ਗ਼ਜ਼ਲ ਅਤੇ ਦੋ ਨਜ਼ਮਾਂ/ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ


ਮੇਰੀ ਸੁਣ ਲੈ ਦੁਆ

ਐਨੀ ਦੇਰ ਨਾ ਲਗਾ.


ਮੈਂਨੂੰ ਆਕਲਾਂ 'ਚੋਂ ਕੱਢ

ਭੋਲੇ ਬਾਲਾਂ 'ਚ ਬਹਾ.


ਤੈਨੂੰ ਹੌਸਲੇ ਦੀ ਸਹੁੰ

ਮੈਂਨੂੰ ਡਰਾਂ ਤੋਂ ਛੁਡਾ.


ਕਾਹਤੋਂ 'ਨ੍ਹੇਰਿਆਂ 'ਚ ਬੈਠੈਂ

ਥੋੜ੍ਹਾ ਚਾਨਣੇ 'ਚ ਆ.


ਤੇਰੀ ਚੁੱਪ ਸਹਿ ਨਹੀਂ ਹੁੰਦੀ

ਕੋਈ ਗੱਲ ਤਾਂ ਸੁਣਾ.


ਮੈਂਨੂੰ ਇੱਕ ਗੱਲ ਦੱਸ

ਯਾਰਾ, ਇਹ ਤਾਂ ਸਮਝਾ:


ਕਾਹਤੋਂ ਫੁੱਲ ਨੇ ਉਦਾਸ

ਕਾਹਦਾ ਕੰਡਿਆਂ ਨੂੰ ਚਾਅ?


ਜਦੋਂ ਚੰਨ ਬੁਝ ਜਾਵੇ

ਦੀਵੇ ਨੈਣਾਂ ਦੇ ਜਗਾ.


ਆਪੇ ਪੀੜ ਮੁੱਕ ਜਾਣੀ

ਜ਼ਰਾ ਉੱਚੀ-ਉਚੀ ਗਾ.


ਨਜ਼ਮਾਂ 


ਤੁਹਾਡੀ ਕਰਾਮਾਤ


ਹੇ ਰਿਸ਼ੀਵਰ ਜੀ,


ਕੁਦਰਤ ਨੇ ਤਾਂ

ਪੀਲ਼ੇ-ਪੀਲ਼ੇ ਪੱਤਿਆਂ ਦੇ ਵਿੱਚ

ਦੁੱਖ ਰੱਖੇ ਨੇ,

ਤਿੱਖੀਆਂ-ਤਿੱਖੀਆਂ ਸੂਲ਼ਾਂ ਵਿੱਚ

ਭਰੀਆਂ ਨੇ ਪੀੜਾਂ,

ਤੂਫ਼ਾਨਾਂ

ਜ਼ਲਜ਼ਲਿਆਂ ਨਾਲ

ਲਿਖੇ ਨੇ ਹੰਝੂ;


ਪਰ ਹੇ ਰਿਸ਼ੀਵਰ,

ਸਾਰਾ ਦਰਦ

ਜੋ ਫੁੱਲਾਂ ਵਿੱਚ ਹੈ

ਮਹਿਕਾਂ ਵਿੱਚ ਹੈ

ਗੀਤਾਂ ਵਿੱਚ ਹੈ

ਚੁੰਮਣਾਂ ਵਿੱਚ ਹੈ

ਮੱਠੀਆਂ-ਮੱਠੀਆਂ ਧੁੱਪਾਂ ਵਿੱਚ ਹੈ

ਮਿੱਠੀਆਂ-ਮਿੱਠੀਆਂ ਛਾਵਾਂ ਵਿੱਚ ਹੈ:

ਇਹ ਸਾਰਾ ਹੀ ਦਰਦ ਰਿਸ਼ੀਵਰ,

ਬੱਸ ਤੁਹਾਡੀ ਹੀ ਕਰਾਮਾਤ ਹੈ.


ਬਾਤ 


ਜਾਣਦਾ ਹਾਂ 

'ਨ੍ਹੇਰਿਆਂ ਦਾ ਅੰਤ ਤਾਂ 

ਸੂਰਜ ਕਰੇਗਾ,

ਪਰ 'ਨ੍ਹੇਰਿਆਂ ਦਾ ਡਰ

ਮੇਰੀ ਇਹ ਬਾਤ ਕਰ ਦੇਵੇਗੀ ਦੂਰ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 


Post a Comment

0 Comments