ਡਾ. ਨਵਦੀਪ ਕੌਰ ਦਾ ਕਾਵਿ ਸੰਗ੍ਰਹਿ ਅਹਿਲਿਆ
ਸਾਹਿਤਕ ਖੇਤਰ ਦੇ ਕਾਵਿ ਵਿਧਾ ਵਿਚ ਅਨੇਕਾਂ ਉਪ ਵਿਧਾਵਾਂ
ਮਿਲਦੀਆਂ ਹਨ ਜਿਵੇਂ ਕਵਿਤਾ, ਗੀਤ, ਗ਼ਜ਼ਲ, ਛੰਦ,
ਰੁਬਾਈ, ਦੋਹੇ ਆਦਿ। ਖੰਡ ਕਾਵਿ ਵੀ ਕਾਵਿ ਵਿਧਾ ਦਾ ਹੀ ਇਕ ਵਿਸ਼ੇਸ਼
ਹਿੱਸਾ ਹੈ। ਸਾਹਿਤ ਦਰਪਣ ਵਿਚ ਵਿਸ਼ਵਾਨਾਥ ਵੱਲੋਂ ਖੰਡ ਕਾਵਿ ਦੀ ਪ੍ਰੀਭਾਸ਼ਾ ਅਨੁਸਾਰ ਕਿਸੇ
ਭਾਸ਼ਾ ਜਾਂ ਉਪ ਭਾਸ਼ਾ ਵਿਚ ਸਰਗਬੰਧ ਇਕ ਕਥਾ ਦਾ ਨਿਰੂਪਣ ਕਰਨ ਵਾਲਾ ਕਾਵਿ ਗ੍ਰੰਥ ਅਤੇ ਕਾਵਿ ਦੇ
ਇਕ ਅੰਸ਼ ਦਾ ਅਨੁਸਰਣ ਕਰਨ ਵਾਲਾ ਖੰਡ ਕਾਵਿ ਹੁੰਦਾ ਹੈ। ਕਾਵਿ ਖੰਡ ਤੁਕਾਂਤਿਕ ਵੀ ਹੋ ਸਕਦਾ ਹੈ
ਅਤੇ ਗ਼ੈਰ ਤੁਕਾਂਤ ਵੀ। ਇਸ ਪੁਸਤਕ ਵਿਚ ਗ਼ੈਰ ਤੁਕਾਂਤ ਭਾਵ blank verse ਦੇ ਤੌਰ ਤੇ ਲਿਖਿਆ ਗਿਆ ਹੈ। ਹਿੰਦੂ ਸ਼ਾਸ਼ਤਰਾਂ ਵਿਚ ਅਸਲ ਸ਼ਬਦ "ਅਹੱਲਿਆ"
ਵਰਤਿਆ ਗਿਆ ਹੈ।
ਹਥਲਾ ਕਾਵਿ ਖੰਡ ਸੰਗ੍ਰਹਿ "ਅਹਿਲਿਆ"
ਡਾਕਟਰ ਨਵਦੀਪ ਕੌਰ ਦਾ ਤੀਜਾ ਸ਼ਾਹਕਾਰ ਹੈ। ਡਾਕਟਰ ਨਵਦੀਪ ਕੌਰ ਮੂਲ ਰੂਪ ਵਿੱਚ ਨਾਟਕਕਾਰਾ ਹੈ ਜਿਸ
ਨੇ ਸਾਹਿਤ ਜਗਤ ਨੂੰ ਜਿਥੇ ਕਾਵਿ ਨਾਟ "ਨਾਰੀ ਘਾਟ" 2015 ਵਿਚ ਦਿੱਤਾ ਸੀ ਫਿਰ ਨੌਂ ਸਾਲ ਬਾਅਦ ਉਸ ਦਾ ਕਾਵਿ ਸੰਗ੍ਰਹਿ ‘ਪਥਰਾਟ ਚੋਂ "ਗੂੰਜਦੇ ਸੂਹੇ
