ਬਿਕਰਮਜੀਤ ਨੂਰ ਦੀਆਂ ਚਾਰ ਗ਼ਜ਼ਲਾਂ

 

ਗ਼ਜ਼ਲਾਂ/ ਬਿਕਰਮਜੀਤ ਨੂਰ

 

ਗ਼ਜ਼ਲ


ਆਪਣਾ ਦੇਸ ਤਾਂ 'ਆਪਣਾਦੇਸ।

ਕਸ਼ਟ ਹੰਢਾਉਣਾ ਹੈ ਪਰਦੇਸ।


ਇਹਨੂੰ ਸੰਤ- ਫ਼ਕੀਰ ਨਾ ਸਮਝੀਂ,

ਝੂਠਾ ਬਦਲ ਕੇ ਬੈਠੈ ਭੇਸ।


ਮਨਮੁਖ ਜਦ ਗੁਰਮੁੱਖ ਬਣ ਬਹਿੰਦੈ,

ਮਨ-ਮੰਦਿਰ ਨੂੰ ਲੱਗਦੀ ਠੋਸ।


ਡੁੱਬਦੇ- ਚੜ੍ਹਦੇ ਸੂਰਜ ਦੋਵੇਂ,

ਢਲਦੀ ਉਮਰ ਜਾਂ ਬਾਲ- ਵਰੇਸ।


ਇਕੋ ਪੁੱਤ ਨਸ਼ੇੜੀ ਨਿਕਲੇ,

ਕਰ ਦਿੰਦਾ ਹੈ ਪੱਟੀ ਮੇਸ।


ਘੜਿਆਂ ਦਾ ਪਾਣੀ ਸੁੱਕ ਜਾਂਦਾ,

 ਜਿਸ ਘਰ ਹੋਵੇ ਕਲਾ- ਕਲੇਸ਼।


'ਨੂਰ' ਅੰਦਰ ਵੱਲ ਝਾਤੀ ਮਾਰ, 

ਮਨ ਹੀ ਦੇਸ ਤੇ ਮਨ ਪਰਦੇਸ।


 ਗ਼ਜ਼ਲ


 ਕਿੰਨੀ ਵਧੀਆ ਮਿਲੀ ਸੌਗਾਤ।

ਪੋਥੀ, ਕਾਗਜ਼, ਕਲਮ-ਦਵਾਤ।


ਜੇਕਰ ਕਾਲੀ ਰਾਤ ਨਾ ਹੁੰਦੀ,

 ਕਿੰਜ ਹੁੰਦੀ ਸੋਹਣੀ ਪਰਭਾਤ।


ਆਪਣਾ ਕਦਰਦਾਨ, ਆਪ ਬਣ,

ਹੋਰ ਕਿਸੇ ਨਹੀਂ ਪੁੱਛਣੀ ਬਾਤ।


ਹੋਵੇ ਸੰਤਜਾਂ ਖੋਤਾ ਹੀ ਹੋਵੇ;

