ਚੰਡੀਗੜ੍ਹ ਵਿਖੇ ਏਟਕ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ 

ਚੰਡੀਗੜ੍ਹ,1 ਮਈ (ਬਿਊਰੋ)

ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ), ਚੰਡੀਗੜ੍ਹ ਵਲੋਂ ਏਟਕ ਨਾਲ ਸਬੰਧਤ ਯੂਨੀਅਨਾਂ ਦੇ ਰਹਿਨੁਮਾ ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਗੇਟ ਉਤੇ ਵਿਸ਼ਾਲ ਰੈਲੀ ਕੀਤੀ ਗਈ। ਸਭ ਤੋਂ ਪਹਿਲਾਂ ਸਾਥੀ ਬੰਤ ਸਿੰਘ ਬਰਾੜ, ਗੁਰਮੀਤ ਸਿੰਘ ਅਤੇ ਦੇਵੀ ਦਿਆਲ ਸ਼ਰਮਾ ਨੇ ਕਿਰਤੀਆਂ ਦਾ ਲਾਲ ਝੰਡਾ ਗੇਟ ਉਤੇ ਲਹਿਰਾਇਆ। ਕਿਰਤੀਆਂ ਨੇ 'ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ', 'ਇਨਕਲਾਬ ਜ਼ਿੰਦਾਬਾਦ' ਕਿਰਤੀ-ਕਾਮੇ ਜਿੰਦਾਬਾਦ' ਅਕਾਸ਼ ਗੁੰਜਾਊ ਨਾਅਰੇ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 

ਰੈਲੀ ਨੂੰ ਸਰਬਸ਼੍ਰੀ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਦੇਵੀ‌ ਦਿਆਲ ਸ਼ਰਮਾ, ਸਾਥੀ ਰਾਜ ਕੁਮਾਰ ਅਤੇ ਕਰਮ ਸਿੰਘ ਵਕੀਲ ਨੇ ਸੰਬੋਧਨ ਕੀਤਾ ਅਤੇ ਮਈ ਦਿਵਸ ਦੀ ਮਹੱਤਤਾ, ਸੰਘਰਸ਼ਮਈ ਇਤਿਹਾਸ ਅਤੇ ਮੌਜੂਦਾ ਸਮੇਂ ਵਿਚ ਕਿਰਤੀਆਂ ਨੂੰ ਦਰਪੇਸ਼ ਚੁਣੋਤੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਬੁਲਾਰਿਆਂ ਨੇ ਮੁਨਾਫ਼ਾ ਖੋਰ ਕਾਰਪੋਰੇਟਰਾਂ ਅਤੇ ਮਜ਼ਦੂਰ ਵਿਰੋਧੀ ਸਨਅਤਕਾਰਾਂ ਦੇ ਮਨਸੂਬਿਆਂ ਤੋਂ ਸੁਚੇਤ ਰਹਿ ਕੇ, ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਅਤੇ ਸਾਰਥਕ ਸੰਘਰਸ਼ ਜਾਰੀ ਦਾ ਸੰਦੇਸ਼ ਦਿੱਤਾ। 

