ਬਿਕਰਮਜੀਤ ਨੂਰ ਦਾ ਲੇਖ ਸੰਗ੍ਰਹਿ -ਨੂਰ ਦੇ ਨੇੜੇ


ਪੁਸਤਕ -ਨੂਰ ਦੇ ਨੇੜੇ 

ਲੇਖਕ -ਬਿਕਰਮਜੀਤ ਨੂਰ 

ਪੰਨੇ -116

ਕੀਮਤ -295/ਰੁਪਏ 

ਪ੍ਰਕਾਸ਼ਕ -ਕੇ ਪਬਲੀਕੇਸ਼ਨਜ਼, ਬਰੇਟਾ।

ਬਹੁ ਪੱਖੀ ਲੇਖਕ ਬਿਕਰਮਜੀਤ ਨੂਰ ਹੁਣ ਤੱਕ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ।ਉਸ ਦੀ ਕਲਮ ਹਰ ਵਿਧਾ ਉੱਪਰ ਚੱਲਦੀ ਹੈ।

ਨੂਰ ਦੀਆਂ ਲਿਖਤਾਂ ਵਿੱਚ ਬੇਸ਼ਕ ਬੌਧਿਕਤਾ ਭਾਰੂ ਹੁੰਦੀ ਹੈ ਪਰ ਇਹ ਪਾਠਕ ਲਈ ਦਿਲਚਸਪ ਜਰੂਰ ਹੁੰਦੀਆਂ ਹਨ। ‘ਨੂਰ ਦੇ ਨੇੜੇ’ ਪੁਸਤਕ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਨਿੱਕੇ ਨਿੱਕੇ ਪੂਰੇ ਅੱਸੀ ਕਥਾਮਈ ਲੇਖਾਂ ਦਾ ਇਹ ਸੰਗ੍ਰਹਿ ਇੱਕ ਨਿਵੇਕਲੀ ਵਾਰਤਕ ਸ਼ੈਲੀ ਪੇਸ਼ ਕਰਦਾ ਹੈ। ਇਨ੍ਹਾਂ ਲੇਖਾਂ ਰਾਹੀਂ ਲੇਖਕ ਨੇ ਖੁਦ ਦੇ ਨਾਲ ਨਾਲ ਪਾਠਕਾਂ ਦਾ ਧਿਆਨ ਉਸਾਰੂ ਪਾਸੇ ਲਾਉਣ ਦਾ ਉਪਰਾਲਾ ਕੀਤਾ ਹੈ। ਵਿਸ਼ਾ ਚੋਣ ਕਰਨ ਸਮੇਂ ਵੀ ਕੋਈ ਉਚੇਚ ਕੀਤਾ ਨਹੀਂ ਜਾਪਦਾ।ਪੜ੍ਹਨ -ਵਾਚਨ ਹੀ ਨੂਰ ਦੇ ਨੇੜੇ ਰਿਹਾ ਹੈ ਅਤੇ ਗੁਣਾਂ ਵਿੱਚੋਂ ਸੁਗੰਧੀ ਕੱਢ ਕੇ ਕੁੱਝ ਨਵਾਂ ਲਿਖਣ ਦਾ ਉੱਦਮ ਕੀਤਾ ਗਿਆ ਹੈ।


