ਚੰਡੀਗੜ੍ਹ ਵਿਖੇ ਪੰਜਾਬ ਦੇ ਭਖਦੇ ਮਸਲਿਆਂ 'ਤੇ ਹੋਈ ਕਨਵੈਨਸ਼ਨ


ਲੋਕ ਹਿੱਤਾਂ ਦੀ ਰਾਖੀ 'ਤੇ ਪਹਿਰਾ ਦੇਣਾ ਜਰੂਰੀ-ਧਾਲੀਵਾਲ

ਚੰਡੀਗੜ੍ਹ, 13 ਜੁਲਾਈ (ਬਿਊਰੋ)

ਬੀਤੇ ਕੱਲ੍ਹ ਸੀਪੀਆਈ, ਚੰਡੀਗੜ੍ਹ ਦੀ ਜ਼ਿਲ੍ਹਾ ਕੌਸਲ ਵੱਲੋਂ ਅਜੇ ਭਵਨ, ਚੰਡੀਗੜ੍ਹ ਵਿਖੇ 'ਪੰਜਾਬ ਦੇ ਭੱਖਦੇ ਮਸਲੇ' ਉਤੇ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸਾਥੀ ਨਿਰਮਲ ਸਿੰਘ ਧਾਲੀਵਾਲ (ਸੂਬਾ ਸਕੱਤਰ ਸੀਪੀਆਈ), ਬੰਤ ਬਰਾੜ, ਰਾਜ ਕੁਮਾਰ (ਜ਼ਿਲ੍ਹਾ ਕੌਸਲ, ਸਕੱਤਰ), ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਭੁਪਿੰਦਰ ਸਿੰਘ ਸ਼ਾਮਿਲ ਹੋਏ।

ਮੌਜੂਦਾ ਸਮੇਂ ਵਿੱਚ 'ਪੰਜਾਬ ਦੇ ਭੱਖਦੇ ਮਸਲੇ' ਉਤੇ ਵਿਚਾਰ ਪੇਸ਼ ਕਰਦੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਸੂਬੇ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਪਛਾਣ ਕਰਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਗੈਰਸੰਵਿਧਾਨਕ ਤਰੀਕੇ ਨਾਲ ਦੁਰਵਰਤੋਂ ਕਰਦੀ ਹੈ। ਵਿਰੋਧੀ ਸੂਬਿਆਂ ਦੀਆਂ ਸਰਕਾਰਾਂ ਨੂੰ ਛੜਯੰਤਰ ਕਰਕੇ ਗਿਰਾਉਂਦੀ ਹੈ। ਬਿਹਾਰ, ਬੰਗਾਲ ਅਤੇ ਪੰਜਾਬ ਆਦਿ ਸੂਬਿਆਂ ਦੇ ਐਮਪੀਆਂ ਦੀ ਖਰੀਦ ਫ਼ਰੋਖਤ ਕਰਕੇ ਆਪਣਾ ਖੇਮਾ ਵਧਾ ਰਹੀ ਹੈ। ਈਡੀ ਦੇ ਛਾਪੇ ਉਪਰੰਤ ਕੁਝ ਐਮਪੀਆਂ ਦੇ ਭਾਜਪਾ ਵਿੱਚ ਰਲ ਜਾਣ ਬਾਅਦ ਉਨ੍ਹਾਂ ਦੇ ਖ਼ਿਲਾਫ਼ ਜਾਂਚ ਤਕ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ। ਲੋਕ ਪੱਖੀ ਬੁੱਧੀਜੀਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਜਾਂਚ ਦੇ ਮਖੌਟੇ ਵਰਤ ਕੇ ਵਿਰੋਧ ਦਬਾਉਂਦੀਆਂ ਹਨ। 


ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲੋਂ ਕਿਸੇ ਪੱਖੋਂ ਘੱਟ ਨਹੀਂ। ਜਿਵੇਂ ਭਾਰਤ ਵਿਚ ਹਰ ਥਾਂ ਮੋਦੀ-ਮੋਦੀ ਗੁਣਗਾਨ ਚਲ ਰਿਹਾ ਹੈ ਪੰਜਾਬ ਵਿੱਚ ਭਗਵੰਤ ਮਾਨ ਵੀ ਆਪਣੇ ਆਪ ਨੂੰ ਉਸੇ ਤਰਾਂ ਪੇਸ਼ ਕਰ ਰਿਹਾ ਹੈ। ਸਰਕਾਰ ਲੋਕਾਂ ਦਾ ਕਰੋੜਾਂ ਰੁਪਿਆ ਲੁੱਟ ਕੇ ਭੋਰਾ-ਭੋਰਾ ਫਾਇਦਾ ਦੇਂਦੀ ਹੈ ਪਰ ਗੁਣਗਾਨ ਕਰਦੀ ਥੱਕਦੀ ਨਹੀਂ। ਵੱਡੇ ਨਸ਼ਾ ਤਸਕਰਾਂ/ ਨਸ਼ਾ ਮਾਫ਼ੀਆ ਦੀ ਥਾਂ ਗਰੀਬ-ਗੁਰਬਿਆਂ ਉਤੇ ਕੇਸ ਬਣਾਕੇ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ‌ ਵੱਲੋਂ ਵਿਰੋਧ ਦੀ ਅਣਹੋਂਦ ਕਾਰਨ ਹੀ ਕੇਂਦਰ ਸਰਕਾਰ ਪੰਜਾਬ ਦੇ ਸੀਬੀਐਸਸੀ ਅਤੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਰੋਲ ਕੇ ਸੰਸਕ੍ਰਿਤ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪੰਜਾਬ ਦੇ ਆਈ ਏ ਐਸ ਅਫ਼ਸਰ ਪੰਜਾਬੀ ਨੂੰ ਅਣਗੋਲਿਆ ਕਰਦੇ ਹਨ। 

