ਗ਼ਜ਼ਲ ਅਤੇ ਨਜ਼ਮਾਂ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ

ਨਾ ਕੋਈ ਦਾਅਵੇ, ਕੋਈ ਨ੍ਹਾਅਰੇ ਨਹੀਂ

ਹਾਰਦੇ ਹਾਂ, ਪਰ ਕਦੇ ਹਾਰੇ ਨਹੀਂ.


ਹਰ ਹਵਾ ਲੈ ਜਾਏ ਜਿਧਰੇ ਜੀ ਕਰੇ

ਨਾਂਹ, ਅਸੀਂ ਐਨੇ ਵੀ ਵੇਚਾਰੇ ਨਹੀਂ.


ਕੀ ਮਿਲੇਗਾ ਝੀਲ ਵਿੱਚ ਲਹਿ ਕੇ ਹਜ਼ੂਰ

ਸਿਰਫ਼ ਖਾਲੀ ਅਕਸ ਨੇ, ਤਾਰੇ ਨਹੀਂ.


ਫ਼ੈਸਲਾ ਹੈ ਤਾਰਿਆਂ ਤੱਕ ਜਾਣ ਦਾ

ਕੁਝ ਤਾਂ ਲੈ ਆਵਾਂਗਾ, ਜੇ ਸਾਰੇ ਨਹੀਂ.


ਹਰ ਪਿਆਰੀ ਗ਼ਜ਼ਲ ਵਿੱਚ ਖ਼ੁਸ਼ਬੂ ਤੇਰੀ

ਉਂਝ ਓਹ ਬੇਸ਼ੱਕ ਤੇਰੇ ਵਾਰੇ ਨਹੀਂ.


ਨਜ਼ਮਾਂ 


ਅਸਲੀ ਮੁੱਦਆ


ਮੰਗ ਕੇ ਏਕਲੱਵਿਯਾ ਤੋਂ

ਓਸ ਦਾ ਸੱਜਾ ਅੰਗੂਠਾ

ਜੇ ਦਰੋਨ ਆਚਾਰੀਯਾ

ਅਰਜਨ ਨੂੰ ਵੀ 

 ਮਾਰਨ ਲਈ ਤੈਯਾਰ ਹੈ

ਅਸਲੀ ਮੁੱਦਆ

ਕੋਈ ਜਮਾਤੀ ਲੁੱਟ

ਜਮਾਤੀ ਦੁਸ਼ਮਣੀ ਨਹੀਂ

ਅਸਲੀ ਮੁੱਦਆ ਤਾਂ ਸਿਰਫ਼

ਇਖ਼ਲਾਕ ਹੈ, ਕਿਰਦਾਰ ਹੈ.


ਮਿਰਜ਼ੇ ਦਾ ਸਵਾਲ


ਪਲ ਵਿੱਚ ਕਿਧਰੇ ਖੋ ਗਏ ਸਾਰੇ

ਗਲ਼ੀਆਂ ਅਤੇ ਬਨੇਰੇ.


ਨਾ ਕੁੱਤੀ, ਨਾ ਹੱਟ 'ਤੇ ਦੀਵਾ 

ਕੱਲਰਾਂ ਵਿੱਚ ਵਸੇਰੇ.


ਲਾਹ ਸੁੱਟੀ ਸੱਭਿਅਤਾ ਦੀ ਲੋਈ

ਕੀਤੇ ਸ਼ੁਗਲ ਬਥੇਰੇ.


ਉੱਤਰ ਗਈ ਪਿੰਡਿਆਂ ਦੀ ਗਰਮੀਂ

ਪਾਲ਼ਾ ਰੂਹ ਨੂੰ ਘੇਰੇ.

ਦੱਸ ਮੈਂਨੂੰ ਹੁਣ ਕੀ ਬਚਿਆ ਹੈ

ਵਿੱਚ ਤੇਰੇ ਤੇ ਮੇਰੇ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 



Post a Comment

0 Comments