ਸਾਂਝੇ ਪੰਜਾਬ ਦੀ ਉੱਘੀ ਗਾਇਕਾ ਜ਼ੁਬੈਦਾ ਖਾਨੁਮ

ਗਾਇਕਾ ਜ਼ੁਬੈਦਾ ਖਾਨੁਮ ਦੀ ਬਰਸੀ ਤੇ ਵਿਸ਼ੇਸ਼ 

ਗੱਲਾਂ ਸੁਣ ਕੇ ਮਾਹੀ ਨਾਲ ਮੇਰੀਆਂ, ਦੁਪੱਟਾ ਬੇਈਮਾਨ ਹੋ ਗਿਆ

ਬਲਵਿੰਦਰ ਸਿੰਘ ਭੁੱਲਰ

ਸਾਲ ਸਨਤਾਲੀ ਦੇ ਇੱਕ ਦਿਨ ਖਿੱਚੀ ਗਈ ਚੰਦਰੀ ਲਕੀਰ ਨੇ ਜਿੱਥੇ ਸਾਡੇ ਦੇਸ਼ ਨੂੰ ਦੋ ਹਿੱਸਿਆਂ  ਭਾਰਤ ਤੇ ਪਾਕਿਸਤਾਨ ਵਿੱਚ ਵੰਡ ਦਿੱਤਾ, ਉੱਥੇ ਸਾਡੇ ਸ਼ਹੀਦ, ਗਾਇਕ, ਲੇਖਕ, ਕਲਾਕਾਰ, ਬੋਲੀ, ਭਾਸ਼ਾ ਤੇ ਸੱਭਿਆਚਾਰ ਨੂੰ ਵੀ ਦੋ ਹਿੱਸਿਆਂ ਵਿੱਚ ਕਰ ਦਿੱਤਾ। ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਗਾਇਕ ਤੇ ਗਾਇਕਾਵਾਂ ਜਿਵੇਂ ਪ੍ਰਸਿੱਧ ਕਵੀਸ਼ਰ ਬਾਬੂ ਰਜਬ ਅਲੀ, ਮਲਕਾ ਏ ਤਰੰਨਮ ਨੂਰਜਹਾਂ, ਮਹਾਨ ਗਾਇਕਾ ਰੇਸ਼ਮਾ ਅਤੇ ਉਘੀ ਪਿਠਵਰਤੀ ਗਾਇਕਾ ਜ਼ੁਬੈਦਾ ਖਾਨਮ ਨੂੰ ਭਾਰਤ ਛੱਡ ਕੇ ਆਪਣਾ ਜੀਵਨ ਪਾਕਿਸਤਾਨ ਦੀ ਧਰਤੀ ਤੇ ਗੁਜਾਰਨਾ ਪਿਆ।

