਹਾਸਕ ਮਹਾਂਨਗਰ ਵਰਗੇ ਸ਼ਹਿਰ ਵਿੱਚ, ਵੱਡੀ ਗਿਣਤੀ ਵਿੱਚ ਗੁਰਦੁਆਰੇ, ਮੰਦਰ ਅਤੇ ਹੋਰ ਦੇਖਣਯੋਗ ਸਥਾਨ ਸਨ।
ਵਿਸ਼ਾਲ
ਪਵਿੱਤਰ ਸਰੋਵਰ ਸਨ। ਜਗਿਆਸੂ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਇਸ਼ਨਾਨ ਕਰਕੇ ਆਪਣੇ ਦੁੱਖਾਂ ਤੇ
ਪਾਪਾਂ ਦਾ ਨਾਸ਼ ਕਰਨ ਦਾ ਉਪਰਾਲਾ ਕਰਦੇ ਸਨ।
ਪਰਕਾਸ਼
ਨੂੰ ਤਾਂ ਉਸ ਦੀ ਸੱਸ ਨੇ ਹੀ ਜ਼ੋਰ ਪਾਇਆ ਸੀ। ਮੁੰਡੇ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਸਨ ਪਰ
ਅਜੇ ਤੱਕ ਉਹ ਦਾਦੀ ਨਹੀਂ ਸੀ ਬਣ ਸਕੀ। ਉਸ ਨੇ ਸਿਰਫ਼ ਸੁਣ ਹੀ ਨਹੀਂ ਸੀ ਰੱਖਿਆ, ਸਗੋਂ ਅਜ਼ਮਾਇਸ਼ ਵੀ ਕੀਤੀ ਹੋਈ ਸੀ ਕਿ ਹਰ ਸਾਲ ‘ਜੋੜ-ਮੇਲੇ’ ਦੇ ਮੌਕੇ ਇਸ਼ਨਾਨ ਕੀਤਿਆਂ ‘ਫਲ’ ਦੀ ਪ੍ਰਾਪਤੀ ਹੁੰਦੀ ਹੈ।
ਪਰਕਾਸ਼
ਨੂੰ ਆਪਣੀ ਸੱਸ ਦੀ ਗੱਲ ਪਸੰਦ ਆ ਗਈ ਸੀ। ਉਸ ਨੇ ਫਟਾ- ਫਟ ਮਨ ਬਣਾ ਲਿਆ।
‘ਮਿੱਠਿਆਂ ਮੇਵਿਆਂ’ ਦੀ ਆਖਿਰ ਕਿਸ ਨੂੰ ਜ਼ਰੂਰਤ ਨਹੀਂ ਹੁੰਦੀ ?
“ਯਾਰ, ਸਰੋਵਰ ਦਾ ਪਾਣੀ ਤਾਂ ਕਾਫ਼ੀ ਠੰਡਾ ਹੋਊ।” ਗੁਰਮੀਤ ਨੇ ਪਿਆਰ ਭਰੇ ਵਿਅੰਗ ਨਾਲ ਕਿਹਾ।ਏਸੇ ਠੰਡ ਨੇ ਹੀ
ਆਖਿਰ ਨਿੱਘ ਦੇਣੈ।” ਪਰਕਾਸ਼ ਨੇ ਵੀ ਰਮਜ਼ ਵਾਲਾ
ਜਵਾਬ ਦਿੱਤਾ।
“ਉਹ ਕਿਵੇਂ ?”
ਪਰਕਾਸ਼
ਆਪਣੇ ਪਤੀ ਦੇ ਬਿਨਾ ਸੋਚੇ-ਸਮਝੇ ਹੀ ‘ਉਹ ਕਿਵੇਂ ਕਹਿ ਦੇਣ
'ਤੇ ਕੁੱਝ ਪਲ ਲਈ ਖਾਮੋਸ਼ ਹੋ
ਗਈ ਸੀ।
ਕਿਉਂਕਿ
ਉਸ ਦੀ ਖਾਮੋਸ਼ੀ ਅਰਥ-ਪੂਰਣ ਸੀ। ਇਸੇ ਲਈ ਗੁਰਮੀਤ ਸਿੰਘ ਦੀ ਸਮਝ ਵਿੱਚ ਜਲਦੀ ਹੀ ਆ ਗਈ। ਵਿਹੜੇ
ਦੀ ਰੌਣਕ' ਦੀ ਉਸ ਨੂੰ ਪਰਕਾਸ਼ ਜਿੰਨੀ
ਹੀ ਤਾਂਘ ਤੇ ਜ਼ਰੂਰਤ ਸੀ।
ਗੁਰਸੂਰ
ਸਾਹਿਬ ਦਾ ਨਜ਼ਾਰਾ ਵੀ ਤਾਂ ਦੇਖਣ ਤੇ ਮਾਨਣਯੋਗ ਸੀ। ਵੰਨ- ਸੁਵੰਨੇ ਲੋਕ ਅਤੇ ਵੰਨੋ-ਵੰਨ ਦੇ
ਉਨ੍ਹਾਂ ਦੇ ਰੰਗ-ਢੰਗ।
...ਤੇ
ਉਹਨਾਂ ਵਿਚਲੀ ਸ਼ਰਧਾ ?... ਕੀ ਪੁੱਛਣਾ ?
