ਬੱਚਿਆਂ ਲਈ ਬੁਝਾਰਤਾਂ ਦੀ ਪੁਸਤਕ - ਨਵੀਆਂ ਬਾਤਾਂ

ਜਸਵੀਰ ਭਲੂਰੀਆ ਦੀ ਬਾਲ ਪੁਸਤਕ ਨਵੀਆਂ ਬਾਤਾਂ

ਪੁਸਤਕ - ਨਵੀਆਂ ਬਾਤਾਂ

(ਕਾਵਿ-ਬੁਝਾਰਤਾਂ)

ਲੇਖਕ- ਜਸਵੀਰ ਸਿੰਘ ਭਲੂਰੀਆ

ਪ੍ਰਕਾਸ਼ਕ- ਕੈਫੇ ਵਰਲਡ, ਬਠਿੰਡਾ

ਸਫ਼ੇ- 111, ਮੁੱਲ- 250 ਰੁਪਏ


ਬਾਲ-ਕਵਿਤਾਵਾਂ ‘ਨਵੀਆਂ ਬਾਤਾਂ’ ਤੋਂ ਪਹਿਲਾਂ ਬਹੁ-ਪੱਖੀ ਲੇਖਕ ਜਸਵੀਰ ਸਿੰਘ ਭਲੂਰੀਆ ਪੰਜ ਹੋਰ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ਉਸ ਨੇ ਗੀਤ, ਕਵਿਤਾ,ਵਿਅੰਗ, ਮਿੰਨੀ ਕਹਾਣੀ ਅਤੇ ਬਾਲ-ਸਾਹਿਤ ‘ਤੇ ਕਲਮ-ਅਜ਼ਮਾਈ ਕੀਤੀ ਹੈ। 


               ਵਿਚਾਰ ਅਧੀਨ ਪੁਸਤਕ ਵਿੱਚ 101 ਬੁਝਾਰਤਾਂ ਨੂੰ ਅਤਿਅੰਤ ਸਰਲ ਤੇ ਸੰਖੇਪ ਸ਼ਬਦਾਂ ਵਿੱਚ ਕਾਵਿਬੰਦ ਕਰਕੇ ਇੱਕ ਬਹੁਤ ਹੀ ਕਠਿਨ ਕਾਰਜ ਕੀਤਾ ਹੈ। ਇਹ ਮੌਲਿਕ ਬੁਝਾਰਤਾਂ/ਬਾਤਾਂ ਰੋਜ਼ਾਨਾ ਅਜੀਤ ਅਖਬਾਰ ਦੇ ‘ਬਾਲ ਕੋਨੇ’ ‘ਤੇ ਅਤੇ ਲਹੌਰ ਤੋਂ ਛਪਦੇ ਬਾਲ ਮੈਗਜ਼ੀਨ ‘ਪਖੇਰੂ’ ਵਿੱਚ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਅਤੇ ਕਲਮਕਾਰ ਨੂੰ ਕਾਫ਼ੀ ਉਸਾਰੂ ਹੁੰਗਾਰਾ ਮਿਲਦਾ ਰਿਹਾ ਹੈ। 


               ਬਾਤਾਂ ਪਾਈਆਂ ਹੀ ਨਹੀਂ ਗਈਆਂ, ‘ਬੁਝਾਈਆਂ’ ਵੀ ਗਈਆਂ ਹਨ। ਇਹਨਾਂ ਵਿੱਚ ‘ਭਲੂਰੀਆ’ ਖੁਦ ਵੀ ਕਿਤੇ ਗ਼ੈਰ-ਹਾਜ਼ਰ ਨਜ਼ਰ ਨਹੀਂ ਆਉਂਦਾ। ਕਵਿਤਾ ਵਿੱਚ ‘ਕਹਾਣੀ’ ਵਰਗੀ ਉਤਸੁਕਤਾ ਪੈਦਾ ਕੀਤੀ ਗਈ ਹੈ ਤੇ ਬਾਤ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਣੀ ਹੀ ਰਹਿੰਦੀ ਹੈ। ਅੰਤ ‘ਤੇ ਇਹ ਖੁਦ ਹੀ ਬੋਲ ਪੈਂਦੀ ਹੈ :- *ਪਿਆਰੇ ਬੱਚਿਓ,ਇਹ ਹੈ ਹਾਥੀ’। *ਇਹ ਗੋਭੀ ਦਾ ਫੁੱਲ ਹੈ’ਅੰਕਲ।’*ਇਹ ਨੇ ਸਾਡੇ ਸਾਥੀ ਰੁੱਖ। *ਇਸ ਦਾ ਉੱਤਰ ਹੈ ਟਰਾਲੀ।’ *ਬੱਚਿਓ ! ਇਹ ਤਾਂ ਮੂੰਹ ਹੈ ਆਪਣਾ।*ਭਲੂਰੀਆ ਅੰਕਲ ਇਹ ਹੈ ‘ਧੁੱਪ’, ਆਦਿ। ਸ਼ੁਰੂਆਤ ਵਿੱਚ ਵੀ ਕਮਾਲ ਕੀਤੀ ਗਈ ਹੈ:- *ਬਿਨਾਂ ਜ਼ੁਰਮ ਤੋਂ ਕੱਟੇ ਕੈਦ। *ਗੇਂਦ ਜਿਹਾ ਹੈ ਗੋਲ ਆਕਾਰ। *ਪਿਆਰੇ ਬੱਚਿਓ! ਇੱਕ ਹੈ ਚੱਕੀ। 


             ਹੋਰ ਵੀ ਹਰ ਤਰ੍ਹਾਂ ਦੀ ਵੰਨ-ਸੁਵੰਨਤਾ ਹੈ। ਡਾ: ਦਰਸ਼ਨ ਸਿੰਘ ਆਸ਼ਟ ਮੁਤਾਬਕ - ‘ਇਹਨਾਂ ਬੁਝਾਰਤਾਂ ਨੂੰ ਬੁੱਝਣ ਲਈ ਬਾਲ ਪਾਠਕ ਆਪਣੀ ਬੁੱਧੀ ਤੇ ਕਲਪਨਾ ਦੇ ਘੋੜੇ ਖ਼ੂਬ ਦੁੜਾਉਂਦੇ ਹਨ।’ ਡਾ: ਸੁਰਜੀਤ ਸਿੰਘ ਦੌਧਰ ਨੇ ਕਿਹਾ ਹੈ- ‘ਨਵੀਆਂ ਬਾਤਾਂ’ ਦਾ ਉਦੇਸ਼ ਬੱਚਿਆਂ ਅੰਦਰਲੀਆਂ ਰੁਚੀਆਂ ਜਗਾਉਣਾ, ਅਤੇ ਮਾਨਸਿਕ ਵਿਕਾਸ ਕਰਨਾ ਹੈ। ਅਸ਼ਰਫ ਸੁਹੇਲ (ਲਹੌਰ) ਨੇ ਵੀ ਕੁੱਝ ਪ੍ਰਸੰਸਾਮਈ ਸ਼ਬਦ ਲਿਖੇ ਹਨ। ਨਿਸਚੇ ਹੀ ‘ਨਵੀਆਂ ਬਾਤਾਂ’ ਇੱਕ ਦਸਤਾਵੇਜ਼ੀ ਸਾਂਭਣਯੋਗ ਪੁਸਤਕ ਹੈ।

ਬਿਕਰਮਜੀਤ ਨੂਰ

ਕੈਨੇਡਾ

ਸੰਪਰਕ- 94640-76257





Post a Comment

0 Comments