ਅਜ਼ਰਾਈਲ ਨਾ ਪੁੱਛਦਾ ਜਾਤ।


'ਅਨਪੜ੍ਹ' ਇੱਕ ਅਨੁਭਵ ਦੇ ਸਿਰ 'ਤੇ

'ਵਿਦਵਾਨਾਂ' ਨੂੰ ਪਾ ਗਿਆ ਮਾਤ।


ਸਭ ਖਜ਼ਾਨੇ ਹਾਸਿਲ ਹੋ ਗਏ,

ਜਦ ਮੈਂ ਅੰਦਰ ਮਾਰੀ ਝਾਤ।


ਸ਼ਬਦ ਘਟਾਵਾਂ ਬਣ ਚੜ੍ਹ ਆਏ,

ਹੋ ਗਈ ਗ਼ਜ਼ਲਾਂ ਦੀ ਬਰਸਾਤ।


ਖੁਦ-ਬ-ਖੁਦ ਸ਼ਿਕਾਰ ਹੋ ਗਿਆ,

ਜੋ ਲਾ ਕੇ ਬੈਠਾ ਸੀ ਘਾਤ।


'ਹੋਣਹਾਰ ਬਿਰਵਾਨ' ਦੇ ਹੁੰਦੇ,

'ਨੂਰ' ਜੀ, 'ਚਿਕਨੇ ਚਿਕਨੇ ਪਾਤ।


ਗ਼ਜ਼ਲ


ਪੱਤਣ ਤੇ ਦਰਿਆ ਨਾ ਰਹਿ ਗਏ।

ਲੁੱਡਣ ਜਿਹੇ ਮਲਾਹ ਨਾ ਰਹਿ ਗਏ।


ਕੰਨ-ਰਸੀਲੇ ਬੋਲ ਗੁਆਚ ਗਏ,

ਮਹਿਕ-ਵਿਗੁੱਤੇ ਸਾਹ ਨਾ ਰਹਿ ਗਏ।


ਸੁੱਖ-ਦੁੱਖ ਦੀ ਕੋਈ ਸਾਂਝ ਰਹੀ ਨਾ,

ਬੰਦੇ ਖ਼ੈਰ-ਖਵਾਹ ਨਾ ਰਹਿ ਗਏ।


ਗੁਰੂ ਅਜੌਕੇ 'ਗਤਿ' ਨਾ ਦਿੰਦੇ,

'ਪਤ' ਦੇ ਰਾਖੇ ਸ਼ਾਹ ਨਾ ਰਹਿ ਗਏ।


ਆਪਣੇ ਨਿਯਮ ਬਣਾ ਲਏ ਲੋਕਾਂ,

ਤੋਲ-ਤੁਲਾਈ, ਭਾਅ ਨਾ ਰਹਿ ਗਏ।


ਬੰਦੇ ਨੇ ਬੰਦਾ ਉਲ਼ਝਾਇਐ,

ਸ਼ੌਕ ਗੁਆਚੇ, ਚਾਅ ਨਾ ਰਹਿ ਗਏ।


ਜੇ ਕਮਜ਼ੋਰ ਨੇ ਹਾਜ਼ਮੇ ਹੋ ਗਏ,

ਪਹਿਲਾਂ ਜਿਹੇ ਕੜਾਹ ਨਾ ਰਹਿ ਗਏ।


ਉਲਝੀ-ਉਲਝੀ ਖਲਕਤ ਫਿਰਦੀ,

'ਚਾਹਵਾਂ' ਮੁੱਕੀਆਂ 'ਰਾਹ' ਨਾ ਰਹਿ ਗਏ।


'ਨੂਰ' ਇਮਾਰਤਾਂ ਉਸਰ ਗਈਆਂ ਨੇ,

ਪਸ਼ੂ, ਚਰਾਂਦਾਂ, ਘਾਹ ਨਾ ਰਹਿ ਗਏ।


ਗ਼ਜ਼ਲ


ਰੱਖੀਂ ਅੰਦਰ ਦਾ ਸਮਤੋਲ।

ਚੰਗਾ ਖਾ ਤੇ 'ਚੰਗਾ' ਬੋਲ।


ਚਾਨਣ-ਚਾਨਣ ਹੋ ਜਾਏਂਗਾ,

ਦਿਲ ਵਾਲੀ ਖਿੜਕੀ ਤਾਂ ਖੋਲ੍ਹ।


ਬਿਨ ਮਕਸਦ ਜਾਂ ਮੰਤਵ ਬਾਝੋਂ,

ਜ਼ਿੰਦਗੀ ਹੁੰਦੀ ਰੋਲ-ਘਚੋਲ।


ਬਾਹਰ ਤੈਨੂੰ ਕੁੱਝ ਮਿਲਣਾ ਨਾ,

 ਅੰਦਰੋਂ ਖੋਜ ਤੇ ਅੰਦਰ ਟੋਲ਼ ।


ਢਕੀ-ਢਕਾਈ ਰਿੱਝਦੀ ਚੰਗੀ,

'ਈਸਬਗੋਲ ਤੇ ਕੁੱਝ ਨਾ ਫੋਲ!


ਬਾਹਰੋਂ-ਬਾਹਰੋਂ ਚੁੱਪ ਬੈਠਾ ਏਂ,

ਅੰਦਰ ਵੱਜਦੇ ਪਏ ਨੇ ਢੋਲ।


ਇਕ ਇਕ ਕਰਕੇ ਸਾਂਭੀ ਚੱਲ ਤੂੰ,

ਸ਼ਿਅਰਾਂ ਦੇ ਮੋਤੀ ਅਨਮੋਲ।


ਬੋਲ ਤੇਰੇ, 'ਤੇਰੇ' ਹੀ ਰਹਿਣੇ,

ਕਿਉਂ ਪਿਆ ਬੋਲੇਂ, ਬੋਲ-ਕਬੋਲ।


'ਨੂਰ' ਦੂਰੀਆਂ ਸੈਅ ਕੋਹਾਂ ਦੀਆਂ,

 ਬੇਸ਼ੱਕ ਰਹਿੰਦੇ 'ਕੋਲੋ-ਕੋਲ'


ਬਿਕਰਮਜੀਤ ਨੂਰ ਕੈਨੇਡਾ

ਮੋਬਾਈਲ -9464076257

 

 


Post a Comment

0 Comments