ਦੋਵੇਂ
ਪਤੀ-ਪਤਨੀ ਖੁਸ਼ ਸਨ। ਸਾਰੇ ਸ਼ਹਿਰ ਵਿੱਚ ਲੋਕਾਂ ਦਾ ਜਿਵੇਂ ਹੜ੍ਹ ਆਇਆ ਹੋਇਆ ਸੀ। ਕਿਤੇ ਵੀ ਤਿਲ
ਸੁੱਟਣ ਨੂੰ ਥਾਂ ਨਹੀਂ ਸੀ। ਬੱਸ ਅੱਡੇ ਤੋਂ ਉਹ ਮੇਲੇ ਵਾਲੇ ਸਥਾਨ 'ਤੇ ਆਟੋ-ਰਿਕਸ਼ਾ ਰਾਹੀਂ ਪਹੁੰਚੇ। ਨਿਸ਼ਚਿਤ ਸਥਾਨ 'ਤੇ ਪਹੁੰਚਦੇ-ਪਹੁੰਚਦੇ ਉਨ੍ਹਾਂ ਦਾ ਕਾਫੀ ਸਾਰਾ ਵਕਤ ਖਰਾਬ ਹੋ
ਗਿਆ। ਅੱਜ ਕੋਈ ਖਾਸ ਇਤਿਹਾਸਕ ਦਿਨ ਸੀ। ਪਰਿਕਰਮਾ ਵਿਚ ਵੀ ਮੋਢੇ ਨਾਲ ਮੋਢਾ ਖਹਿ ਰਿਹਾ ਸੀ।
ਘੁੰਮਦੇ-ਘੁੰਮਦੇ
ਇਕ ਥਾਂ ਅਜਿਹੀ ਆਈ, ਜਿੱਥੇ ਕੁੱਝ ਪਲ ਲਈ ਮੱਲੋ-
ਮੱਲੀ ਉਨ੍ਹਾਂ ਨੂੰ ਰੁਕਣਾ ਪੈ ਗਿਆ। ਦ੍ਰਿਸ਼
ਹੈਰਾਨੀ-ਦਾਇਕ ਸੀ। ਸਾਰਾ ਕੁੱਝ ਨਾ- ਮੰਨਣਯੋਗ ਹੁੰਦਿਆਂ ਹੋਇਆਂ ਵੀ ਧਾਰਮਕ ਸਥਾਨ ਨਾਲ ਸੰਬੰਧਤ ਹੋਣ
ਕਾਰਨ ਸਵੀਕਾਰ ਕਰਨ ਵਾਲਾ ਸੀ।
ਕੁੱਝ
ਵਿਅਕਤੀਆਂ ਦੀਆਂ ਤਸਵੀਰਾਂ ਸਨ, ਜਿਨ੍ਹਾਂ ਨੇ ਕੁੱਝ ਲੋਕਾਂ
ਦੀਆਂ ਜੇਬਾਂ ਸਾਫ਼ ਕਰ ਜਾਂ ਕੱਟ ਲਈਆਂ ਸਨ। ਸਾਮਾਨ ਚੋਰੀ ਕੀਤਾ ਸੀ। ਇੱਥੋਂ ਤੱਕ ਕਿ ਗੋਲਕਾਂ ਦੇ
ਜਿੰਦੇ ਵੀ ਤੋੜੇ ਸਨ।
ਪਰਕਾਸ਼ ਹੈਰਾਨ ਰਹਿ ਗਈ। ਗੁਰਮੀਤ ਸਿੰਘ ਤਾਂ ਕਾਫ਼ੀ ਪਰੇਸ਼ਾਨ ਹੋ ਗਿਆ
ਸੀ। ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਸੀ ਰਿਹਾ ਕਿ ਪਰਕਾਸ਼ ਗਹਿਣਿਆਂ ਨਾਲ ਲੱਦੀ-ਲਦਾਈ
ਏਨੇ ਭੀੜ-ਭੜੱਕੇ ਵਾਲੇ ਸਥਾਨ 'ਤੇ ਆ ਪਹੁੰਚੀ ਸੀ।
ਉਹ
ਤਾਂ ਕੋਈ ਭਾਰਾ ਜਾਂ ਮੋਟਾ ਕੱਪੜਾ ਵੀ ਨਾਲ ਲੈਕੇ ਨਹੀਂ ਸਨ ਤੁਰੇ। ਉਨ੍ਹਾਂ ਦੀ ਸੋਚ ਅਤੇ ਅਨੁਮਾਨ
ਦੇ ਉਲਟ ਰਾਤ ਕੱਟਣ ਲਈ ਕਮਰਾ ‘ਆਸਾਨੀ ਨਾਲ’ ਤਾਂ ਕੀ ਮਿਲਣਾ ਸੀ, ਪਰ ਥਕਾਵਟ ਭਰੀ,
ਭੱਜ-ਦੌੜ
ਦੇ ਬਾਵਜੂਦ ਵੀ ਜਦੋਂ ਨਾ ਮਿਲਿਆ ਤਾਂ ਪਰਕਰਮਾ ਦੇ ਬਰਾਂਡੇ ਦੀ ਇਕ ਨੁੱਕਰੇ ਉਹ ਅਹਿਲ ਬੁੱਤਾਂ
ਵਾਂਗ ਠਠੰਬਰ ਕੇ ਖੜ੍ਹ ਗਏ।
ਦੋਹਾਂ
ਦੇ ਚਿਹਰੇ ਪ੍ਰਸ਼ਨ-ਚਿੰਨ੍ਹ ਬਣੇ ਹੋਏ ਸਨ। ਇਧਰ-ਉਧਰ ਹਰ ਥਾਂ ਫਰਸ਼ ਉੱਤੇ ਹੀ ਯਾਤਰੂਆਂ ਨੇ
