ਪੁਸਤਕ ਰਿਵਿਊ
ਲੇਖਿਕਾ : ਬਰਾੜ ਜੈਸੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਪੰਨੇ : 136 ਕੀਮਤ :
220 ਰੁਪਏ
ਅਸਲ ਕਵਿਤਾ
ਰਚਨਾਕਾਰ ਦੇ ਧੁਰ ਅੰਦਰੋਂ ਉੱਠੇ ਜਜ਼ਬਾਤ ਤੇ ਵਿਚਾਰ ਹੁੰਦੇ ਹਨ, ਇਹ ਲਿਖੀ ਨਹੀਂ
ਜਾਂਦੀ ਬਲਕਿ ਦਿਲ ਦੀਆਂ ਗਹਿਰਾਈਆਂ ਚੋਂ ਪੁੰਗਰਦੀਹੈ। ਅਜਿਹੀ ਕਵਿਤਾ ਪਾਠਕ ਨੂੰ ਝੰਜੋੜਦੀ ਹੈ, ਸੁਨੇਹਾ ਦਿੰਦੀ ਹੈ, ਰਾਹ ਵਿਖਾਉਂਦੀ ਹੈ
ਅਤੇ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਲੇਖਿਕਾ ਬਰਾੜ ਜੈਸੀ ਦੀ ਕਵਿਤਾ ਇਸ ਪੈਮਾਨੇ 'ਤੇ ਖ਼ਰੀ ਉੱਤਰਦੀ ਹੈ, ਜਿਸ ਵਿੱਚ ਸਹਿਜਤਾ
ਅਤੇ ਸੱਜਰਾਪਣ ਹੈ। ਉਸਨੇ ਆਪਣੀਆਂ ਕਵਿਤਾਵਾਂ ਵਿੱਚ ਅਣਖ, ਮੁਹੱਬਤ, ਨਿਹੋਰੇ, ਸੁਪਨੇ, ਜੀਵਨ ਜਾਚ, ਇਛਾਵਾਂ, ਮਾਂ ਦਾ ਮੋਹ, ਦਲੇਰੀ, ਪਰਿਵਾਰਕ ਸਮੱਸਿਆਵਾਂ ਆਦਿ ਨੂੰ ਬਾਖੂਬੀ ਪੇਸ਼ ਕੀਤਾ ਹੈ। ਆਪਣੀਆਂ
ਇਹਨਾਂ ਖੂਬਸੂਰਤ ਰਚਨਾਵਾਂ ਨੂੰ ਉਸਨੇ ਇਸ ਪੁਸਤਕ ‘‘ਮੈਂ ਸਾਊ ਕੁੜੀ ਨਹੀਂ ਹਾਂ’’ ਵਿੱਚ ਇਕੱਤਰ ਕਰਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਪੁਸਤਕ ਦੀ ਨਾਮਕਰਨ
ਕਵਿਤਾ ਹੀ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਅਤੇ ਵੰਗਾਰ ਬਣ ਕੇ ਮੂਹਰੇ ਆ ਖੜਦੀ ਹੈ। ਉਹ
ਸਮਝਦੀ ਹੈ ਕਿ ਸੁੱਚੀ ਮੁਹੱਬਤ ਕਦੇ ਅਸ਼ਲੀਲ ਨਹੀਂ ਹੁੰਦੀ। ਇਸ ਕਵਿਤਾ ’ਚ ਉਹ ਲਿਖਦੀ ਹੈ:
ਮੁਹੱਬਤ ਵਾਲੀ
ਕਵਿਤਾ
ਲਿਖਣ ਵਾਲੀਆਂ
ਕੁੜੀਆਂ
ਚਰਿੱਤਰਹੀਣ ਨਹੀਂ
ਹੁੰਦੀਆਂ
ਮੁਹੱਬਤ ਦੇ ਅਰਥ
ਤੂੰ ਕੁਛ ਹੋਰ ਸਮਝੀ ਬੈਠਾਂ
ਫੇਰ ਸੁਝਾਅ ਦਿੰਦੀ ਹੋਈ ਵੰਗਾਰਦੀ ਹੈ :
ਤੂੰ ਮੁਹੱਬਤ ਨੂੰ
ਅਸ਼ਲੀਲਤਾ ਨਾਲ ਜੋੜਨਾ
ਬੰਦ ਕਰਦੇ
ਨਹੀਂ ਤਾਂ ਹਰ
ਕੁੜੀ ਆਖੇਗੀ
‘‘ਮੈਂ ਸਾਊ ਨਹੀਂ
ਹਾਂ....’’