ਬਿਕਰਮਜੀਤ ਨੂਰ ਦੇ ਹੱਥਲੇ ਸੰਖੇਪ ਕਾਰਜ ਬਾਰੇ ਸੰਖੇਪ ਸ਼ਬਦਾਂ ਵਿੱਚ ਗੱਲ ਕੀਤੀ ਜਾਵੇ ਤਾਂ ਉਸ ਨੇ ਅਧਿਐਨ,ਸਵੈ ਭਰੋਸਾ, ਬੱਚੇ ਦੀ ਫਿਤਰਤ,ਸੂਝ-ਸਿਆਣਪ,ਕਲਾ-ਕਲਾਕਾਰ-ਚਿਤਰਕਾਰੀ,ਰਾਤ-ਦਿਨ, ਇਤਿਹਾਸ ਮਿਥਿਹਾਸ, ਮਨੁੱਖ ਦਾ ਅੰਦਰ ਬਾਹਰ, ਇੱਕ ਬੰਦੇ ਵਿੱਚ ਕਈ ਬੰਦੇ,ਖੌਫ/ਡਰ, ਸਮੇਂ ਦੀ ਅਨੰਤਤਾ, ਸਿਆਣਪ ਬਨਾਮ ਮੂਰਖਤਾ, ਗੱਲਾਂ ਦਾ ਚਸਕਾ,ਇਲਮ ਅਮਲ, ਅਹਿਸਾਸ/ਅਨੁਭਵ,ਜਿੰਦਗੀ ਕਲਾ,ਸੰਸਾਰਕ ਚਕਾਚੌਂਧ ਤੋਂ ਮੁਤੱਸਰ ਮਨੁੱਖ ਦੀ ਹੋਣੀ, ਮੌਤ ਦਾ ਭੈਅ, ਸ਼ਖਸੀਅਤ,ਸਾਹਸ, ਇਮਾਨਦਾਰੀ, ਵਿਕਾਸ ਬਨਾਮ ਮਨੁੱਖੀ ਕਿਰਦਾਰ, ਮਾਂ ਦਾ ਰੁਤਬਾ,ਵਿਹਲ ਦਾ ਸੁਆਦ,ਰੱਬ ਇੱਕ ਗੁੰਝਲਦਾਰ ਬੁਝਾਰਤ ਜਿਹੇ ਕੁੱਲ ਅੱਸੀ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਦਲੀਲਾਂ ਰਾਹੀਂ ਗੱਲ ਕੀਤੀ ਹੈ।ਇਹ ਕਥਾਤਮਕ ਲਘੂ ਲੇਖ ਕਲਾਤਮਕ ਲਲਿਤ ਨਿਬੰਧ ਹੋ ਨਿੱਬੜਦੇ ਹਨ। ਇਨ੍ਹਾਂ ਵਿੱਚ ਹੋਰ ਵਿਸਥਾਰ ਦੀ ਗੁੰਜਾਇਸ਼ ਵੀ ਹੋ ਸਕਦੀ ਸੀ ਪਰ ਬਿਕਰਮਜੀਤ ਨੂਰ ਕਿਉਂਕਿ ਮੂਲ ਰੂਪ ਵਿੱਚ ਮਿੰਨੀ ਕਹਾਣੀ ਵਿਧਾ ਨੂੰ ਪਰਨਾਇਆ ਹੋਇਆ ਹੈ;ਇਸ ਲਈ ਉਸ ਨੂੰ ਸੰਖੇਪ ਸ਼ਬਦਾਂ ਵਿੱਚ ਗੱਲ ਕਹਿਣ ਦੀ ਜਾਚ ਹੈ।ਉਸ ਨੇ ਲੋੜ ਅਨੁਸਾਰ ਮਨੋਵਿਗਿਆਨਕ ਛੋਹਾਂ ਵੀ ਦਿੱਤੀਆਂ ਹਨ।

ਨਿੱਕੇ ਨਿੱਕੇ ਵਾਕਾਂ ਦੀ ਇੱਕ ਵੰਨਗੀ ਦੇਖੋ-

ਥੋੜ੍ਹਾ ਪੜ੍ਹੋ,ਪਰ ਹਰ ਰੋਜ ਪੜ੍ਹੋ।

ਥੋੜ੍ਹਾ ਲਿਖੋ,ਪਰ ਹਰ ਰੋਜ ਲਿਖੋ।

ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਸਤਰਾਂ ਇਸ ਪੁਸਤਕ ਦੇ ਲੇਖਾਂ ਵਿੱਚ ਬੌਧਿਕ ਰਸ ਪੈਦਾ ਕਰਦੀਆਂ ਹਨ।