ਆਪੋ-ਆਪਣੇ ਬਿਸਤਰੇ ਆਦਿ ਵਿਛਾ ਕੇ ਰਾਤ ਕੱਟਣ ਦਾ ਬੰਦੋਬਸਤ ਕਰ ਲਿਆ ਸੀ। ਗੁਰਮੀਤ ਨੇ ਦੇਖਿਆ, ਇਕ ਪਾਸੇ ਕੰਧ 'ਤੇ ਲਿਖਿਆ ਸੀ- ‘ਜੇਬ ਕਤਰਿਆਂ ਤੋਂ ਬਚੋ।
ਉਸ ਨੇ ਆਪਣਾ ਬਟੂਆ ਪੈਂਟ ਦੀ ਜੇਬ ਵਿੱਚੋਂ ਕੱਢ ਕੇ ਸੁਆਟਰ ਦੇ ਥੱਲੇ
ਕਮੀਜ਼ ਦੀ ਮੂਹਰਲੀ ਜੇਬ ਵਿੱਚ ਰੱਖ ਲਿਆ। ਪਰ ਪਤਨੀ ਦੇ ਗਹਿਣੇ ? ਗੁਰਮੀਤ ਸਿੰਘ ਸੋਚ ਰਿਹਾ ਸੀ- ਉਹ ਤਾਂ ਲੁਕੋ ਕੇ ਨਹੀਂ ਸਨ
ਲੁਕਣੇ | ਹੁਣ ਤੱਕ ਪਤਾ ਨਹੀਂ ਕਿੰਨੇ
ਕੁ ‘ਲੋਕਾਂ' ਨੇ ਦੇਖ ਲਏ ਹੋਣਗੇ ? ਹੋ ਸਕਦਾ ਹੈ ਕਿ ਕੋਈ ਪਿੱਛਾ ਵੀ ਕਰ ਰਿਹਾ ਹੋਵੇ।
...ਤੇ ਭੀੜ ਵਿੱਚੋਂ ਅਚਾਨਕ ਹੀ
ਨਿਕਲ ਕੇ ਇਕ ਆਦਮੀ ਉਨ੍ਹਾਂ ਦੇ ਸਾਹਮਣੇ ਆ ਖੜ੍ਹਾ। ਅੱਧਖੜ੍ਹ ਜਿਹਾ। ਇਕਹਿਰੇ ਸਰੀਰ ਤੇ ਆਮ ਜਿਹੀ
ਦਿੱਖ ਵਾਲਾ ਖੁੱਲ੍ਹਾ ਦਾੜ੍ਹਾ ਤੇ ਚਿਹਰੇ ਤੇ ਚੁਸਤੀ-ਫੁਰਤੀ।
ਸ਼ੱਕੀ
ਜਿਹੀਆਂ ਨਜ਼ਰਾਂ ਨਾਲ,
ਅਜੇ
ਗੁਰਮੀਤ ਸਿੰਘ ਉਸ ਨੂੰ ‘ਆਓ ਜੀ, ਗਿਆਨੀ ਜੀ,” ਕਹਿ ਕੇ ਸੰਬੋਧਨ ਕਰਨ ਹੀ
ਲੱਗਾ ਸੀ ਕਿ ਉਹ ਪਹਿਲਾਂ ਹੀ ਬੋਲ ਪਿਆ, “ਤੁਹਾਨੂੰ ਕਮਰਾ ਨਹੀਂ ਮਿਲਿਆ
ਸ਼ਾਇਦ।”
“ਹਾਂ ਜੀ ਨਹੀਂ ਮਿਲਿਆ, ਪਰ ਤੁਹਾਨੂੰ ਕਿਵੇਂ ਪਤੈ ?”
ਗਿਆਨੀ
ਜੀ ਚੁੱਪ ਹੀ ਰਿਹਾ। ਬੱਸ ਉਨ੍ਹਾਂ ਦੋਹਾਂ ਦੇ ਚਿਹਰਿਆਂ ਵੱਲ ਦੇਖਦਾ ਰਿਹਾ
ਗੁਰਮੀਤ
ਨੇ ਸੁਆਲ ਕੀਤਾ,
“ਜੀ
ਤੁਸੀਂ ?”
“ਮੈਂ ਇੱਥੋਂ ਦਾ ਸੇਵਾਦਾਰ
ਹਾਂ। ਮੈਂ ਆਪਣਾ ਫ਼ਰਜ਼ ਸਮਝ ਕੇ ਤੁਹਾਨੂੰ ਪੁੱਛ ਰਿਹਾ ਹਾਂ,” ਬਹੁਤ ਹੀ ਸਪੱਸ਼ਟ ਉੱਤਰ ਦੇਣ
ਉਪਰੰਤ ਗਿਆਨੀ ਜੀ ਇੱਕ ਵਾਰ ਫੇਰ ਪਰਕਾਸ਼ ਵੱਲ ਦੇਖਣ ਲੱਗ ਪਿਆ ਸੀ। ਸ਼ਾਇਦ ਉਸ ਦੇ ਗਹਿਣਿਆਂ ਵੱਲ, ਜਿਹੜੇ ਪਾਰਦਾਰਸ਼ੀ ਚੁੰਨੀ
ਦੇ ਥੱਲਿਉਂ ਲਿਸ਼ ਲਿਸ਼ ਕਰ ਰਹੇ ਸਨ।
“ਚੱਲੋ ਮੇਰੇ ਨਾਲ, ਮੈਂ ਕੋਈ ਕਰਵਾ ਦਿੰਦੈਂ
ਪ੍ਰਬੰਧ।”
ਉਹ
ਕੁਝ ਦੇਰ ਰੁਕਿਆ ਅਤੇ ਫਿਰ ਕਹਿਣ ਲੱਗਾ, “ਬੀਬਾ ਜੀ ਬੇਸ਼ਕ ਇੱਥੇ ਹੀ
ਟਿਕੇ ਰਹਿਣ ਤੇ ਤੁਸੀਂ ਚੱਲੋ ਮੇਰੇ ਨਾਲ।... ਇਹ ਕਿੱਥੇ ਤੁਰੇ ਫਿਰਨਗੇ ਭੀੜ-ਭੜੱਕੇ ਵਿੱਚ ?”