ਬੋਲ" 2024 ਵਿਚ ਪ੍ਰਕਾਸ਼ਿਤ ਹੋਇਆ। ਇਸੇ ਦੌਰਾਨ ਉਸ ਦੀਆਂ ਕਰੀਬ ਅੱਠ ਪੁਸਤਕਾਂ ਆਲੋਚਨਾ ਦੀਆਂ ਆਈਆਂ
ਹਨ।ਲੇਖਿਕਾ ਇਸ ਤੀਜੇ ਕਾਵਿ ਖੰਡ ਸੰਗ੍ਰਹਿ "ਅਹਿਲਿਆ" ਨਾਲ ਅਜਕੱਲ ਸਾਹਿਤਕ ਖੇਤਰ
ਅੰਦਰ ਚਰਚਾ ਵਿਚ ਹੈ। ਇਸ ਕਾਵਿ ਖੰਡ ਨੂੰ ਜੇਕਰ ਅਸੀਂ ਮਹਾਂ ਕਾਵਿ ਕਹਿ ਲਈਏ ਤਾਂ ਕੋਈ ਅਤਿਕਥਨੀ
ਨਹੀਂ ਹੋਵੇਗੀ ਕਿਉੰਕਿ ਇਕ ਹੀ ਕੇਂਦਰ ਬਿੰਦੂ ਦੁਆਲੇ ਕੇਂਦਰਤ ਹੈ।
ਇਸ ਕਾਵਿ ਖੰਡ ਸੰਗ੍ਰਹਿ ਅਹਿਲਿਆ ਦਾ
ਮੁਤਾਲਿਆ ਕਰਦਿਆਂ ਅਨੁਭਵ ਹੋਇਆ ਕਿ ਇਸ ਕਾਵਿ ਖੰਡ ਸੰਗ੍ਰਹਿ ਨੂੰ ਦੋ ਭਾਗਾਂ ਵਿੱਚ ਵਿਚਾਰਿਆ ਜਾ
ਸਕਦਾ ਹੈ। ਪਹਿਲਾ ਭਾਗ ਕਾਵਿ ਖੰਡ ਜਿਸ ਦਾ ਜਿਕਰ ਉਪਰ ਪਹਿਲੇ ਪਹਿਰੇ ਵਿੱਚ ਕੀਤਾ ਜਾ ਚੁੱਕਾ ਹੈ
ਅਤੇ ਦੂਜਾ ਭਾਗ ਅਹਿਲਿਆ ਬਾਰੇ। ਅਹਿਲਿਆ ਦਾ ਇਤਿਹਾਸ ਅਤੇ ਮਿਥਿਆਸ ਪੁਸਤਕ ਨੂੰ ਛੇ ਹਿੱਸਿਆਂ
ਅਹਿਲਿਆ ਦਾ ਜਨਮ, ਗੌਤਮ ਦੀ ਸ਼ਿਸ਼ ਬਣਨਾ, ਗਿਆਨ ਪ੍ਰਾਪਤੀ, ਅਹਿਲਿਆ ਤੇ ਗੌਤਮ ਦਾ ਵਿਆਹ, ਦੰਪਤੀ ਜੀਵਨ ਅਤੇ ਮਹਾਂ ਚੇਤਨਾ ਆਦਿ ਵਿਚ ਵੰਡਿਆ ਹੋਇਆ ਹੈ। ਜਦੋਂ ਅਸੀਂ ਕਿਸੇ ਇਤਿਹਾਸਕ ਜਾਂ
ਮਿਥਿਹਾਸਕ ਰਚਨਾ ਦੀ ਸਿਰਜਣਾ ਕਰਨੀ ਹੋਵੇ ਤਾਂ ਉਸ ਦਾ ਅਧਿਐਨ ਬਹੁਤ ਡੂੰਘਾਈ ਨਾਲ ਅਤੇ ਸੁਚੇਤ ਰਹਿ
