ਗ਼ਜ਼ਲ ਅਤੇ ਨਜ਼ਮ/ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ


ਜਿਸਨੇ ਅਪਣੀ ਬਾਤ ਲਿਖੀ ਹੈ,

ਇੱਕ ਪਿਆਰੀ ਸੌਗਾਤ ਲਿਖੀ ਹੈ।


ਰਾਤਾਂ ਦੇ ਲਈ ਲਿਖੀਆਂ ਕਿਰਨਾਂ,

ਔੜਾਂ ਲਈ ਬਰਸਾਤ ਲਿਖੀ ਹੈ।


ਅਪਣਾ ਅਕਸ ਵੇਖ ਕੇ ਕਿਧਰੋਂ,

ਰੱਬ ਨੇ ਮੇਰੀ ਜ਼ਾਤ ਲਿਖੀ ਹੈ।


ਹੋਰਾਂ ਨੇ ਲਿਖਣੀ ਚਾਹੀ, ਪਰ,

ਮੈਂ ਅਪਣੀ ਔਕਾਤ ਲਿਖੀ ਹੈ।


ਦਿਨ ਚੜ੍ਹਿਆ ਤਾਂ ਦਿਨ ਲਿਖਿਆ ਮੈਂ,

ਰਾਤ ਪਈ ਜਦ, ਰਾਤ ਲਿਖੀ ਹੈ।


ਨਜ਼ਮ 


ਦਿਲ ਨਹੀਂ ਕਰਦਾ


ਦਿਲ ਨਹੀਂ ਕਰਦਾ

ਕਿ ਬੱਸ ਐਵੇਂ ਲਿਖਾਂ

ਐਵੇਂ ਲਿਖ ਕੇ ਵਿਗਾੜਾਂ ਸ਼ਬਦ ਦਾ ਹੁਸਨ

ਐਵੇਂ ਲਿਖ ਕੇ ਕਰਾਂ ਕਾਗਜ਼ਾਂ ਦਾ ਕਤਲ

ਐਵੇਂ ਲਿਖ ਕੇ ਕਰਾਂ ਬੇ'ਜ਼ਤੀ ਕਲਮ ਦੀ;


ਦਿਲ ਇਹ ਕਰਦਾ ਹੈ

ਲਿੱਖਾਂ ਤਾਂ ਐਸੀ ਨਜ਼ਮ

ਜਿਸ 'ਚ ਸਭ ਜ਼ਿਕਰ ਹੋਵੇ

ਕਿ ਕਿੰਝ ਚੇਤਨਾ

ਬਣਕੇ ਮਿੱਟੀ ਤੇ ਪਾਣੀ

ਹਵਾ ਤੇ ਅਗਨ

ਸਿਰਜਦੀ ਹੈ ਆਕਾਰਾਂ ਦਾ ਇੱਕ ਸਿਲਸਿਲਾ;


ਮੇਰੀ ਇਸ ਨਜ਼ਮ ਵਿੱਚ

ਸ਼ੋਖ ਰੰਗਾਂ ਦਾ ਓਹੀਓ ਨਜ਼ਾਰਾ ਬਣੇ

ਜਿਹੜਾ ਸੂਰਜ ਦਾ ਬੱਦਲਾਂ 'ਤੇ ਉਪਕਾਰ ਹੈ,

ਓਹੀਓ ਸ਼ਬਦਾਂ, ਖ਼ਿਆਲਾਂ ਦਾ ਜਲਵਾ ਖਿੜੇ

ਜਿਹੜਾ ਸ਼ਾਹਕਾਰ ਗੀਤਾਂ ਦਾ ਸ਼ਿੰਗਾਰ ਹੈ;


ਮੇਰੀ ਇਸ ਨਜ਼ਮ ਵਿੱਚ

ਹੋਵੇ ਰੋਟੀ ਦੀ ਲੱਜ਼ਤ

ਤੇ ਫੁੱਲ ਦੀ ਮਹਿਕ,

ਥੋੜ੍ਹੀ ਚੁੰਮਣ ਦੀ ਮਸਤੀ

ਨਸ਼ਾ ਪਿਆਰ ਦਾ;


ਦਿਲ ਇਹ ਕਰਦਾ ਹੈ 

ਲਿੱਖਾਂ ਤਾਂ ਐਸੀ ਨਜ਼ਮ

ਜਿਸ ਨੂੰ ਪੜ੍ਹ ਕੇ 

ਮਨਾਂ ਵਿੱਚ ਵਸੇ ਰੌਸ਼ਨੀ 

ਜਿਹੜੀ ਰਿਸ਼ੀਆਂ ਦੇ ਚਿੰਤਨ ਤੋਂ ਲੈ ਕੇ ਜਨਮ

ਦੱਸਦੀ ਹੈ

ਕਿ ਧਰਤੀ 'ਤੇ ਸਭ ਠੀਕ ਹੈ:

ਦੁੱਖ ਨੇ, ਤਾਹੀਓਂ ਸੁੱਖਾਂ ਦੀ ਪਹਿਚਾਣ ਹੈ,

ਡਰ ਦੇ ਜਜ਼ਬੇ 'ਚੋਂ ਹਸਤੀ ਬਣੀਂ ਆਸ ਦੀ;


ਦਿਲ ਇਹ ਕਰਦਾ ਹੈ 

ਲਿੱਖਾਂ ਤਾਂ ਐਸੀ ਨਜ਼ਮ

ਜਿਸ ਨੂੰ ਪੜ੍ਹ ਕੇ ਇਹ ਲੱਗੇ

ਮਿਰਤ-ਲੋਕ ਵਿੱਚ

ਇਹ ਜੋ ਜੀਵਨ ਹੈ

ਅਦਭੁਤ ਕ੍ਰਿਸ਼ਮਾਂ ਹੈ ਇਹ;


ਦਿਲ ਨਹੀਂ ਕਰਦਾ

ਕਿ ਬੱਸ ਐਵੇਂ ਲਿਖਾਂ,

ਦਿਲ ਨਹੀਂ ਕਰਦਾ 

ਕਿ ਬੱਸ ਐਵੇਂ ਲਿਖਾਂ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।   

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 


Post a Comment

0 Comments