ਗੁਰਮੀਤ
ਸਿੰਘ ਦੁਚਿੱਤੀ ਵਿੱਚ ਪੈ ਗਿਆ।
ਪਰ
ਕੁਝ ਵਕਤ ਦੇ ਹਾਲਾਤ ਹੀ ਅਜਿਹੇ ਸਨ ਕਿ ਨਾ ਚਾਹੁੰਦਿਆਂ ਹੋਇਆਂ
ਵੀ
ਉਸ ਨੇ ਕਾਹਲੀ ਨਾਲ ਫੈਸਲਾ ਕਰਦਿਆਂ ਪਤਨੀ ਨੂੰ ਉੱਥੇ ਹੀ ਖੜ੍ਹੇ ਰਹਿਣ ਦਾ ਇਸ਼ਾਰਾ ਕਰ ਦਿੱਤਾ ਅਤੇ
ਆਪ ਤੇਜ਼ੀ ਨਾਲ ਗਿਆਨੀ ਜੀ ਦੇ ਮਗਰ ਮਗਰ ਹੋ ਤੁਰਿਆ।
ਨਾਲੋ-ਨਾਲ ਇਹ ਸੋਚ ਵੀ ਉਸ 'ਤੇ ਭਾਰੂ ਹੋ ਗਈ ਸੀ ਕਿ ਕਿਸੇ ਦੇ ਚਿਹਰੇ 'ਤੇ ਤਾਂ ਕੁੱਝ ਲਿਖਿਆ ਨਹੀਂ ਹੁੰਦਾ। ਉਨ੍ਹਾਂ ਤਸਵੀਰਾਂ ਵਾਂਗ ਇਹ ਆਦਮੀ ਵੀ ਤਾਂ ਕੋਈ ਠੱਗ, ਚੋਰ ਜਾਂ ਚਾਲਬਾਜ਼ ਹੋ ਸਕਦਾ ਹੈ। ਵਰਗਲਾ ਕੇ ਉਸ ਦੀ ਪਤਨੀ ਦਾ ‘ਨੁਕਸਾਨ' ਕਰਨ ਦਾ ਇਰਾਦਾ ਰੱਖਦਾ ਹੋਵੇ। ਇਉਂ ਆਪਣੇ ਆਪ ਕੌਣ ਤੁਰ ਪੈਂਦਾ ਹੈ ਕਿਸੇ ਦੀ ਮਦਦ ਕਰਨ ਲਈ? ਕਿਤੇ ਦਾਲ ਵਿੱਚ ਕੁੱਝ ਕਾਲਾ ਹੀ ਨਾ ਹੋਵੇ ? ਰੱਬ ਸੁੱਖ ਰੱਖੇ। ਗੁਰਮੀਤ ਨੇ ਸੋਚਿਆ ਕਿ ਉਸ ਨੇ ਖ਼ੁਦ ਹੀ ਫ਼ੈਸਲਾ ਲਿਆ ਸੀ। ਹੁਣ ਪਛਤਾਵਾ ਕਾਹਦਾ? ਕਮਰਾ ਮਿਲ ਗਿਆ ਤਾਂ ਰਾਤ ਸੌਖੀ ਲੰਘ ਜਾਵੇਗੀ |
‘ਵੈਸੇ ਵੀ ਪਰਕਾਸ਼ ਸਾਡੇ ਨਾਲ ਤੁਰੀ ਫਿਰਦੀ ਰਹਿਣ ਨਾਲੋਂ ਉੱਥੇ ਜ਼ਿਆਦਾ
ਸੁਰੱਖਿਅਤ ਰਹੇਗੀ,' ਉਸ ਨੇ ਆਪਣੇ ਮਨ ਨੂੰ ਸਮਝਾਇਆ।
ਹਨੇਰਾ ‘ਰਾਤ’ ਵਿਚ ਬਦਲ ਗਿਆ ਸੀ। ਉਹ ਭੀੜ ਨੂੰ ਚੀਰਦੇ ਤੁਰੇ ਜਾ ਰਹੇ ਸਨ। ਏਨੇ ਨੂੰ ਬਿਜਲੀ ਗੁੱਲ ਹੋ ਗਈ। ਗੁਰਮੀਤ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਨਿਕਲ ਗਈ। ਆਪਣੀ ਜਵਾਨ ਪਤਨੀ ਦੀ ਅਸੁਰੱਖਿਆ ਦਾ ਅਹਿਸਾਸ ਉਸਨੂੰ ਵੱਢ-ਵੱਢ ਕੇ ਖਾਣ ਲੱਗ ਪਿਆ ਸੀ। ਉਹ ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗਾ। ਗੁਰਮੀਤ ਉਸ ਕਥਿਤ ‘ਸੇਵਾਦਾਰ' ਨਾਲ ਇਉਂ ਨੇੜੇ ਨੇੜੇ ਹੋ ਕੇ ਤੁਰਿਆ ਫਿਰਦਾ ਸੀ, ਜਿਵੇਂ ਉਹ ਅੱਖ ਬਚਾਅ ਕੇ ਉਸ ਤੋਂ ਕੰਨੀ ਕਤਰਾ ਜਾਣਾ ਚਾਹੁੰਦਾ ਹੋਵੇ... |
ਕਾਫ਼ੀ
ਭੱਜ-ਦੌੜ ਕੀਤੀ ਗਈ,
ਪਰ
ਕੋਈ ਵੀ ਕਮਰਾ ਨਹੀਂ ਸੀ ਮਿਲਿਆ। ਉਹ ਦੁਬਾਰਾ ਪਹਿਲਾਂ ਵਾਲੀ ਥਾਂ ਤੇ ਆ ਪਹੁੰਚੇ ਸਨ। ਪਰਕਾਸ਼