ਕੇ ਕਰਨਾ ਪੈਂਦਾ ਹੈ। ਪੁਸਤਕ ਦਾ ਇਤਿਹਾਸਕ ਪੱਖ ਇਹ ਹੈ ਕਿ ਅਹੱਲਿਆ ਵਿਰਧਸ਼ਵ ਦੀ ਪੁੱਤਰੀ ਤੇ
ਰਿਸ਼ੀ ਗੌਤਮ ਦੀ ਪਤਨੀ ਸੀ। ਰਾਮਾਇਣ ਅਨੁਸਾਰ ਬ੍ਰਹਮਾ ਨੇ ਸਾਰੀਆਂ ਇਸਤਰੀਆਂ ਤੋਂ ਪਹਿਲਾਂ ਸਭ ਤੋਂ
ਸੋਹਣੀ ਔਰਤ ਅਹੱਲਿਆ ਨੂੰ ਬਣਾਇਆ ਅਤੇ ਉਸ ਦਾ ਵਿਆਹ ਸਭ ਤੋਂ ਪਹਿਲਾਂ ਤਿੰਨ ਲੋਕ ਦਾ ਚੱਕਰ ਪੂਰਾ
ਕਰਨ ਵਾਲੇ ਨਾਲ ਕਰਨ ਦੀ ਸ਼ਰਤ ਰੱਖ ਦਿੱਤੀ।
ਪੁਸਤਕ ਦਾ ਨਿੱਠ ਕੇ ਅਧਿਐਨ ਕਰੀਏ ਤਾਂ
ਪੁਸਤਕ ਦਾ ਪਹਿਲਾ ਕਾਵਿ ਖੰਡ ਅਹਿਲਿਆ ਦੇ ਜਨਮ ਨਾਲ ਸ਼ੁਰੂ ਹੁੰਦਾ ਹੈ ਜਿਸ ਵਿਚ ਅਹਿਲਿਆ ਦਾ ਸਵੈ
ਬਿਰਤਾਂਤ ਸਿਰਜਿਆ ਗਿਆ ਹੈ -
"ਮੈਂ ਅਹਿਲਿਆ
ਬ੍ਰਹਮ ਪੁੱਤਰੀ ਅਹਿਲਿਆ
ਬ੍ਰਹਮ ਲੋਕ ਤੋਂ ਧਰਤੀ
ਤੀਕ
ਮੇਰੀ ਹੋਂਦ
ਹੋਂਦ ਨਿਰਹੋਂਦ ਦੇ ਅਰਥਾਂ
ਚ ਉਲਝੀ
ਮੇਰੇ ਨਾਂ ਦੀ
ਹੋਂਦ...।"
ਇਸ ਭਾਗ ਵਿੱਚ ਆਪਣੇ ਜਨਮ, ਵਰਨ,
ਹਰਨ ਅਤੇ ਪੱਥਰ ਬਣਨ ਦੀ ਵਿਥਿਆ ਸੁਣਾਉਂਦੀ ਹੈ। ਕਰਮ ਧਰਮ ਤੋਂ ਨਿਰਲੇਪ, ਪਾਪ ਪੁੰਨ ਤੋਂ ਪਰੇ, ਕਾਮ ਵਾਸਨਾ ਤੋਂ ਮੁਕਤ ਪਵਿੱਤਰ ਆਤਮਾ ਦੀ ਗੱਲ ਕਰਦੀ ਹੈ। ਔਰਤ
ਦੀ ਖੂਬੀ ਬਿਆਨ ਕਰਦਿਆਂ ਆਖਦੀ ਹੈ, ਔਰਤ ਵਿਚ ਕੋਮਲਤਾ, ਸਮਰਪਣ, ਗਿਆਨ, ਧਿਆਨ, ਸਰਵਕਲਾ ਸੰਪੂਰਨ, ਅੰਨ ਪੂਰਨਾ, ਦ੍ਰਿੜ ਪ੍ਰਪੱਕ ਚੇਤਨਕਾਰ ਉਸ ਦੇ ਸੁਭਾਅ ਵਿਚ ਸ਼ਾਮਲ ਹੈ। ਕਾਵਿ ਵਿਚ