ਸਾਥੀ ਬੰਤ ਬਰਾੜ ਏਟਕ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਈ ਦਿਵਸ ਮੌਕੇ ਹਰ ਧਰਮ, ਹਰ ਜਾਤ-ਬਰਾਦਰੀ ਅਤੇ ਦੁਨੀਆਂ ਦੇ ਸਭ ਗੋਰੇ-ਕਾਲੇ ਲੋਕ ਮਈ ਦਿਹਾੜੇ ਦੀ ਮਹੱਤਤਾ ਸਮਝਦੇ ਹੋਏ, ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਰਤੀਆਂ ਨੂੰ ਆਪਣੇ ਹੱਕਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਉਤੇ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕਰਨਾ ਚਾਹੀਦਾ। ਸਨਅਤਕਾਰ ਅਤੇ ਕਾਰਪੋਰੇਟ ਅਦਾਰੇ ਅਪਣੇ ਹਿੱਤ ਅੱਗੇ ਰੱਖ ਕੇ ਕਿਰਤੀਆਂ ਦਾ ਸ਼ੋਸਣ ਕਰਦੇ ਹਨ। ਕਿਰਤੀਆਂ ਉੱਤੇ ਅਤਿਆਚਾਰ ਕਰਦੇ ਹਨ ਅਤੇ ਅਨੇਕਾਂ ਸੰਘਰਸ਼ ਕਰਕੇ ਪ੍ਰਾਪਤ ਕੀਤੇ ਹੱਕ ਜਿਵੇਂ ਕਿ 8 ਘੰਟੇ ਦੀ ਡਿਊਟੀ, ਬੋਨਸ, ਵਰਦੀ, ਓਵਰਟਾਇਮ, ਯੂਨੀਅਨ ਬਣਾਉਣ ਦਾ ਹੱਕ, ਸਾਫ-ਸੁਥਰਾ ਅਤੇ ਸੁਰਖਿਅਤ ਕੰਮ ਥਾਂ ਦੇਣਾ ਆਦਿ ਬਦਲਦੇ ਜਾ ਰਹੇ ਹਨ। ਮੋਦੀ ਸਰਕਾਰ ਨੇ ਨਵੇਂ ਕਿਰਤ ਕੋਡ ਬਣਾਕੇ ਦੋ ਦਰਜਣ ਤੋਂ ਵੱਧ ਕਿਰਤੀ ਹਿਤੈਸ਼ੀ ਕਨੂੰਨ ਰੱਦ ਕਰ ਦਿੱਤੇ ਹਨ। ਅਫ਼ਸੋਸ ਕਿ ਖੇਤੀ ਕਨੂੰਨ ਅਤੇ ਕਿਰਤ ਕੋਡ ਬਣਾਉਣ ਤੋਂ ਪਹਿਲਾਂ ਸਬੰਧਤ ਧਿਰਾਂ ਨਾਲ ਉੱਚਿਤ ਸਮਾਂ ਦੇ ਕੇ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਰਾਏ ਲਈ ਗਈ।

ਅਸਲ ਵਿਚ ਕਿਰਤੀ ਦੋਖੀ ਮੋਦੀ ਸਰਕਾਰ ਤਾਂ ਲੋਕ ਹਿੱਤਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰਦੀ ਹੈ ਅਤੇ ਕਿਰਤੀਆਂ ਤੋਂ ਸੰਘਰਸ਼ ਕਰਨ ਦਾ ਹੱਕ ਵੀ ਖੋਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਦੀਵੀਂ ਸੱਚ ਹੈ ਕਿ ਦੂਨੀਆਂ ਭਰ ਦੇ ਕਾਮਿਆਂ ਨੂੰ ਇਕੱਠੇ ਹੋਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਣਾ ਹੈ।

ਸਾਥੀ ਗੁਰਮੀਤ ਸਿੰਘ ਨੇ ਹਾਜ਼ਰ ਸਾਥੀਆਂ ਦਾ ਭਰਵੀਂ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪ੍ਰੀਤਮ ਸਿੰਘ ਹੁੰਦਲ, ਮਹਿੰਦਰਪਾਲ ਸਿੰਘ, ਗੁਰਦਿਆਲ ਸਿੰਘ, ਪ੍ਰਲਾਦ ਸਿੰਘ, ਕੇਹਰ ਸਿੰਘ, ਗੁਰਚਰਨ ਸਿੰਘ, ਵਿਜੇ ਕੁਮਾਰ, ਜਸਵੰਤ ਸਿੰਘ, ਗਿਆਨ ਸਿੰਘ, ਕੀਰਤ ਸਿੰਘ, ਕੁਲਦੀਪ ਸਿੰਘ, ਸਤਿਆਵੀਰ, ਗੁਰਸਿਮਰਨ ਸਿੰਘ ਅਤੇ ਕਿਰਪਾਲ ਸਿੰਘ ਸਮੇਤ ਸ਼ਹਿਰ ਦੀਆਂ 50-55 ਨੇੜੇ ਯੂਨੀਅਨਾਂ ਦੇ ਰਹਿਨੁਮਾ ਅਹੁਦੇਦਾਰ ਸਾਥੀ ਸ਼ਾਮਿਲ ਹੋਏ।