ਬੇਸ਼ਕ ਘਬਰਾਈ ਹੋਈ ਸੀ,
ਪਰ
ਪਤੀ ਦੇਵ ਨੂੰ ਦੇਖ ਕੇ ਖਿੜ ਉੱਠੀ।
ਗਿਆਨੀ
ਜੀ ਚਲਾ ਗਿਆ ਸੀ।
“ਹੁਣ ਫੇਰ ?” ਪਰਕਾਸ਼ ਨੇ ਕਿਹਾ।
“ਹੁਣ ਕੀ ? ਲਾਉਨੇ ਐਂ ਭੁੰਜੇ ਡੇਰੇ।”
ਗੁਰਮੀਤ
ਨੇ ਪਾਸੇ ਜਿਹੇ ਜ਼ਰਾ ਖੁੱਲ੍ਹੀ ਥਾਂ 'ਤੇ ਤੌਲੀਆਂ ਵਿਛਾਅ ਦਿੱਤਾ
ਸੀ। ਦੋਵੇਂ ਬੈਠ ਗਏ ਸਨ।
‘ਇੱਕ ਰਾਤ ਦਾ ਕੀ ਹੁੰਦੈ? ਗੁਰਮੀਤ ਨੇ ਹੌਸਲੇ ਨਾਲ
ਕਿਹਾ “ਇਕ ਰਾਤ ਤਾਂ ਗੱਲਾਂ-ਬਾਤਾਂ
ਮਾਰਦੇ ਹੀ ਕੱਟ ਲਾਂਗੇ। ਏਨੀ ਸਾਰੀ ਹੋਰ ਦੁਨੀਆਂ ਵੀ ਤਾਂ ਆਪਣੇ ਨੇੜੇ-ਤੇੜੇ ਪਈ ਹੀ ਐ।”
ਉਹ ਗਿਆਨੀ ਪਰਕਾਸ਼ ਨੂੰ ਪੂਰਾ ਸ਼ੱਕੀ ਆਦਮੀ ਜਾਪਿਆ ਸੀ। ਉਸ ਨੇ ਪਤੀ
ਨੂੰ ਖਬਰਦਾਰ ਕਰਦਿਆਂ ਕਿਹਾ, “ਥੋਡੇ ਵੀ ਦਿਮਾਗ ਨੂੰ ਪਤਾ ਨਹੀਂ ਕਦੇ- ਕਦੇ ਕੀ ਹੋ ਜਾਂਦੈ।
ਭੋਰਾ ਨੀ ਸੋਚਦੇ।”
ਗੁਰਮੀਤ ਨੇ ਕੁੱਝ ਪਲ ਲਈ ਕੋਈ ਜਵਾਬ ਨਹੀਂ ਸੀ ਦਿੱਤਾ। ਜਾਪਦਾ ਸੀ ਜਿਵੇਂ ਆਪਣੀ ਕਾਰਗੁਜ਼ਾਰੀ 'ਤੇ ਪਛਤਾਅ ਰਿਹਾ ਹੋਵੇ। ਪਰ ਉਹ ਇਹ ਵੀ ਸੋਚ ਰਿਹਾ ਸੀ ਕਿ ਅਜਿਹੇ ਨਾਜ਼ੁਕ ਤੇ ਗੁੰਝਲਦਾਰ ਮੌਕਿਆ ’ਤੇ ਕਈ ਦਫ਼ਾ ‘ਠੀਕ- ਗ਼ਲਤ' ਦਾ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਮਰਾ ਮਿਲ ਜਾਣਾ ਆਪਣੇ-ਆਪ ਵਿੱਚ ਵੱਡੀ ਮੁਹਿੰਮ ਸਰ ਕਰ ਲੈਣ ਦੇ ਬਰਾਬਰ ਸੀ।
ਕੁੱਝ ਦੇਰ ਪਹਿਲਾਂ ਉਨ੍ਹਾਂ ਨੇ ਲੰਗਰ-ਹਾਲ ਜਾ ਕੇ
ਪਰਸ਼ਾਦੇ ਅਤੇ ਚਾਹ ਦੇ ਗੱਫੇ ਛਕ ਲਏ ਸਨ। ਹੁਣ ਉਹ ਹੋਰ ਵੀ ਬੇਫ਼ਿਕਰ ਜਿਹੇ ਹੋਏ ਬੈਠੇ ਸਨ।
“ਆਪਾਂ ਵੀ ਕਮਲੇ ਈ ਆਂ, ”
ਪਰਕਾਸ਼
ਨੇ ਦੁਬਾਰਾ ਉਹੀ ਕਹਾਣੀ ਛੇੜ ਲਈ।
“ਕਮਲੇ ਨਹੀਂ, ਨਾ-ਤਜਰਬੇਕਾਰ।”
“ਤਜਰਬੇਹੀਣਤਾ ਵੀ ਤਾਂ
ਮੂਰਖਤਾ ਹੁੰਦੀ ਐ।”
ਕੁੱਝ
ਦੇਰ ਲਈ ਦੋਵੇਂ ਚੁੱਪ ਹੋ ਗਏ।
ਫਿਰ
ਪਰਕਾਸ਼ ਬੋਲੀ,
“ਪਰ
ਉਹ ਮਰਿਆ ਜਿਹਾ ਗਿਆਨੀ ਝਾਕਦਾ ਕਿਵੇਂ ਸੀ।"
“ਇਹ ਤਾਂ ਹੁਣ ਤੈਨੂੰ ਪਤਾ
ਹੋਊ,"
ਗੁਰਮੀਤ
ਸਿੰਘ ਨੇ ਪਰਕਾਸ਼ ਨੂੰ ਛੇੜਦਿਆਂ ਕਿਹਾ, “ਵਾਰੋ-ਵਾਰੀ ਤੇਰੇ ਵੰਨੀ ਹੀ
ਦੇਖੀ ਜਾਂਦਾ ਸੀ।”
“ਕਿਉਂ, ਮੈਨੂੰ ਫੁੱਲ ਲੱਗੇ ਸੀ ??”