ਮੌਜੂਦਾ ਸਮਾਜ ਵਿੱਚ ਕੁੜੀਆਂ ਪ੍ਰਤੀ ਮਰਦਾਂ ਦੀ ਸੋਚ ਅਤੇ ਮਾਂ ਦੀ
ਚਿੰਤਾ ਨੂੰ ਪ੍ਰਗਟ ਕਰਦੀ ਆਪਣੀ ਕਵਿਤਾ ‘ਸਾਊ ਕੁੜੀ’ ਵਿੱਚ ਲਿਖਦੀ ਹੈ :
ਬੱਸ ਵਿੱਚ ਮਾਂ
ਮੇਰੇ ਚੇਹਰੇ ਨੂੰ
ਟਿਕਟਿਕੀ ਲਗਾ
ਦੇਖਦੀ ਰਹਿੰਦੀ
ਕੁੜੀ ’ਤੇ ਵਿਸ਼ਵਾਸ ਸੀ, ਪਰ ਸਮਾਜ ਤੇ ਨਹੀਂ
ਧਾਰਮਿਕ ਸਥਾਨਾਂ ’ਚ ਫੈਲੀਆਂ ਕੁਰੀਤੀਆਂ ਅਤੇ ਮਰਦਾਂ ਦੀ ਬੇਗੈਰਤ ਸੋਚ ਨੂੰ ਪ੍ਰਗਟ ਕਰਦੀ
ਲਿਖਦੀ ਹੈ:
ਧਾਰਮਿਕ ਸਥਾਨਾਂ
ਤੇ ਖੜਿਆਂ
ਬਹੁਤਿਆਂ ਮਰਦਾਂ
ਦੇ ਮਨ ਥਿੜਕਦੇ
ਮੱਥਾ ਟੇਕਣ ਲਈ
ਝੁਕੀ ਔਰਤ ਦਾ
ਪਿੱਛਾ ...
ਜਾਂ
ਧਾਰਮਿਕ ਸਥਾਨਾਂ
ਨੂੰ ਗੰਦਾ ਕਰਨ ਵਾਲੇ ਅਸੀਂ
ਗੁਰਦੁਆਰਿਆਂ ਦੇ
ਰਾਖੇ ਬਣ ਠਰਕ ਭੋਰਦੇ ਹਾਂ
ਤੇ ਫਿਰ ਖੁਦ ਨੂੰ
‘ਬਾਬੇ ਨਾਨਕ’
ਨਾਲ ਜੋੜਦੇ ਹਾਂ ..
ਮਾਂ ਦੇ ਮੋਹ ਪਿਆਰ ਨੂੰ ਸਭ ਤੋਂ ਉੱਤਮ ਸਮਝਦੀ ਹੋਈ ਜੈਸੀ ਲਿਖਦੀ ਹੈ :
ਬੁੱਕਾਂ ’ਚ ਭਰ ਲੈਂਦੀ ਮਾਂ
ਦਾ ਮੋਹ
ਠੀਕ ਉਵੇਂ ਜਿਵੇਂ
ਗੁਰੂ ਘਰੋਂ ਦੇਗ ਮਿਲਦੀ ਏ
ਜੇ ਕਦੀ ਭੋਰਾ
ਡਿਗਦਾ ਵੀ ਏ
ਤਾਂ ਭੁੰਜਿਓ
ਚੁੱਕ ਮੁੜ ਸਮੇਟ ਲੈਂਦੀ ਹਾਂ
ਔਰਤ ਦੀ ਸੱਚੀ ਮੁਹੱਬਤ ਦਾ ਜਿਕਰ ਕਰਦੀ ਉਹ ਆਖ਼ਰੀ ਸਾਹ ਤੱਕ ਸਾਥ
ਨਿਭਾਉਣ ਦੀ ਇੱਛਾ ਨੂੰ ਕਵਿਤਾ ‘ਹੱਥਾਂ ਦੀ ਕਿੱਕਲੀ’ ਵਿੱਚ ਲਿਖਦੀ ਹੈ :
ਜਿੱਦ ਦੀ ਗੱਲ
ਨਹੀਂ
ਜਿੰਦਗੀ ਜਿਉਣਾ
ਚਾਹੁੰਦੀ ਹਾਂ
ਤੇ ਹਾਂ ਸੱਚ, ਉਹ ਵਖਤ ਵੀ
ਹੰਢਾਉਣਾ ਚਾਹੁੰਦੀ ਹਾਂ
ਜਦ ਤੱਕ ਤੂੰ
ਮੇਰੇ ਝੁਰੜੀਆਂ ਭਰੇ ਹੱਥਾਂ ਨੂੰ
ਪਲੋਸਦਾ ਪੁੱਛੇਂ
‘‘ਅਗਲੇ ਜਨਮ ’ਚ ਕੀ ਬਣ ਮਿਲੇਗੀਂ’’
ਔਰਤ ਦੀ ਆਜ਼ਾਦੀ ਦੀ ਗੱਲ ਕਰਦਿਆਂ ਲਿਖਦੀ ਹੈ :
ਹਰਦਮ ਚਾਰਦੁਆਰੀ ’ਚ
ਰਹਿਣ ਵਾਲਾ ਜੀਅ
ਸਾਹ ਘੁੱਟਣ ਨਾਲ
ਮਰ ਜਾਂਦਾ?
