ਕੁਲਬੀਰ ਸਿੰਘ ਕੰਵਲ ਦੀਆਂ ਗ਼ਜ਼ਲਾਂ

ਤਿੰਨ ਗ਼ਜ਼ਲਾਂ/ ਕੁਲਬੀਰ ਸਿੰਘ ਕੰਵਲ


 ਹਵਾਵਾਂ ਅੱਗੇ


ਕੀ ਏ ਜ਼ੋਰ ਹਵਾਵਾਂ ਅੱਗੇ। 

ਵਿਛੜਨ ਲੱਗੇ ਛਿਣ ਨਾ ਲੱਗੇ। 


ਪਿੱਛੇ ਅੰਨ੍ਹੀ ਤੇਜ਼ ਹਵਾ ਸੀ, 

ਅੱਗੇ -ਅੱਗੇ ਪੱਤੇ ਬੱਗੇ। 


ਇਕ'ਨਾ ਕੋਲ ਹਜ਼ਾਰਾਂ ਘੜੀਆਂ, 

ਲੱਖਾਂ ਨੂੰ ਜੁੜਦੇ ਨਾ ਝੱਗੇ। 


ਜਸ਼ਨਾਂ ਦਾ ਮਾਹੌਲ ਏ, ਐਪਰ, 

ਲੋਕ ਵਿਚਾਰੇ ਠੱਗੇ - ਠੱਗੇ।


ਸਾਲ ਸਤੱਤਰ ਬੀਤ ਗਏ ਹਨ,

ਕਾਮਿਆਂ ਤੋਂ ਬਿਹਤਰ ਨੇ ਢੱਗੇ। 


ਘੁਣ ਦੇ ਵਾਂਙਰ ਦੇਸ਼ ਜੋ ਖਾਵਣ, 

ਰਹਿਣ ਹਮੇਸ਼ਾ ਅੱਗੇ -ਅੱਗੇ।


ਸਭਰਾਵਾਂ ਦੀ 


ਲਲ ਲੱਗੀ ਗਿਰਝਾਂ ਕਾਵਾਂ ਦੀ। 

ਜਦ ਜੰਗ ਛਿੜੀ ਸਭਰਾਵਾਂ ਦੀ। 


ਯੋਧੇ ਗੁਮਨਾਮ ਭਰਾਵਾਂ ਦੀ, 

ਗੱਲ ਛੇੜੋ ਬੀਰ ਕਥਾਵਾਂ ਦੀ। 


ਐਸੇ ਵੀ ਸਿੱਖ ਗੋਬਿੰਦ ਗੁਰੂ ਦੇ, 

ਪਰਵਾਹ ਨਾ ਕਰਦੇ ਲਾਵਾਂ ਦੀ। 


ਐਨੀ ਛੇਤੀ ਸਿੱਖ ਰਾਜ ਗਿਐ, 

ਪੁਣ ਛਾਣ ਕਰੋ ਘਟਨਾਵਾਂ ਦੀ। 


ਉੱਤਰਅਧਿਕਾਰੀ ਹਰ ਇਕ ਹੈ, 

ਕਿਸ ਨੂੰ ਹੈ ਲੱਜ ਖੜਾਵਾਂ ਦੀ। 


ਕਿਉਂ ਭੇਤ ਕਿਸੇ ਨੂੰ ਲੱਭਾ ਨਾ, 

ਹੈ ਮੁਖ਼ਬਿਰ ਤੋਰ ਹਵਾਵਾਂ ਦੀ। 


ਕਿੰਨੇ ਸਿੰਘ ਸ਼ਹੀਦੀ ਪਾ ਗਏ, 

ਭੁੱਲੇ ਹਾਂ ਗਿਣਤੀ ਨਾਵਾਂ ਦੀ। 


ਦੌੜ ਗਏ ਪੁਲ ਤੋੜ ਗਏ ਜੋ, 

"ਤੇਜੇ" ਤੇ "ਲਾਲ" ਬਲਾਵਾਂ ਦੀ। 