“ਫੁੱਲ ਤਾਂ ਲੱਗੇ ਹੀ ਸੀ। ਨਾਲ ਸੋਨੇ ਦੇ ਗਹਿਣੇ ਵੀ ਪਾਏ ਸੀ।” ਇਸ ਸਮੇਂ ਤੱਕ ਪਰਕਾਸ਼ ਨੇ ਅਛੋਪਲੇ ਜਿਹੇ ਸਾਰੇ ਦੇ ਸਾਰੇ ਗਹਿਣੇ ਆਪਣੇ ਪਤੀ ਦੇ ਹਵਾਲੇ ਕਰ ਦਿੱਤੇ ਸਨ।
ਜਿਸ ਉਮੰਗ, ਜਜ਼ਬੇ ਤੇ ਮੰਤਵ ਨੂੰ ਲੈ ਕੇ ਅੱਜ ਉਹ ਇੱਥੇ ਆਏ ਸਨ, ਇਕ ਵਾਰੀ ਤਾਂ ਉਹਨਾਂ ਨੂੰ ਜਿਵੇਂ ਵਿਸਰ ਹੀ ਗਿਆ ਸੀ। ਬੱਸ, ਕਮਰਾ, ਕਮਰਾ,
ਕਮਰਾ
ਤੇ
ਉਹ ‘ਸੇਵਾਦਾਰ’ ਗਿਆਨੀ ਜੀ ਇਕ ਵਾਰੀ ਫੇਰ ਆ
ਪਹੁੰਚਿਆ। ਦੋਵੇਂ ਘਬਰਾ ਗਏ ਸਨ। ਉਹ ਹੁਸ਼ਿਆਰੀ ਨਾਲ ਉਸ ਤੋਂ ਅੱਖ ਬਚਾਉਣ ਦਾ ਯਤਨ ਕਰਨ ਲੱਗੇ। ਪਰ
ਉਸ ਨੇ ਤਾਂ ਅੱਖ ਝਪਕਣ ਹੀ ਨਾ ਦਿੱਤੀ। ਉਹ ਤੀਰ ਵਾਂਗ ਆਇਆ ਅਤੇ ਇਕੋ ਸਾਹ ਗੱਲ ਨਿਬੇੜ ਦਿੱਤੀ, “ਕਮਰਾ ਮਿਲ ਗਿਐ। ਆਹ ਫੜੋ
ਚਾਬੀ। ਨੰਬਰ ਇਕ ਸੌ ਗਿਆਰਾਂ।”
ਉਨ੍ਹਾਂ
ਨੂੰ ਕੋਈ ਖੁਸ਼ੀ ਨਹੀਂ ਸੀ ਹੋਈ। ਸਗੋਂ ਉਹ ਤਾਂ ਹੋਰ ਵੀ ਡਰ ਗਏ ਸਨ ਅਤੇ ਕਿੰਨੀ ਦੇਰ ਕੁੱਝ ਵੀ
ਬੋਲ ਨਾ ਸਕੇ। ਪਰਕਾਸ਼ ਸੋਚ ਰਹੀ ਸੀ, ਉਹ ਮਹਾਂਪੁਰਸ਼ ਪਤਾ ਨਹੀਂ
ਕਿਉਂ ਹੱਥ ਧੋ ਕੇ ਪਿੱਛੇ ਪੈ ਗਿਆ ਹੈ ? ਉਹ ਗੁਰਮੀਤ ਸਿੰਘ ਦੇ ਹੋਰ
ਨੇੜੇ ਹੋ ਗਈ।
ਇਸ ਤੋਂ ਪਹਿਲਾਂ ਕਿ ਦੋਹਾਂ ਵਿੱਚੋਂ ਕੋਈ ਕੁੱਝ ਬੋਲਦਾ, ਗਿਆਨੀ ਜਿਵੇਂ ਆਇਆ ਸੀ, ਉਵੇਂ ਹੀ ਚਲਾ ਗਿਆ। ਗੁਰਮੀਤ ਕਦੇ ਚਾਬੀ ਵੱਲ ਦੇਖਦਾ ਤੇ ਕਦੇ ਤੁਰੇ ਜਾਂਦੇ ਗਿਆਨੀ ਵੱਲ।
ਕਿੰਨਾ
ਚਿਰ, ਉਹ ਦੋਵੇਂ ਇਕ-ਦੂਜੇ ਦੇ
ਮੂੰਹਾਂ ਵੱਲ ਹੀ ਦੇਖਦੇ ਰਹੇ। ਠੰਡ ਕੁੱਝ ਤਿੱਖੀ ਹੋਣ ਲੱਗ ਪਈ ਸੀ। ਭੀੜ-ਭੜੱਕਾ ਵੀ ਛੁੱਟ ਗਿਆ
ਸੀ। ਆਲਾ-ਦੁਆਲਾ ਹੁਣ ਖਾਲੀ-ਖਾਲੀ ਜਿਹਾ ਲੱਗਣ ਲੱਗ ਪਿਆ ਸੀ। ਉਨ੍ਹਾਂ ਨੇ ਜਾਣ ਦਾ ਫੈਸਲਾ ਕਰ ਹੀ
ਲਿਆ।
ਕਾਫ਼ੀ ਵਿਚਾਰ-ਵਟਾਂਦਰਾ ਕਰਨ ਉਪਰੰਤ ਹੌਸਲਾ ਕਰਕੇ ਨਿਸ਼ਚਿਤ ਕਮਰੇ ਵੱਲ ਚਲੇ ਜਾਣ ਦਾ ਫੈਸਲਾ ਕਰ ਲਿਆ ਸੀ। ਉਹ ਤੁਰੇ ਜਾਂਦੇ ਲਗਾਤਾਰ ਇਧਰ-ਉਧਰ ਦੇਖਦੇ ਜਾ ਰਹੇ ਸਨ। ਉਨ੍ਹਾਂ ਨੂੰ ਵਾਰ ਵਾਰ ਇਹੀ ਮਹਿਸੂਸ ਹੋ ਰਿਹਾ ਸੀ, ਜਿਵੇਂ ਉਨ੍ਹਾਂ ਦਾ ਕੋਈ ਪਿੱਛਾ ਕਰ ਰਿਹਾ ਹੋਵੇ।