ਮੁਹੱਬਤ ਕਰਨ ਵਾਲਿਆਂ ਨੂੰ ਸਾਫ਼ ਮਨ ਨਾਲ ਇੱਕ ਦੂਜੇ ਦੇ ਦਿਲਾਂ ਦੀਆਂ
ਜਾਨਣ ਦਾ ਸੁਨੇਹਾ ਦਿੰਦੀ ਲਿਖਦੀ ਹੈ :
ਕਲਮਾਂ ਨਾਲ ਨਾਮ
ਇਕੱਠੇ ਲਿਖਣ ਨਾਲ
ਸੰਯੋਗ ਜੁੜਨ,
ਤਾਂ ਕੋਈ ਵੀ ਆਸ਼ਕ
ਨਾ ਤੜਫ਼ੇ
ਆਪਣੀਆਂ ਰਚਨਾਵਾਂ
ਵਿੱਚ ਜੈਸੀ ਨਵੇਂ ਮੁਹਾਵਰੇ ਘੜਦੀ ਹੈ ਜਿਵੇਂ ਤੇਰਾ ਮੇਰਾ ਰਿਸ਼ਤਾ ਸਵੇਰ ਵਰਗਾ ਏ, ਠਰਕ ਭੋਰਨ ਤੇ
ਮੁਹੱਬਤ ਜਿਉਣ ’ਚ ਫ਼ਰਕ ਹੁੰਦਾ, ਸੁਰਮੇ ਬਿਨਾਂ
ਅੱਖਾਂ ਵਰਗੀ ਹੋ ਜਾਂਦੀ ਹਾਂ,
ਮੁਹੱਬਤ ਤਾਂ ਬਿਨ
ਛੋਹੇ ਵੀ ਮਨ ਚੁੰਮ ਲੈਂਦੀ ਹੈ,
ਆਦਿ। ਬਰਾੜ ਜੈਸੀ
ਦੀ ਸੋਚ ਉੱਚੀ ਹੈ, ਸੱਚ ਲਿਖਣ ਦੀ
ਸਮਰੱਥਾ ਹੈ ਅਤੇ ਉਸਦੀ ਕਲਮ ਵਿੱਚ ਦਮ ਹੈ। ਉਸਦੀ ਲੇਖਣੀ ਚੋਂ ਵੱਡੀਆਂ ਆਸਾਂ ਪ੍ਰਗਟ ਹੁੰਦੀਆਂ ਹਨ।
ਉੁਸ ਦੀ ਇਹ ਪੁਸਤਕ ਹਰ ਨੌਜਵਾਨ ਮੁੰਡੇ ਕੁੜੀ ਨੂੰ ਪੜ੍ਹਣ ਦੀ ਮੈਂ ਸਲਾਹ ਦਿੰਦਾ ਹਾਂ, ਇਹ ਉਹਨਾਂ ਦੀ ਸੋਚ
ਤੇ ਚੰਗਾ ਪ੍ਰਭਾਵ ਬਣਾਉਣ ਦੇ ਯੋਗ ਹੈ। ਉਮੀਦ ਕਰਦੇ ਹਾਂ ਕਿ ਬਰਾੜ ਜੈਸੀ ਇਸੇ ਤਰ੍ਹਾਂ ਆਪਦੇ ਰਚਨਾ
ਕਾਰਜ ਨੂੰ ਅੱਗੇ ਵਧਾਉਂਦੀ ਰਹੇਗੀ।
ਰਿਵੀਊਕਾਰ :
ਮੋਬਾ: 098882 75913
.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.