ਗ਼ਜ਼ਲ ਅਤੇ ਦੋ ਨਜ਼ਮਾਂ/ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਐਨੇ ਰਸਤੇ, ਬਹੁਤ ਦਿਸ਼ਾਵਾਂ,

ਕਿਸ 'ਤੇ ਚੱਲਾਂ, ਕਿੱਧਰ ਜਾਵਾਂ?


ਅਪਣਾ ਅੰਦਰ 'ਨ੍ਹੇਰਾ-'ਨ੍ਹੇਰਾ,

ਸੂਰਜ ਦੇ ਨਕਸ਼ੇ ਸਮਝਾਵਾਂ।


ਕੋਇਲ ਦੇ ਮਿੱਠੇ ਬੋਲਾਂ 'ਤੇ

ਕਈ ਕਿਤਾਬਾਂ ਲਿਖੀਆਂ ਕਾਵਾਂ।


ਚੁੱਪ ਦੀ ਕੋਈ ਸਮਝ ਨਹੀਂ ਹੈ,

ਜੋ ਮੂੰਹ ਆਵੇ ਬੋਲੀ ਜਾਵਾਂ।


ਅਪਣੇ ਲਾਲਚ, ਅਪਣੇ ਡਰ ਨੂੰ,

ਰੱਬ-ਸ਼ੈਤਾਨ ਦੇ ਜਿੰਮੇਂ ਲਾਵਾਂ।


ਦੋਵੇਂ ਅੱਖਾਂ ਸਨਮਾਨਾਂ 'ਤੇ

ਪਰ ਖ਼ੁਦ ਨੂੰ ਸੂਫ਼ੀ ਕਹਿਲਾਵਾਂ।


ਨਜ਼ਮਾਂ 



ਪੱਕਾ ਇਲਾਜ


ਮਨ ਦੇ ਵਰਕੇ 'ਤੇ ਪਏ

ਦੁਖਦੀਆਂ ਯਾਦਾਂ ਦੇ ਨਿਸ਼ਾਨ,

ਅੱਜ ਦੀ ਲੱਜ਼ਤ 'ਚ

ਕਿਧਰੋਂ ਘੁਲ਼ ਰਹੇ ਬੇਕਾਰ ਗਿਲੇ,

ਆਓਂਦੇ ਹੋਏ ਕੱਲ੍ਹ ਦੇ

ਮੱਥੇ 'ਤੇ ਲਿਖੇ ਕਲਪਿਤ ਡਰ,

ਇਹ ਮੇਰੀ ਜਾਨ ਦੇ ਦੁਸ਼ਮਨ

ਇਹ ਮੇਰੇ ਪਾਗ਼ਲਪਨ,

ਹੈ ਮੇਰੇ ਕੋਲ਼

ਇਨ੍ਹਾਂ ਸਾਰਿਆਂ ਦਾ ਪੱਕਾ ਇਲਾਜ:

ਮੇਰੀ ਭੋਲ਼ੀ ਜਿਹੀ ਬੱਚੀ ਦੀ

ਪਿਆਰੀ ਮੁਸਕਾਨ.



ਮੇਰੇ ਪਾਪਾ


ਮੇਰੇ ਪਾਪਾ

ਕਦੇ-ਕਦੇ ਤਾਂ ਬੁੱਧ ਲੱਗਦੇ ਸਨ:

ਅਪਣੇ ਸਾਰੇ ਨਿੱਜੀ ਸੁਪਨੇ

ਅਪਣੀਆਂ ਸਭ ਖ਼ੁਦਗਰਜ਼ ਖ਼ਾਹਸ਼ਾਂ

ਪਿੱਛੇ ਕਿਧਰੇ

ਪਤਾ ਨਹੀਂ ਕਦ ਛੱਡ ਆਏ ਸਨ.

ਪਰ ਮੇਰੇ ਪਾਪਾ

ਕਦੇ-ਕਦੇ ਅਰਜਨ ਲੱਗਦੇ ਸਨ:

ਅਪਣੇ ਬੱਚਿਆਂ ਦੇ ਪਿਆਰੇ ਆਦਰਸ਼ਾਂ ਖਾਤਰ

ਅਪਣੇ ਬੱਚਿਆਂ ਦੇ ਹੱਕਾਂ ਦੀ ਰਾਖੀ

 ਦੇ ਲਈ

ਇੰਝ ਲੜਦੇ ਸਨ

ਇੰਝ ਲੜਦੇ ਸਨ

ਬੱਸ ਕਿਆ ਕਹਿਣੇ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 



Post a Comment

0 Comments