ਪੁਸਤਕ ਰਿਲੀਜ਼ ਅਤੇ ਕਵੀ ਦਰਬਾਰ ਕਰਵਾਇਆ


ਗੁਰਸ਼ਰਨ ਸਿੰਘ ਕਾਕਾ ਦੀ ਕਿਤਾਬ ‘ਰੂਹਾਨੀ ਸਫ਼ਰ’ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ

ਖਰੜ, 19 ਅਕਤੂਬਰ (ਬਿਊਰੋ)

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਅਵਤਾਰ ਸਿੰਘ ਖ਼ਾਲਸਾ, ਗੁਰਸ਼ਰਨ ਸਿੰਘ ਕਾਕਾ, ਗੁਰਮੀਤ ਸਿੰਗਲ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਲੋਂ ਕਾਵਿ-ਪੁਸਤਕ ‘ਰੂਹਾਨੀ ਸਫ਼ਰ’ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਅਵਤਾਰ ਸਿੰਘ ਖ਼ਾਲਸਾ ਨੇ ਕਿਹਾ ਕਿ ਰੂਹਾਨੀ ਸਫ਼ਰ ਨਿਵੇਕਲੇਪਣ ਉਰਲੇ ਬੰਨੇ ਤੋਂ ਸ਼ੁਰੂ ਹੋ ਕੇ ਪਰਲੇ ਬੰਨੇ ਵਸਲ ਦੇ ਵਿਹੜੇ, ਮੈਂ ਤੋਂ ਮੇਰੇ ਰੱਬ ਤੱਕ ਪੁੱਜਦਾ ਹੈ। ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਨੇ ਪੁਸਤਕ ‘ਤੇ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਨਿੱਜੀ ਭਾਵਨਾਵਾਂ ਤੋਂ ਸ਼ੁਰੂ ਹੋ ਕੇ ਸਮੁੱਚੀ ਕਾਇਨਾਤ ਲਈ ਇੱਕ ਉੱਤਮ ਅਤੇ ਸਕਾਰਾਤਮਕ ਸੰਦੇਸ਼ ਦੇਣ ਵਿੱਚ ਸਫ਼ਲ ਹੋਈ ਹੈ। ਪਿਆਰਾ ਸਿੰਘ ਰਾਹੀ ਨੇ ਵੀ ਰਚਨਾਵਾਂ ਵਿੱਚ ਦਰਸਾਏ ਅਧਿਆਤਮਿਕ ਪੱਖ ਬਾਰੇ ਗੱਲ ਕੀਤੀ। ਲੇਖਕ ਗੁਰਸ਼ਰਨ ਸਿੰਘ ਕਾਕਾ ਨੇ ਪੁਸਤਕ ਲੋਕ ਅਰਪਣ ਅਤੇ ਵਿਚਾਰ-ਚਰਚਾ ਲਈ ਸੱਥ ਦਾ ਧੰਨਵਾਦ ਕੀਤਾ ਅਤੇ ਆਪਣੀ ਪੁਸਤਕ ਵਿੱਚੋਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਇਸ ਇਕੱਤਰਤਾ ਵਿੱਚ ਗਾਇਕ ਰਾਜਵੀਰ ਜਵੰਦਾ, ਸੱਥ ਦੇ ਮੈਂਬਰ ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਅਤੇ ਸੁਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੀ ਧਰਮ ਪਤਨੀ ਗੁਰਨਾਮ ਕੌਰ ਦੇ ਅਕਾਲ ਚਲਾਣੇ ‘ਤੇ ਸ਼ੋਕ ਪ੍ਰਗਟ ਕਰਦਿਆਂ ਪਰਿਵਾਰਾਂ ਨਾਲ ਸੰਵੇਦਨਾ ਵੀ ਸਾਂਝੀ ਕੀਤੀ ਗਈ।

ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਸਿੰਗਲ, ਰਾਜਵਿੰਦਰ ਸਿੰਘ ਗੱਡੂ, ਦਲਬੀਰ ਸਿੰਘ ਸਰੋਆ, ਰਾਜਕੁਮਾਰ ਸਾਹੋਵਾਲੀਆ, ਪਿਆਰਾ ਸਿੰਘ ਰਾਹੀ, ਪਾਲ ਅਜਨਬੀ, ਬਲਦੇਵ ਸਿੰਘ ਬੁਰਜਾਂ, ਨਵਨੀਤ ਕੁਮਾਰ, ਦਵਿੰਦਰ ਧੀਮਾਨ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਡਾ. ਰੂਪ ਸਾਗਰ, ਬਲਵਿੰਦਰ ਸਿੰਘ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਜਸਕੀਰਤ ਕੁਰਾਲੀ, ਸਰਬਜੀਤ ਸਿੰਘ, ਸਮਿੱਤਰ ਸਿੰਘ ਦੋਸਤ, ਜਗਤਾਰ ਸਿੰਘ ਜੋਗ, ਮਲਕੀਤ ਸਿੰਘ ਨਾਗਰਾ, ਅਮਰਜੀਤ ਕੌਰ ਮੋਰਿੰਡਾ, ਮਾਸਟਰ ਮਲਕੀਤ ਸਿੰਘ ਆਦਿ ਨੇ ਆਪੋ-ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਰਾਹੀ ਵਲੋਂ ਬਾਖੂਬੀ ਨਿਭਾਏ ਗਏ। ਇਸ ਤੋਂ ਇਲਾਵਾ ਰਜਿੰਦਰ ਕੌਰ, ਗੁਰਜਿੰਦਰ ਸਿੰਘ, ਅਮਨਦੀਪ ਕੌਰ, ਕਾਜਲ ਸਿੰਘ, ਗਗਨਦੀਪ ਕੌਰ, ਕਮਲਜੀਤ ਸਿੰਘ, ਗੁਰਮੇਲ ਸਿੰਘ ਅਤੇ ਅਮਰਜੀਤ ਕੌਰ ਖਰੜ ਆਦਿ ਵੀ ਹਾਜ਼ਰ ਹੋਏ। ਅਖੀਰ ਵਿਚ ਗੁਰਮੀਤ ਸਿੰਗਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।


Post a Comment

0 Comments