ਕਿੰਨੀਆਂ ਦੇ ਪੁੱਤ ਖਾਵੰਦ ਗਏ, 

ਕੀ ਸਾਰ ਏ ਰੁੱਖਾਂ ਛਾਵਾਂ ਦੀ। 


"ਟੁੰਡਾ ਲਾਟ" ਭਲਾ ਕੀ ਜਾਣੇ, 

ਦੁੱਖ ਦਰਦ ਕਹਾਣੀ ਮਾਵਾਂ ਦੀ।


ਮੈਂ ਤੁਰਦਾ ਜਾ ਰਿਹਾਂ


ਮੈਂ ਤੁਰਦਾ ਜਾ ਰਿਹਾਂ ਅੱਗੇ ਅਨੇਕਾਂ ਰਾਹ ਦਿਸਦੇ ਨੇ।

ਦਿਸੇ ਲਿਸ਼ਕੋਰ ਕਿਧਰੇ ਨ੍ਹੇਰ ਕਾਲ਼ੇ ਸ਼ਾਹ ਦਿਸਦੇ ਨੇ।


ਕਦੇ ਦੋ-ਟੁੱਕ ਮੈਥੋਂ ਫ਼ੈਸਲਾ ਤਾ ਉਮਰ ਨਈਂ ਹੋਇਆ,

ਮੇਰੇ ਮਿੱਤਰ ਇਸੇ ਕਰਕੇ ਹੀ ਬੇਪਰਵਾਹ ਦਿਸਦੇ ਨੇ।


ਭਲਾ ਕੀ ਮਾਣ ਜਾਤਾਂ -ਗੋਤਰਾਂ ਦਾ ਤੇ ‘ਤਖ਼ੁੱਲਸ’ ਦਾ,

ਜੇ ਇੱਕੋ ਗੋਤ ਦੇ ਗੁਰ ਘਰ ਖੜ੍ਹੇ ਦਰਗਾਹ ਦਿਸਦੇ ਨੇ। 


ਤੂੰ ਉੱਚੀਆਂ ਮਾਰਦੈਂ ਛਾਲਾਂ ਬੜੇ ਦਾਅਵੇ ਪਿਆ ਕਰਦੈਂ, 

ਜ਼ਰਾ ਦੱਸ ਤਾਂ ਸਹੀ ਕਿੰਨੇ ਬਚੇ, ਕੀ ਸਾਹ ਦਿਸਦੇ ਨੇ?


ਇਹ ਗਾਜਰ ਬੂਟੀਆਂ ਕਿੱਦਾਂ ਨੇ ਸਾਡੇ ਜੰਮੀਆਂ ਥਾਂ-ਥਾਂ, 

ਸਿਮਰਤੀ ਵਿਚ ਮੇਰੀ ਹਾਲੇ ਵੀ ਖੱਬਲ ਘਾਹ ਦਿਸਦੇ ਨੇ। 


ਬਹਿਸ਼ਤਾਂ ਦੇ ਲਗਾ ਲਾਰੇ ਕਰਾਉਂਦੇ ਪਾਰ ਜੋ ਨਦੀਆਂ , 

ਲੁਟੇਰੇ ਵੱਧ ਨੇ ‘ਕੁਲਬੀਰ’ ਜੋ ਮੱਲਾਹ ਦਿਸਦੇ ਨੇ। 


ਨਜ਼ਰੀਆ ਆਪਣੈ 'ਕੁਲਬੀਰ' ਕਾਦਰ ਦਾ ਕ੍ਰਿਸ਼ਮਾ ਜੋ, 

ਨਜ਼ਾਰੇ ਦਿਸਣ,ਕਈਆਂ ਨੂੰ ਇਬਾਦਤਗਾਹ ਦਿਸਦੇ ਨੇ।

ਸੰਪਰਕ -

ਪਿੰਡ ਡਾਕਘਰ-ਚੱਕ ਮੁਗਲਾਣੀ

ਤਹਿਸੀਲ ਨਕੋਦਰ (ਜਲੰਧਰ)

ਮੋਬਾਈਲ -9815143028



Post a Comment

0 Comments