ਕਾਈਨੌਰ ਦੀ ਪੁਸਤਕ ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ ਰਿਲੀਜ਼

 

ਸਾਹਿਤਕ ਸੱਥ ਵੱਲੋਂ ਕਾਈਨੌਰ ਦੀ ਪੁਸਤਕ ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ ਲੋਕ ਅਰਪਣ 

ਖਰੜ,19 ਜਨਵਰੀ (ਬਿਊਰੋ)

ਲੰਘੇ ਐਤਵਾਰ ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ “ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ”ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਡਾਇਰੈਕਟਰ, ਆਕਾਸ਼ਵਾਣੀ, ਚੰਡੀਗੜ੍ਹ, ਵਿਸ਼ੇਸ਼ ਮਹਿਮਾਨ ਜਨਾਬ ਮੁਹੰਮਦ ਇਮਤਿਆਜ਼, ਪ੍ਰੋਗਰਾਮ ਹੈੱਡ, ਆਕਾਸ਼ਵਾਣੀ, ਪਟਿਆਲਾ ਸਨ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ’ਚ ਪੁਸਤਕ ਦੇ ਲੇਖਕ, ਸਮੀਖਿਅਕ ਡਾ. ਗੁਰਵਿੰਦਰ ਸਿੰਘ ਬਲਾੜਾ, ਐਸੋਸੀਏਟ ਪ੍ਰੋਫੈਸਰ, ਸੀ.ਜੀ.ਸੀ. ਯੂਨੀਵਰਸਿਟੀ, ਝੰਜੇੜੀ (ਮੋਹਾਲੀ), ਡਾ. ਹਰਨੇਕ ਸਿੰਘ ਕਲੇਰ ਅਤੇ ਪਿਆਰਾ ਸਿੰਘ ‘ਰਾਹੀ’ ਸ਼ਾਮਿਲ ਹੋਏ।

ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਅਤੇ ਲਾਭ ਸਿੰਘ ਚਤਾਮਲੀ ਦੇ ਗੀਤਾਂ ਨਾਲ ਕੀਤੀ ਗਈ। ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ “ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ” ਲੋਕ ਅਰਪਣ ਕੀਤੀ ਗਈ। ਇਸ ਪੁਸਤਕ ’ਤੇ ਵਿਸਥਾਰਪੂਰਕ ਪੇਪਰ ਡਾ. ਗੁਰਵਿੰਦਰ ਸਿੰਘ ਬਲਾੜਾ ਵੱਲੋਂ ਪੜ੍ਹਿਆ ਗਿਆ। ਉਨ੍ਹਾਂ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਜਰਨਲਿਜ਼ਮ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੋਵੇਗੀ।

   ਪੁਸਤਕ ’ਤੇ ਹਰਬੰਸ ਸੋਢੀ, ਐਮ ਆਰ. ਚਾਂਦਲਾ, ਪਰਵੇਸ਼ ਸ਼ਰਮਾ, ਮੁਹੰਮਦ ਇਮਤਿਆਜ਼ ਅਤੇ ਪੱਤਰਕਾਰ ਤਰਸੇਮ ਜੰਡਪੁਰੀ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਇਹ ਪੁਸਤਕ ਆਕਾਸ਼ਵਾਣੀ ਅਤੇ ਆਕਾਸ਼ਵਾਣੀ ਦੇ 19 ਲੇਖਕਾਂ ਬਾਰੇ ਜਾਣਕਾਰੀ ਭਰਪੂਰ ਵਧੀਆ ਗੁਲਦਸਤਾ ਹੈ। ਡਾ. ਦਵਿੰਦਰ ਮਹਿੰਦਰੂ ਨੇ ਸ਼ਿਮਲਾ ਤੋਂ ਆਪਣਾ ਲਿਖਤ ਸੁਨੇਹਾ ਭੇਜਿਆ ; ਜਿਸ ਨੂੰ ਸਤਬੀਰ ਕੌਰ ਨੇ ਪੜ੍ਹ ਕੇ ਸੁਣਾਇਆ ਕਿ ਕਾਈਨੌਰ ਨੇ ਇਸ ਵਿਲੱਖਣ ਪੁਸਤਕ ਤੇ ਬਹੁਤ ਮਿਹਨਤ ਕੀਤੀ ਹੈ, ਹੁਣ ਉਹਦਾ ਕੰਮ ਉਹਦੇ ਨਾਂ ਜਿੰਨਾ ਵੱਡਾ ਹੋ ਗਿਆ ਹੈ। 