ਅਜੋਕੇ ਸਮੇਂ ਵਿੱਚ ਦਰਮਿਆਨੇ ਘਰਾਂ ਦੇ ਨੌਜਵਾਨ ਮਹਿੰਗੀ ਉਚ ਸਿੱਖਿਆ ਹਾਸਲ ਨਹੀਂ ਕਰ ਸਕਦੇ ਤੇ ਠੇਕੇਦਾਰਾਂ ਕੋਲ ਨੌਕਰੀ ਕਰਦੇ ਉਨ੍ਹਾਂ ਵੱਲੋਂ ਲੁੱਟ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਗਰੀਬ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵੀ ਨਹੀਂ ਜਾ ਸਕਦੇ। ਧਨਾਡਾਂ ਦੇ ਬੱਚੇ ਕਾਨਵੈਂਟ / ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ ਜਿਨ੍ਹਾਂ ਵਿਚ ਹਰ ਇਕ ਬੱਚੇ ਨੂੰ 90% ਨੰਬਰ ਦੇਣਾ ਫੈਸ਼ਨ ਹੈ ਅਤੇ ਉਹ ਬੱਚੇ ਪੈਸੇ ਦੇ ਜ਼ੋਰ ਨਾਲ ਵਿਦੇਸ਼ ਜਾਕੇ ਗਿਆਨ ਦੀ ਘਾਟ ਕਾਰਨ ਦਰਜਾ ਚਾਰ ਕਿਰਤੀਆਂ ਦਾ ਕੰਮ ਕਰਦੇ ਸ਼ੋਸ਼ਣ ਝੱਲਦੇ ਹਨ। ਪੰਜਾਬ ਸਰਕਾਰ ਨੌਜਵਾਨਾਂ ਨੂੰ 60000 ਵਾਲੀ ਪੱਕੀ ਨੌਕਰੀ ਦੇਣ ਦੀ ਥਾਂ ਨੌਜਵਾਨਾਂ ਦੀ ਲੁੱਟ ਕਰਦੀ 6 ਤੋਂ 8000 ਦੀ ਕੱਚੀ ਨੌਕਰੀ ਨਾਲ ਸਾਰ ਰਹੀ ਹੈ।

ਸਰਕਾਰ ਕਿਸਾਨੀ ਨੂੰ ਵੀ ਉਜਾੜ ਰਹੀ ਹੈ। ਉਨ੍ਹਾਂ ਨੂੰ ਨਾ ਉਚਿਤ ਮਾਤਰਾ ਵਿਚ ਪਾਣੀ ਮਿਲਦਾ ਹੈ, ਨਾ ਬੀਜ, ਖਾਦਾਂ ਅਤੇ ਨਾ ਕੀਟਨਾਸ਼ਕ ਹੀ ਮਿਲਦੇ ਹਨ। ਕਿਸਾਨ ਦੇਸ਼ ਦਾ ਭੁੱਖਾ ਢਿੱਡ ਭਰਨ ਲਈ ਸਮਰੱਥਾ ਤੋਂ ਵੱਧ ਅਨਾਜ ਪੈਦਾ ਕਰਦੇ ਹਨ। ਭਾਵੇਂਕਿ ਫਸਲ ਦੀ ਘੱਟੋ-ਘੱਟ ਨਿਸ਼ਚਿਤ ਕੀਮਤ ਵੀ ਉਨ੍ਹਾਂ ਨੂੰ ਨਹੀਂ ਮਿਲਦੀ। ਮੋਦੀ ਸਰਕਾਰ ਸਸਤਾ ਅਨਾਜ ਅਮਰੀਕਾ ਤੋਂ ਖਰੀਦ ਕੇ ਵੀ ਕਿਸਾਨੀ ਨਾਲ ਧੋਖਾ ਕਰਦੀ ਹੈ ਕਿਉਂ ਕਿ ਭਾਰਤੀ ਕਿਸਾਨਾਂ ਦੀਆਂ ਸਬਸਿਡੀਆਂ ਖਤਮ ਕਰੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮੁਫ਼ਤ ਸਹੂਲਤਾਂ ਦੀ ਸੁਆਦੀ ਟੌਫੀ ਦੇ ਕੇ ਉਨ੍ਹਾਂ ਦੇ ਹਿੱਸੇ ਦਾ ਖੋਆ ਆਪ ਖਾ ਰਹੀ ਹੈ। ਸਾਨੂੰ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਕਰਕੇ ਲੋਕ ਹਿੱਤਾਂ ਦੀ ਰਾਖੀ ਲਈ ਪਹਿਰਾ ਦੇਣਾ ਪਵੇਗਾ ਅਤੇ ਭਵਿੱਖ ਵਿੱਚ ਲੰਮੇ ਸੰਘਰਸ਼ ਕਰਨੇ ਪੈਣਗੇ।

