ਬਿਕਰਮਜੀਤ ਨੂਰ ਦੀਆਂ ਦੋ ਗ਼ਜ਼ਲਾਂ

ਦੋ ਗ਼ਜ਼ਲਾਂ/ ਬਿਕਰਮਜੀਤ ਨੂਰ

ਗ਼ਜ਼ਲ


ਵਿੱਚ ਪਰਦੇਸ ਦੇ ਰਹਿਣਾ ਔਖਾ।

ਕਸ਼ਟ ਇਕੱਲ ਦਾ ਸਹਿਣਾ ਔਖਾ।


ਦੂਰੀਆਂ ਵਧੀਆਂ, ਸਾਂਝਾਂ ਟੁੱਟੀਆਂ,

‘ ਮੂੰਹ ਚੜ੍ਹ ਕੇ ‘ ਕੁੱਝ ਕਹਿਣਾ ਔਖਾ।


ਦਿੱਸਦਾ ਨਾ, ਪਰ ‘ਕੱਠਾ ਹੋਇਐ,

ਭਾਰ ਦਿਲੇ ਤੋਂ ਲਹਿਣਾ ਔਖਾ।


‘ਅਹੰ‘ ਦਾ ਕਿਲ੍ਹਾ ਉਸਾਰੀ ਬੈਠੈਂ,

ਏਸ ‘ਦੁਰਗ‘ ਨੇ ਢਹਿਣਾ ਔਖਾ।


ਸਾਗਰੋਂ ਉਰੇ ਮੁਕਾਮ ਨਾ ਰੱਖੀਂ ,

ਬੇਸ਼ੱਕ , ਵਗਣਾ - ਵਹਿਣਾ ਔਖਾ।


ਪਿਆਰ-ਦੁਲਾਰ ਕੇ ਕਿੰਨਾ ਰੱਖਿਐ;

ਫਿਰ ਵੀ, ‘ਗਲ ਦਾ ਗਹਿਣਾ‘ ਔਖਾ।


‘ਨੂਰ’ ਪਿਆਰੇ! ਪਾਸਾ ਵੱਟ ਲੈ,

ਜਣੇ - ਖਣੇ ਨਾਲ ਖਹਿਣਾ ਔਖਾ।


 ਗ਼ਜ਼ਲ 2


ਇਹ ਵੀ ਕੁਦਰਤ ਦੇ ਨੇ ਰੰਗ।

ਰੰਗ ਵਿੱਚ ਪਾ ਦਿੰਦੀ ਹੈ ਭੰਗ।


ਦੂਜੇ ਨੂੰ ਤੰਗ ਕਰਦਾ ਜਿਹੜਾ,

ਖੁਦ ਨੂੰ ਹੀ ਕਰਦਾ ਹੈ ਤੰਗ।


ਅਮਨ ਜਿਹਾ ਕੋਈ ਸੁੱਖ ਨਾ ਹੁੰਦਾ,

ਦੁਖਦਾਈ ਹੁੰਦੀ ਹੈ ਜੰਗ।


ਬਾਹਰ ਦੇ ਰੰਗ ਬੇ - ਫ਼ਾਇਦਾ ਨੇ,

‘ਅੰਦਰ‘ ਜੇ ਤੇਰਾ ਬਦਰੰਗ।


ਖੁਦ ਨੂੰ ਜ਼ਿੰਦਾ ਰੱਖਣ ਦੇ ਲਈ,

ਮਰਨ ਨਾ ਦੇਈਏ ਚਾਹਤ-ਉਮੰਗ।


ਸੱਜਣ ਮੇਰੇ! ਖੁੱਲ੍ਹ ਕੇ ਮੰਗ,

ਆਪਣਿਆਂ ਤੋਂ ਕਾਹਦੀ ਸੰਗ।


ਬੰਦੇ ਵਿੱਚ ਕਈ ‘ਬੰਦੇ’ ਬੇਠੇ,

ਬੰਦੇ ਤੋਂ ਹਾਂ ਰਹਿ ਗਿਆ ਦੰਗ।


ਉੱਘ-ਪਾਤਾਲ ਦੀਆਂ ਮਾਰੀ ਜਾਂਦੈ,

ਛੇੜੀ ਬੈਠੈ ਜੋ ਪ੍ਰਸੰਗ।


‘ਨੂਰ'  ਬੜਾ ਅਫ਼ਸੋਸ ਹੈ ਹੁੰਦਾ,

ਦੇਣ ਸਲਾਹਾਂ ਜਦੋਂ ਮਲੰਗ।

ਰੀਜਾਈਨਾ ( ਕੈਨੇਡਾ)

ਸੰਪਰਕ: 9464076257









Post a Comment

0 Comments