ਨੂਰ ਦੇ ਨੇੜੇ ਵਿੱਚੋਂ ਲੇਖਕ ਦਾ ਨਿੱਜ ਵੀ ਝਲਕਦਾ ਹੈ। ਅਧਿਆਪਨ ਕਿੱਤੇ ਨਾਲ ਜੁੜਿਆ ਰਿਹਾ ਹੋਣ ਕਾਰਨ ਉਸ ਨੇ ਗੁਰੂ ਸ਼ਿਸ਼ ਦੇ ਰਿਸ਼ਤੇ ਨੂੰ ਬਾਖੂਬੀ ਚਿਤਰਿਆ ਹੈ। ਅਜਿਹੇ ਲੇਖਾਂ ਵਿੱਚ ਜਿੱਥੇ ਕੋਈ ਨਾ ਕੋਈ ਕਹਾਣੀ ਜੋੜੀ ਗਈ ਹੈ ਉੱਥੇ ਅਖਾਣਾਂ/ਮੁਹਾਵਰਿਆਂ ਨਾਲ ਸ਼ਿੰਗਾਰ ਕੇ ਵਾਰਤਕ ਨੂੰ ਰੌਚਿਕ ਬਣਾਇਆ ਗਿਆ ਹੈ। ਕਹਾਣੀਆਂ ਸਿੱਖਿਆਦਾਇਕ ਵੀ ਹਨ ਅਤੇ ਵਿਅੰਗਮਈ ਵੀ। ਵਿਸ਼ਵ ਪ੍ਰਸਿੱਧ ਲੇਖਕਾਂ, ਚਿਤਰਕਾਰਾਂ ਤੇ ਕਲਾਕਾਰਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਵੀ ਪਾਠਕ ਨੂੰ ਪ੍ਰੇਰਨਾ ਦਿੰਦੀਆਂ ਹਨ।

ਪੁਸਤਕ ਵਿਚਲੇ ਇਨ੍ਹਾਂ ਲੇਖਾਂ ਵਿੱਚ ਵੱਖ ਵਿਦਵਾਨਾਂ,ਦਾਰਸ਼ਨਿਕਾਂ, ਪ੍ਰਸਿੱਧ ਕਿਤਾਬਾਂ ਅਤੇ ਵੱਖੋ ਵੱਖਰੇ ਮੁਲਕਾਂ ਵਿੱਚ ਪ੍ਰਚੱਲਿਤ ਕਹਾਵਤਾਂ ਦਿੱਤੀਆਂ ਗਈਆਂ ਹਨ।ਜਿਸ ਤੋਂ ਲੇਖਕ ਦੇ ਅਧਿਐਨ ਦਾ ਪਤਾ ਚੱਲਦਾ ਹੈ। ਉਦਾਹਰਣ ਵਜੋਂ;

“ ਕੋਈ ਵੀ ਮਰਨਾ ਨਹੀਂ ਚਾਹੁੰਦਾ ਪਰ ਜਨਮ ਲੈਣ ਵਾਲੇ ਹਰ ਜੀਵ ਜੰਤੂ ਨੇ ਆਖਿਰ ਤਾਂ ਖਤਮ ਹੋਣਾ ਹੀ ਹੁੰਦਾ ਹੈ।”

“ਪੁਰਾਣੇ ਪੱਤੇ ਝੜ੍ਹ ਜਾਂਦੇ ਹਨ, ਨਵੀਆਂ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਹਨ।”

ਰੂਸ ਦੀ ਇੱਕ ਕਹਾਵਤ ਹੈ,”ਇੱਕ ਦਿਨ ਲੰਮਾਂ ਹੁੰਦਾ ਹੈ,ਪਰ ਜੀਵਨ ਕਾਲ ਛੋਟਾ।”

ਨੂਰ ਦੀ ਇਹ ਪੁਸਤਕ ਨਿਸ਼ਚੈ ਹੀ ਪੜ੍ਹਨ ਯੋਗ ਹੈ।

ਸਰਬਜੀਤ ਧੀਰ 

88722-18418

Post a Comment

0 Comments