ਸੰਖੇਪ ਸ਼ਬਦਾਂ ਵਿੱਚ ਬੰਤ ਬਰਾੜ ਨੇ ਕਿਹਾ ਕਿ ਪੰਜਾਬ ਜਾਣਬੁਝ ਕੇ ਉਜਾੜਿਆ ਜਾ ਰਿਹਾ ਹੈ। ਨਸ਼ਾ ਤਸਕਰ ਅਤੇ ਗੈਂਗਸਟਰ ਸ਼ਰੇਆਮ ਕਤਲ ਕਰਦੇ ਘੁੰਮ ਰਹੇ ਹਨ। ਵਿਉਪਾਰੀ ਭੈਭੀਤ ਹੋਕੇ ਸੂਬੇ ਤੋਂ ਪਲਾਇਨ ਕਰ ਰਹੇ ਹਨ। ਸੂਬੇ ਦਾ ਖਜ਼ਾਨਾ ਖਾਲੀ ਹੈ, ਸੂਬੇ ਸਿਰ ਕਰਜ਼ਾ ਹਰ ਸਾਲ ਵਧਦਾ ਜਾ ਰਿਹਾ ਹੈ ਜੋ ਸੌ ਸਾਲ ਤਕ ਨਹੀਂ ਉਤਰਨਾ। ਮਨਰੇਗਾ ਵਿਚ ਬੇਲੋੜੀਆਂ ਸੋਧਾਂ ਕਾਰਨ ਕਿਰਤੀਆਂ ਦੀ ਲੁੱਟ ਕਈ ਗੁਣਾ ਵਧੀ ਹੈ, ਕੰਮ ਘੰਟਿਆਂ ਦੀ ਗਰੰਟੀ ਘਟੀ ਹੈ। ਆਂਗਨਵਾੜੀ ਕਿਰਤੀ, ਈਟੀਟੀ ਅਧਿਆਪਕ ਅਤੇ ਹਰ ਵਰਗ ਦੇ ਕਾਮਿਆਂ ਦੇ ਵਿਰੋਧ ਦੀ ਅਵਾਜ਼ ਦਬਾਉਣ ਲਈ ਸੂਬਾ ਸਰਕਾਰ ਡੰਡੇ ਦੇ ਨਾਜਾਇਜ਼ ਜ਼ੋਰ ਦੀ ਵਰਤੋਂ ਕਰਦੀ ਹੈ ਪਰ ਕਿਰਤੀ ਝੁਕਣ ਦੀ ਥਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫੇਰ ਸੰਘਰਸ਼ ਕਰਦੇ ਹਨ।

 ਉਪਰੋਕਤ ਤੋਂ ਇਲਾਵਾ ਕਨਵੈਨਸ਼ਨ ਦੌਰਾਨ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੇ ਵੀ ਸੰਬੋਧਨ ਕੀਤਾ। ਕਨਵੈਂਨਸਨ ਦੋਰਾਨ ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਸਗੀਰ ਅਹਿਮਦ, ਵੀਨਾ ਜੰਮੂ, ਅਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਸੇਵਕ ਸਿੰਘ, ਸਾਥੀ ਮਨਵਰ, ਜਸਵੰਤ ਸਿੰਘ, ਦਲੀਪ ਕੁਮਾਰ, ਅਮਰ ਸਿੰਘ, ਬਲਕਾਰ ਸਿੱਧੂ, ਮਨਜੀਤ ਮੀਤ, ਕ੍ਰਿਸ਼ਨ ਲਾਲ, ਰਾਜੀਵ ਕੁਮਾਰ, ਚੰਦਰ ਭਾਨ, ਭਾਗ ਸਿੰਘ, ਸੁਰਜੀਤ ਕੌਰ, ਪ੍ਰਲਾਦ ਸਿੰਘ ਅਤੇ ਸਤਿਆਵੀਰ ਸਮੇਤ ਤਕਰੀਬਨ 50 ਬਰਾਂਚਾਂ ਦੇ 100 ਰਹਿਨੁਮਾ ਸਾਥੀ ਸ਼ਾਮਿਲ ਹੋਏ।

ਕਨਵੈਨਸ਼ਨ ਵਿੱਚ ਆਏ ਸਾਥੀਆਂ ਦਾ ਧੰਨਵਾਦ ਪ੍ਰੀਤਮ ਸਿੰਘ ਹੁੰਦਲ ਨੇ ਕੀਤਾ।



Post a Comment

0 Comments