ਟੱਪੇ ਅਤੇ ਨਜ਼ਮ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ


ਟੱਪੇ 


ਕਾਲ਼ੀ 'ਨ੍ਹੇਰੀ ਵੀ ਬਾਲ਼ਦੀ ਦੀਵੇ

ਦਰ ਉੱਤੇ ਦਰਵੇਸ਼ਾਂ ਦੇ.


ਸੁੱਤੀ ਰਹਿ ਗਈ ਮੱਥੇ 'ਚ ਚਿੱਟੀ ਚਾਨਣੀ

ਦਿਲ ਲੈ ਗਈ ਰਾਤ ਸਾਂਵਲੀ.


ਕਾਹਨੂੰ ਪੱਟ 'ਤੀ ਤੂੰ ਸ਼ਾਮ ਸਨਹਿਰੀ

ਜੇ ਲੈਣੀ ਸੀ ਸਵੇਰ ਸੰਦਲੀ.


ਹੰਝੂ, ਹਾਸਿਆਂ ਨੂੰ ਦੇਣ ਦਿਲਾਸੇ

ਦੁੱਖਾਂ ਅੱਗੇ ਹਿੱਕ ਕਰਕੇ.


ਸੁੱਖ ਹੋਰ ਵੀ ਅਗਾਂਹ ਤੱਕ ਫੈਲੇ

ਦੁੱਖਾਂ ਦਾ ਨਾ ਪਾਰ ਜੱਗ 'ਤੇ.


ਫੁੱਲ ਜਾਂਦੇ ਨੇ, ਫੁੱਲਾਂ ਨੇ ਆ ਜਾਣਾ

ਐਮੇਂ ਨਾ ਦੁੱਖ ਲਾਈਂ ਮਾਲੀਆ! 


ਯਾਰ ਸਹਿੰਦੇ ਨੇ ਯਾਰਾਂ ਦੇ ਦੁੱਖ ਹੱਸ ਕੇ

ਤੇਰੀ ਨੀ ਸਾਨੂੰ ਲੋੜ ਜੋਗੀਆ.


ਨਜ਼ਮ 



ਤਿੰਨ ਯੁੱਧ 


ਹੁਣ ਜਾ ਕੇ

ਇਹ ਸਮਝ ਪਈ ਹੈ

ਕਿਉਂ ਕਿਧਰੇ ਵੀ

ਕਿਸੇ ਸ਼ਖ਼ਸ ਨੂੰ ਚੈਨ ਨਹੀਂ ਹੈ;


ਸੱਚ ਇਹ ਹੈ

ਕਿ ਹਰ ਕੋਈ ਹੀ

ਹਰ ਥਾਂ, ਹਰ ਦਿਨ

ਤਿੰਨ ਲੜਾਈਆਂ ਲੜਦਾ ਰਹਿੰਦਾ:


ਪਹਿਲੀ ਜੰਗ  

ਅਪਣੇ ਹੀ ਸੰਗ ਹੈ:

" ਆਹ ਮਿਲਦਾ ਹੈ, ਉਹ ਨਹੀਂ ਮਿਲਦਾ ".


ਦੂਜੀ ਜੰਗ

ਆਪਣਿਆਂ ਸੰਗ ਹੈ:

" ਆਹ ਕਰਦੇ ਨੇ, ਉਹ ਨਹੀਂ ਕਰਦੇ ".


ਤੀਜੀ ਜੰਗ

ਦੁਨੀਆਂ ਦੇ ਸੰਗ ਹੈ:

" ਏਸ ਤਰ੍ਹਾਂ ਹੈ, ਓਸ ਤਰ੍ਹਾਂ ਨਹੀਂ".


ਤਿੰਨ ਯੁੱਧਾਂ ਵਿੱਚ ਉਲਝੇ ਹੋਏ ਪਿਆਰੇ ਯੋਧੇ,

ਜੋ ਮਿਲਦਾ ਹੈ, ਜਿੰਨਾਂ ਮਿਲਦੈ

ਹੱਸ ਕੇ ਅਪਣੀ ਝੋਲ਼ੀ ਪਾ ਲੈ

ਹੋਰ, ਹੋਰ, ਤੇ ਹੋਰ ਹੈ ਲਾਲਚ

ਇਸ ਵਾਰੇ ਕੋਈ ਸਮਝ ਬਣਾ ਲੈ;


ਆਪਣਿਆਂ ਦੇ ਨਾਜ਼ ਉਠਾ ਲੈ

ਆਪਣਿਆਂ ਨੂੰ ਗਲ਼ ਨਾਲ ਲਾ ਲੈ

ਸ਼ੁਕਰਾਨੇ ਵਿੱਚ ਮੀਚ ਕੇ ਅੱਖਾਂ

ਪਿਆਰੇ ਸੰਗ ਦਾ ਜਸ਼ਨ ਮਨਾ ਲੈ;


ਦੁਨੀਆਂ ਬਦਲੇ,

ਜਦ ਤੂੰ ਬਦਲੇਂ,

ਇਹ ਸਾਦਾ ਜਿਹਾ ਸੱਚ ਸਮਝ ਲੈ  

ਏਸ ਸੱਚ ਨੂੰ ਮੀਤ ਬਣਾ ਲੈ;


ਤੈਨੂੰ ਜਿਹੜਾ ਰੰਗ ਮਿਲਿਆ ਹੈ

ਇਹ ਬੱਸ ਤੇਰੇ ਲਈ ਬਣਿਆਂ ਹੈ

ਇਸ ਰੰਗ 

ਦੀ ਤਸਵੀਰ ਬਣਾ ਦੇ

ਇਸ ਰੰਗ ਦੀ ਤਕਦੀਰ ਬਣਾ ਦੇ

ਇਸ ਰੰਗ ਦੀ ਮਸਤੀ ਵਿੱਚ ਗਾ ਲੈ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

 

 


Post a Comment

0 Comments