ਪਿਆਰਾ ਸਿੰਘ ‘ਰਾਹੀ’ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵਿਚ ਸਾਹਿਤਕ ਲੇਖਕਾਂ ਦੇ ਬਾਰੇ ਜਾਣਕਾਰੀ ਦੇ ਨਾਲ-ਨਾਲ ਰੇਡੀਓ ਦੇ ਮੁੱਢਲੇ ਦੌਰ ਤੋਂ ਲੈਕੇ ਅੱਜ ਦੇ ਤਕਨੀਕੀ ਯੁੱਗ ਤੱਕ ਦੇ ਸਫ਼ਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਕਾਈਨੌਰ ਨੇ ਪੁਸਤਕ ਪ੍ਰਕਿਰਿਆ ਬਾਰੇ ਗੱਲਬਾਤ ਕਰਦਿਆਂ ਪੁਸਤਕ ਤੇ ਕੀਤੀ ਵਿਚਾਰ ਚਰਚਾ ਲਈ ਸਾਰਿਆਂ ਦਾ ਧੰਨਵਾਦ ਕੀਤਾ।


ਕਵੀ ਦਰਬਾਰ ਵਿੱਚ ਪਰਤਾਪ ਪਾਰਸ ਗੁਰਦਾਸਪੁਰੀ, ਗੋਪਾਲ ਸ਼ਰਮਾ, ਹਰਜਿੰਦਰ ਗੋਪਾਲੋਂ, ਲਾਲ ਮਿਸਤਰੀ, ਭਗਤ ਰਾਮ ਰੰਗਾੜਾ, ਭੁਪਿੰਦਰ ਸਿੰਘ ਭਾਗੋਮਾਜਰਾ, ਸੁਰਜੀਤ ਸੁਮਨ ਅਤੇ ਖੁਸ਼ੀ ਰਾਮ ਨਿਮਾਣਾ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।

  ਉਪਰੋਕਤ ਤੋਂ ਇਲਾਵਾ ਜ਼ੋਰਾ ਸਿੰਘ ਭੁੱਲਰ, ਸੁਰਿੰਦਰ ਪਾਲ ਝੱਲ, ਜਗਦੀਸ਼ ਰਾਏ, ਅਮਨਦੀਪ ਕੌਰ ਚੰਡੀਗੜ੍ਹ, ਜ਼ੋਰਾਵਰ ਸਿੰਘ ਬੇਦੀ, ਦਲਬਾਰਾ ਸਿੰਘ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਹਾਕਮ ਸਿੰਘ,ਪਾਲ ਅਜਨਬੀ, ਰਾਜਵਿੰਦਰ ਗੱਡੂ, ਰੇਡੀਓ ਅਤੇ ਦੂਰਦਰਸ਼ਨ ਤੋਂ ਪਹੁੰਚੇ ਹੋਰ ਮੈਂਬਰਾਂ ਸਮੇਤ ਸੱਥ ਨਾਲ ਜੁੜੇ ਮੈਂਬਰ ਹਾਜ਼ਰ ਹੋਏ। ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ ਜਿੱਥੇ ਲੇਖਕ ਨੂੰ ਵਧਾਈ ਦਿੱਤੀ ਉੱਥੇ ਨਾਲ ਹੀ ਅਪਣੀ ਸੰਸਥਾ ਵੱਲੋਂ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ।

ਮੁੱਖ ਮਹਿਮਾਨ ਸ਼੍ਰੀਮਤੀ ਪੂਨਮ ਅੰਮ੍ਰਿਤ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਕਿਤਾਬ ਮੀਡੀਆ ਅਤੇ ਮੀਡੀਆ ਨਾਲ ਜੁੜੇ ਹੋਏ ਐਨੇ ਸਾਹਿਤਕਾਰਾਂ ਦੀ ਜਾਣਕਾਰੀ ਭਰਪੂਰ ਹੋਣ ਕਰਕੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ। ਉਨ੍ਹਾਂ ਸੱਥ ਵੱਲੋਂ ਰਚਾਏ ਸਾਹਿਤਕ ਸਮਾਗਮ ਦੀ ਪ੍ਰਸੰਸਾ ਵੀ ਕੀਤੀ। ਸੱਥ ਵੱਲੋਂ ਮੁੱਖ, ਵਿਸ਼ੇਸ਼ ਮਹਿਮਾਨ, ਪੁਸਤਕ ਲੇਖਕ ਅਤੇ ਪਰਚਾ ਲੇਖਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤਰ੍ਹਾਂ ਇਹ ਸਮਾਗਮ ਵਿਲੱਖਣ ਕਿਸਮ ਦਾ ਹੋ ਨਿਬੜਿਆ। ਸੱਥ ਵੱਲੋਂ ਚਾਹ ਪਾਣੀ ਅਤੇ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਰਾਹੀ ਵਲੋਂ ਬਾਖੂਬੀ ਨਿਭਾਏ ਗਏ। ਅਖੀਰ ਵਿਚ ਡਾ. ਹਰਨੇਕ ਸਿੰਘ ਕਲੇਰ ਵੱਲੋਂ ਪੁਸਤਕ ਬਾਰੇ ਗੱਲਬਾਤ ਕਰਦਿਆਂ ਐਸ. ਐਸ. ਮੀਸ਼ਾ ਦੀ ਗ਼ਜ਼ਲ ਸਾਂਝੀ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। 


Post a Comment

0 Comments