ਇੱਕ ਕਵਿਤਾ/ ਨਿਰਮਲ ਦੱਤ

ਨਿਰਮਲ ਦੱਤ ਦੀ ਇੱਕ ਨਵੀਂ ਕਵਿਤਾ 

ਪੁੱਛਦੇ ਹੋ 

ਕਮਰੇ ਵਿੱਚ ਮੇਰੇ  

ਮਹਿਕ ਕੇਹੀ ਹੈ; 


ਹੁਣੇ- ਹੁਣੇ 

ਕੁਝ ਤਾਰੇ ਐਥੋਂ ਉੱਠ ਕੇ ਗਏ ਨੇ; 


ਹੈਰਾਨੀ ਦੀ ਗੱਲ ਨਹੀਂ ਹੈ,

ਮੇਰੇ ਕੋਲ਼ੇ ਸਭ ਆਉਂਦੇ ਨੇ: 

ਬੱਦਲਾਂ ਕੋਲੋਂ ਖਿਝ ਕੇ 

ਬਿਜਲੀ ਆ ਜਾਂਦੀ ਹੈ,

ਰਾਤਾਂ ਨਾਲ਼ ਝਗੜ ਕੇ 

ਚੰਨ ਭੱਜਿਆ ਆਉਂਦਾ ਹੈ,

ਕੱਲ੍ਹ - ਪਰਸੋਂ ਸੂਰਜ ਆਇਆ ਸੀ 

ਇਹ ਦੱਸਣ ਲਈ 

ਕਿਵੇਂ ਸੁਭਾ ਤੇ ਸ਼ਾਮ 

ਓਸ ਲਈ 

ਹਰਦਮ ਮਿਹਣੋਂ- ਮਿਹਣੀਂ ਹੋਵਣ .


ਸਭ ਦੇ ਅੰਦਰ ਦਿਲ ਹੁੰਦਾ ਹੈ,

ਕਦੇ-ਕਦੇ ਇਹ ਦੁੱਖ ਜਾਂਦਾ ਹੈ, 

ਹਮਦਰਦੀ ਦੇ ਇੱਕ-ਦੋ ਮਿੱਠੇ ਬੋਲ ਸੁਣਨ ਲਈ 

ਕੋਈ ਦਰ ਖੜਕਾ ਦਿੰਦਾ ਹੈ.

ਮੇਰਾ ਦਰ ਤਾਂ ਪਤੈ ਤੁਹਾਨੂੰ

ਸ਼ਾਮ- ਸਵੇਰੇ

ਸਭ ਲਈ ਹੀ ਖੁੱਲ੍ਹਾ ਰਹਿੰਦਾ ਹੈ.    


ਪੁੱਛਦੇ ਹੋ ਤਾਰੇ ਕੀ ਦਰਦ ਵੰਡਾਵਣ ਆਏ;

ਦੁਖਦੇ ਹੋਏ ਰੋਹ ਨਾਲ਼

ਇਹ ਦੱਸਣ ਆਏ ਸੀ

ਪਤਾ ਨਹੀਂ ਕਿਉਂ 

ਨਵੀਂ- ਨਵੀਂ ਵੋਟਰ- ਸੂਚੀ ਵਿੱਚ 

ਓਹਨਾਂ ਦੇ ਹੁਣ ਬੇ -ਕਾਰਨ ਹੀ ਨਾਮ ਨਹੀਂ ਸਨ. 


ਸੋਚ ਰਿਹਾ ਹਾਂ

ਗੁੱਸਾ ਬੜੀ ਕਮੀਨੀ ਸ਼ੈਅ ਹੈ:

ਉਹ ਜੋ ਵੋਟ ਵਰਤ ਨਹੀਂ ਸਕਦੇ,

ਸਮਾਂ ਆਉਣ 'ਤੇ 

ਪਤਾ ਨਹੀਂ ਕੀ-ਕੀ ਵਰਤਣਗੇ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Post a Comment

0 Comments