ਗੱਲਾਂ ਸੁਣ ਕੇ ਮਾਹੀ ਨਾਲ ਮੇਰੀਆਂ, ਦੁਪੱਟਾ ਬੇਈਮਾਨ ਹੋ ਗਿਆਵਰਗੇ ਦਿਲਾਂ ਨੂੰ ਟੁੰਬਣ ਵਾਲੇ ਗੀਤ ਸਰੋਤਿਆਂ ਦੇ ਰੂਬਰੂ ਕਰਨ ਵਾਲੀ ਸੁਰੀਲੀ ਦਿਲਕਸ਼ ਆਵਾਜ਼ ਦੀ ਮਾਲਕ ਜ਼ੁਬੈਦਾ ਖਾਨਮ ਦਾ ਜਨਮ ਸਾਂਝੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ 1935 ਵਿੱਚ ਹੋਇਆ। ਉਹ ਅਜੇ 12 ਕੁ ਸਾਲ ਦੀ ਹੀ ਸੀ ਜਦੋਂ ਭਾਰਤ ਨਾਲੋਂ ਨਿੱਖੜ ਕੇ ਪਾਕਿਸਤਾਨ ਵੱਖਰਾ ਦੇਸ਼ ਬਣ ਗਿਆ ਅਤੇ ਜ਼ੁਬੈਦਾ ਦਾ ਪਰਿਵਾਰ ਭਾਰਤ ਨੂੰ ਅਲਵਿਦਾ ਕਹਿ ਕੇ ਨਵੇਂ ਬਣੇ ਦੇਸ ਵਿੱਚ ਜਾ ਵਸਿਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਜ਼ੁਬੈਦਾ ਦਾ ਨਾਂ ਚੋਣਵੀਆਂ ਗਾਇਕਾਵਾਂ ਵਿੱਚ ਆ ਗਿਆ ਸੀ। 1950 ਤੋਂ 1960 ਤੱਕ ਇੱਕ ਦਹਾਕਾ ਉਹ ਉਰਦੂ ਅਤੇ ਪੰਜਾਬੀ ਗੀਤ ਪੇਸ਼ ਕਰਨ ਵਾਲੀ ਪੂਰੀ ਸਰਗਰਮ ਗਾਇਕਾ ਵੱਲੋਂ ਵਿਚਰੀ। ਸੁਰ ਅਤੇ ਆਵਾਜ਼ ਵਿੱਚੋਂ ਉਹ ਆਵਾਜ਼ ਨੂੰ ਵਧੇਰੇ ਤਰਜੀਹ ਦਿੰਦੀ ਸੀ, ਉਸਦਾ ਵਿਚਾਰ ਸੀ ਕਿ ਸੁਰ ਨੂੰ ਆਵਾਜ਼ ਨਾਲ ਮਿਲਾਇਆ ਜਾ ਸਕਦਾ ਹੈ, ਪਰ ਜੇ ਆਵਾਜ਼ ਹੀ ਨਾ ਹੋਵੇ ਤਾਂ ਸੁਰ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ।

4 ਜਨਵਰੀ 1951 ਵਿੱਚ ਇੰਡੀਆ ਐਂਡ ਪਾਕਿਸਤਾਨ ਪ੍ਰੋਡਕਸ਼ਨਦੀ ਸਾਂਝੀ ਪੰਜਾਬੀ ਫਿਲਮ ਬਿੱਲੋਵਿੱਚ ਉਸਨੇ ਪਿਠਵਰਤੀ ਗਾਇਕਾ ਵਜੋਂ ਪਹਿਲੀ ਵਾਰ ਗਾਇਆ। ਇਸਤੋਂ ਬਾਅਦ ਤਸਵੀਰ ਮਹਿਲ ਪਿਕਚਰਜ਼ ਦੇ ਬੈਨਰ ਹੇਠ 13 ਜੂਨ 1953 ਨੂੰ ਰਲੀਜ਼ ਹੋਈ ਨਿਰਦੇਸ਼ਕ ਨਜ਼ੀਰ ਦੀ ਪੰਜਾਬੀ ਫਿਲਮ ਸ਼ਹਿਰੀ ਬਾਬੂਦੇ  ਨਾਲ ਉਸ ਦਾ ਨਾਂ ਉਘੀਆਂ ਗਾਇਕਾਵਾਂ ਤੇ ਕਲਾਕਾਰਾਂ ਵਿੱਚ ਸਾਮਲ ਹੋ ਗਿਆ। ਬੱਸ ਫੇਰ! ਉਸਨੇ ਪਿਛਾਂਹ ਮੁੜ ਕੇ ਨਹੀਂ ਦੇਖਿਆ, ਲਗਾਤਾਰ ਉਸਨੇ 147 ਫਿਲਮਾਂ ਲਈ 244 ਗੀਤ ਗਾਏ। ਮੇਰੀ ਚੁੰਨੀ ਦੀਆਂ ਰੇਸਮੀ ਤੰਦਾਂ, ਵੇ ਮੈਂ ਘੁੱਟ ਘੁੱਟ ਦੇਨੀ ਆਂ ਗੰਢਾ, ਕਿ ਚੰਨਾ ਤੇਰੀ ਯਾਦ ਨਾ ਭੁੱਲੇਅਤੇ ਰਾਤਾਂ ਮੇਰੀਆਂ ਬਣਾ ਕੇ ਰੱਬਾ ਨ੍ਹੇਰੀਆਂ, ਨਸੀਬਾਂ ਵਾਲੇ ਤਾਰੇ ਟੁੱਟ ਗਏਵਰਗੇ ਗੀਤਾਂ ਨੂੰ ਅੱਜ ਵੀ ਸਰੋਤੇ ਸਾਹ ਰੋਕ ਕੇ ਸੁਣਦੇ ਹਨ। ਉਸਦੇ ਗੀਤ ਨਗਮੇ, ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ, ਤੂੰ ਛੁੱਟੀ ਲੈ ਕੇ ਆ ਜਾ ਬਾਲਮਾ, ਤੂੰ ਸਾਡੇ ਵੱਲ ਤੱਕ ਸੱਜਣਾ, ਮੇਰਾ ਜੀਵੇ ਢੋਲਾ, ਮੈਨੂੰ ਬਾਬਲ ਅੱਜ ਨਾ ਤੋਰ, ਕੌਲ ਨਹੀਂ ਭੁਲਦੇ, ਛੱਡ ਜਾਵੀਂ ਨਾ ਚੰੰਨਾ, ਲੱਕ ਪਤਲਾ ਪਤੰਗ, ਬੇਹੱਦ ਮਕਬੂਲ ਹੋਏ। ਭਾਵੇਂ ਕਾਫ਼ੀ ਫਿਲਮਾਂ ਵਿੱਚ ਉਸਨੇ ਅਦਾਕਾਰੀ ਵੀ ਕੀਤੀ, ਪਰ ਉਸਦੀ ਮਕਬੂਲੀਅਤ ਗਾਇਕਾ ਵਜੋਂ ਹੀ ਹੋਈ।