ਇਕ
ਸੌ ਗਿਆਰਾਂ ਨੰਬਰ ਕਮਰੇ ਦੇ ਬਾਹਰ ਭਾਰਾ ਜਿੰਦਰਾ ਲਟਕ ਰਿਹਾ ਸੀ। ਗੁਰਮੀਤ ਨੇ ਪਤਨੀ ਨੂੰ ਕੁੱਝ
ਕਦਮ ਪਿੱਛੇ ਹੀ ਰੋਕ ਦਿੱਤਾ। ਆਪ ਉਹ ਅੱਗੇ ਵਧਿਆ। ਦੋ-ਤਿੰਨ ਕਦਮ ਉੱਚਾ ਥੜ੍ਹਾ ਸੀ। ਥੜ੍ਹੇ ਤੇ
ਚੜ੍ਹ ਕੇ ਉਸ ਨੇ ਜਿੰਦਰੇ ਵਿੱਚ ਚਾਬੀ ਘੁੰਮਾਈ। ਜਿੰਦਰਾ ਖੁੱਲ੍ਹ ਗਿਆ। ਕਮਰੇ ਦੇ ਦੋਵੇਂ ਤਖਤੇ
ਖੋਲ੍ਹ ਕੇ ਉਸ ਨੇ ਅੰਦਰ ਰੌਸ਼ਨੀ ਕੀਤੀ। ਕਮਰਾ ਖਾਲੀ ਸੀ। ਸਭ ਕੁੱਝ ਠੀਕ-ਠਾਕ ਸੀ, ਤਸੱਲੀਬਖ਼ਸ ਸੀ। ਉਸ ਨੇ ਪਰਕਾਸ਼ ਨੂੰ ਹੱਥ ਦੇ ਇਸ਼ਾਰੇ ਨਾਲ
ਅੰਦਰ ਬੁਲਾ ਲਿਆ ਤੇ ਤੇਜ਼ੀ ਨਾਲ ਅੰਦਰੋਂ ਸਿਰਫ਼ ਚਿਟਖਣੀ ਹੀ ਨਾ ਲਾਈ, ਸਗੋਂ ਜਿੰਦਾ ਹੀ ਜੜ ਦਿੱਤਾ।
ਹੁਣ
ਚਾਹੇ ਗਿਆਨੀ ਦੇ ਫਰਿਸ਼ਤੇ ਹੀ ਕਿਉਂ ਨਾ ਖੜਕਾਉਂਦੇ ਫਿਰਨ, ਬਾਰ ਨਹੀਂ ਖੋਲ੍ਹਣਾ," ਗੁਰਮੀਤ ਸਿੰਘ ਨੇ ਚੌੜ ਨਾਲ ਗੱਦੇਦਾਰ ਬਿਸਤਰੇ 'ਤੇ ਡਿਗਦਿਆਂ ਕਿਹਾ।
ਕਮਰੇ
ਵਿੱਚ ਪੂਰਾ ਨਿੱਘ ਸੀ। ਪਰਕਾਸ਼ ਵੀ ਪੂਰੀ ਖੁਸ਼ ਨਜ਼ਰ ਆ ਰਹੀ ਸੀ। ਉਸ ਨੇ ਕੰਬਲ ਉਪਰ ਲੈਂਦਿਆਂ
ਕਿਹਾ, “ਵੈਸੇ ਕਮਾਲ ਹੋ ਗੀ, ਅੱਜ ਤਾਂ?” “ਲੈ ਕਮਾਲ ਕਾਹਦੀ ?” ਗੁਰਮੀਤ ਮੁਸਕਰਾਇਆ। ਪਤਨੀ ਵੱਲ ਤੱਕਦਿਆਂ, ਖੰਗੂਰਾ ਮਾਰ ਕੇ ਉਸ ਨੇ ਕਿਹਾ, “ਜੇਕਰ ਉਹ ਮਰਿਆ ਜਿਹਾ ਤੇਰੇ ਵੱਲ ਉਂਗਲ ਵੀ ਕਰਦਾ, ਤਾਂ ਮੈਂ ਚੁੱਕ ਕੇ ਸਰੋਵਰ ਵਿੱਚ ਸੁੱਟ ਦੇਣਾ ਸੀ।”
“ਚਾਬੀ ਫੜਦਿਆਂ ਤਾਂ ਹੱਥ
ਕੰਬੀ ਜਾਂਦੇ ਸੀ," ਪਰਕਾਸ਼ ਨੇ ਜ਼ੋਰ ਨਾਲ
ਹੱਸਦਿਆਂ ਕਿਹਾ, “ਤੇ ਹੁਣ ਦੇਖ, ਕਿਵੇਂ ਗੱਲਾਂ ਬਣਾਉਣੀਆਂ ਆਉਂਦੀਆਂ ਐ?” ਇਸ ਵਿਸ਼ੇ ’ਤੇ ਉਨ੍ਹਾਂ ਨੇ ਹੋਰ ਵੀ ਕਈ
ਤਰ੍ਹਾਂ ਦੀ ਗੱਲਬਾਤ ਕੀਤੀ। ਪਰ ਉਹ ਕਿਸੇ ਸਿੱਟੇ ’ਤੇ ਨਾ ਪਹੁੰਚ ਸਕੇ।
ਅੰਤ ਨੂੰ ਹਾਰ ਕੇ ਉਹ ਅਗਲੇ ਦਿਨ ਦੀ ਯੋਜਨਾ ਬਣਾਉਣ ਲੱਗੇ। ਸਵੇਰੇ ਸੁੱਚੇ ਮੂੰਹ ਇਸ਼ਨਾਨ ਕਰਨ ਉਪਰੰਤ ਦੇਗ਼ ਦੀ ਅਰਦਾਸ ਕਰਵਾਉਣਗੇ। ਖ਼ੁਦ ਵੀ, ਜੋ ਇੱਛਾ ਮਨਸ਼ਾ ਲੈ ਕੇ ਆਏ ਸਨ, ਉਸ ਦੇ ਪੂਰਾ ਹੋ ਜਾਣ ਲਈ ਸਨਿਮਰ ਪ੍ਰਾਰਥਨਾ ਕਰਨਗੇ |