ਜ਼ੁਬੈਦਾ ਖਾਨਮ ਨੇ ਭਰ ਜਵਾਨੀ ਵਿੱਚ ਫਿਲਮੀ ਕੈਮਰਾਮੈਨ ਰਿਆਜ ਬੁਖਾਰੀ ਨਾਲ ਸ਼ਾਦੀ ਕਰਵਾ ਲਈ ਅਤੇ ਸ਼ਾਦੀ ਤੋਂ ਬਾਅਦ ਉਹ ਹੌਲੀ ਹੌਲੀ ਫਿਲਮਾਂ ਤੋਂ ਦੂਰ ਹੁੰਦੀ ਗਈ। ਆਪ ਦੇ ਦੋ ਪੁੱਤਰ ਅਤੇ ਦੋ ਪੁੱਤਰੀਆਂ ਆਪਣੇ ਆਪਣੇ ਘਰੀਂ ਸੁਖੀਂ ਸਾਂਦੀ ਵਸਦੇ ਹਨ। ਫਿਲਮੀ ਕੈਮਰਾਮੈਨ ਪੁੱਤਰ ਫੈਜ਼ਲ ਬੁਖਾਰੀ ਕੋਲ ਰਹਿੰਦੀ ਹੋਈ ਅਸਾਂ ਜਾਣ ਕੇ ਮੀਟ ਲਈ ਅੱਖ ਵੇਗੀਤ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਜ਼ੁਬੈਦਾ ਖਾਨਮ 9 ਅਕਤੂਬਰ 2013 ਨੂੰ ਕਰੀਬ 78 ਸਾਲ ਦੀ ਉਮਰ ਵਿੱਚ ਵੈਸਟਵੁੱਡ ਕਲੌਨੀ ਲਹੌਰ ਵਿਖੇ ਆਪਣੇ ਰੱਬ ਵਰਗੇ ਲੱਖਾਂ ਸਰੋਤਿਆਂ ਤੋਂ ਸਦਾ ਲਈ ਅੱਖਾਂ ਮੀਟ ਕੇ ਦੂਰ ਚਲੀ ਗਈ। ਅੱਜ ਅਫਸੋਸ ਇਸ ਗੱਲ ਦਾ ਵੀ ਹੈ ਕਿ ਏਨੀ ਮਹਾਨ ਗਾਇਕਾ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਸ ਕਿੱਤੇ ਨਾਲ ਲਗਾਅ ਨਾ ਹੋਣ ਕਰਕੇ ਇਹ ਪਰਿਵਾਰ ਗਾਇਕੀ ਖੇਤਰ ਤੋਂ ਬਾਹਰ ਹੋ ਗਿਆ ਹੈ।

ਮੋਬਾ: 098882 75913

               

 

Post a Comment

0 Comments