ਰਾਤ ਆਰਾਮ ਨਾਲ ਬੀਤ ਗਈ। ਸਵੇਰ ਹੋਈ। ਆਪਣਾ ਨਿੱਕ-ਸੁੱਕ ਸੰਭਾਲਿਆ। ਉਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਹੁਣੇ ਤੋਂ ਹੀ ਕਮਰਾ ਛੱਡ ਦਿੱਤਾ ਜਾਵੇ। ਗੁਰਮੀਤ ਸਿੰਘ ਨੇ ਪਹਿਲਾਂ ਜਿੰਦਾ ਖੋਲ੍ਹਿਆ ਤੇ ਫੇਰ ਦਰਵਾਜ਼ੇ ਦੀ ਚਿਟਖਣੀ। ਜਦੋਂ ਦੋਵੇਂ ਬਾਹਰ ਆਉਣ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਬਾਰ ਅੱਗੇ ਥੜ੍ਹੇ ਉੱਤੇ ਕੋਈ ਕੰਬਲ ਵਲ੍ਹੇਟ ਕੇ ਗੁੱਛਾ-ਮੁੱਛਾ ਹੋਇਆ ਪਿਆ ਸੀ।
“ਕੌਣ ਭਾਈ ?” ਗੁਰਮੀਤ ਨੇ ਅਜੇ ਇਹ ਸੁਆਲ ਕੀਤਾ ਵੀ ਨਹੀਂ ਸੀ ਕਿ ਤਖਤਿਆਂ ਦੀ
ਆਵਾਜ਼ ਸੁਣ ਕੇ ਉਹ ਝੱਟ ਹੀ ਉੱਠ ਖੜ੍ਹਾ ਹੋਇਆ ਅਤੇ ਸਹਿਜ-ਸੁਭਾਵਿਕ ਹੀ ਉਸ ਨੇ ਪੁੱਛਿਆ, ‘ਠੀਕ-ਠਾਕ ਰਹੇ ਬੇਟਾ ਜੀ ?....... ਨੀਂਦ ਆ ਗਈ ਸੀ ?”
ਇਹ ਹੋਰ ਕੋਈ ਨਹੀਂ ਸੀ। ਉਹੀ ਗਿਆਨੀ ਜੀ ਹੀ ਸੀ। ਜੋੜੀ ਵਿੱਚੋਂ ਕੋਈ ਵੀ ਨਾ ਬੋਲਿਆ। ਕਮਰੇ ਵਾਲਾ ਭਾਰਾ ਜਿੰਦਾ ਜਿਵੇਂ ਉਨ੍ਹਾਂ ਦੀ ਜ਼ੁਬਾਨ ਨੂੰ ਲੱਗ ਗਿਆ ਹੋਵੇ।
ਗਿਆਨੀ
ਜੀ ਨੇ ਦੱਸਿਆ, “ਮੈਂ ਇੱਥੋਂ ਦਾ ਕੋਈ
ਸੇਵਾਦਾਰ ਨਹੀਂ ਹਾਂ, ਸਗੋਂ ਤੁਹਾਡੇ ਵਾਂਗ ਹੀ ਇਕ
ਯਾਤਰੂ ਹਾਂ।”
“ਤੁਸੀਂ..ਤੁਸੀਂ” ਉਹ ਇਕੱਠੇ ਹੀ ਕੁੱਝ ਕਹਿਣ ਲੱਗੇ ਸਨ, ਪਰ ਗਿਆਨੀ ਨੇ ਆਪਣੀ ਦਸਤਾਰ ਦਾ ਲੜ ਠੀਕ ਕਰਦਿਆਂ ਗੱਲ ਨੂੰ
ਅੱਗੇ ਵਧਾਇਆ, “ ਇਹ ਕਮਰਾ ਦਰਅਸਲ ਮੈਂ ਆਪਣੇ
ਲਈ ਹੀ ਬੁੱਕ ਕਰਾਇਆ ਸੀ।”
ਗੁਰਮੀਤ
ਸਿੰਘ ਅਤੇ ਪਰਕਾਸ਼ ਪਹਿਲਾਂ ਦੀ ਤਰ੍ਹਾਂ ਚੁੱਪ ਖੜੇ ਸਨ। ਗਿਆਨੀ ਜੀ ਨੇ ਬਹੁਤ ਹੀ ਮੋਹ ਨਾਲ
ਪਰਕਾਸ਼ ਵੱਲ ਤੱਕਿਆ ਅਤੇ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, “ਮੇਰੀ ਧੀ ਔਖੀ ਹੁੰਦੀ, ਇਹ ਠੀਕ ਨਹੀਂ ਸੀ।”
ਪਰਕਾਸ਼
ਨੇ ਨੀਵੀ ਪਾ ਲਈ ਸੀ ਅਤੇ ਇੱਧਰ ਗੁਰਮੀਤ ਵੀ ਹੁਣ ਬਰਫ਼ ਦਾ ਬੁੱਤ ਬਣਿਆ ਖੜ੍ਹਾ ਸੀ।
ਮੋਬਾਈਲ
-94640-76257

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.