ਵਿਦਮਾਨ ਹੈ -
"ਜਿਸਦੇ ਸੁਭਾਅ 'ਚ ਨਿਮਰਤਾ
ਕੋਮਲਤਾ, ਸਮਰਪਣ
ਗਿਆਨ, ਧਿਆਨ
ਸਰਵ ਕਲਾ
ਸੰਪੂਰਨ...।"
ਦੂਜੇ ਕਾਵਿ ਖੰਡ ਗੌਤਮ ਦੀ ਸ਼ਿਸ਼ ਬਣਨਾ
ਵਿੱਚ ਅਹਿਲਿਆ ਦੇ ਗੌਤਮ ਦੀ ਚੇਲੀ ਬਣਨ ਦੀ ਵਿਥਿਆ ਬਿਆਨ ਕੀਤੀ ਗਈ ਹੈ। ਇਸ ਕਾਵਿ ਖੰਡ ਵਿਚ
ਅਹਿਲਿਆ ਵਲੋਂ ਸਵਰਗ ਦੇਖਣ ਦਾ ਚਾਅ, ਇੰਦਰ ਤੋਂ ਬਚ ਕੇ ਰਹਿਣ ਦਾ ਵਰਨਣ, ਜਨਮ ਉਦੇਸ਼ ਨੂੰ ਜਾਨਣਾ ਤੇ ਫਿਰ ਸਵੰਬਰ ਰਚਾਉਣਾ, ਸਿਦਕ ਰੱਖਣਾ, ਬ੍ਰਹਮਾ ਵਲੋਂ ਮਹਾਂ ਰਿਸ਼ੀ ਗੌਤਮ ਨੂੰ ਮਿਲਾਉਣਾ, ਇਸ ਦੇ ਸਪੁਰਦ ਕਰਨਾ ਅਤੇ
ਦੱਸਣਾ ਕਿ ਦੋਹਾਂ ਦੀ ਹੋਂਦ ਵਿੱਚ ਕੀ ਅੰਤਰ ਹੈ। ਅਹਿਲਿਆ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ
ਗੁਰੂ ਬਿਨਾ ਗਿਆਨ ਨਹੀਂ ਹੁੰਦਾ। ਗੌਤਮ ਰਿਸ਼ੀ ਨਾਲ ਔਝੜ ਰਾਹਾਂ ਤੇ ਚਲਦਿਆਂ ਉਹ ਔਖੀ ਤਾਂ ਹੋਈ ਪਰ
ਪਿਤਾ ਦਾ ਆਦੇਸ਼ ਸਿਰ ਮੱਥੇ ਰੱਖਿਆ। ਕਾਵਿ ਖੰਡ ਵਿਚ ਅੰਕਿਤ ਹੈ ਕਿ -
"ਗੁਰੂ ਤੋਂ ਬਿਨਾਂ
ਗਿਆਨ ਪ੍ਰਾਪਤੀ ਦਾ ਰਾਹ
ਸੁਖਾਲਾ ਨਹੀਂ ਹੋ
ਸਕਦਾ।"
ਇਵੇਂ ਹੀ ਉਸ ਨੂੰ ਤੀਜੇ ਖੰਡ ਵਿਚ ਗਿਆਨ ਦੀ
ਪ੍ਰਾਪਤੀ ਅਤੇ ਚੌਥੇ ਖੰਡ ਵਿਚ ਅਹਿਲਿਆ ਤੇ ਗੌਤਮ ਦੇ ਵਿਆਹ ਦਾ ਵਰਣਨ ਕੀਤਾ ਗਿਆ ਹੈ। ਕਾਵਿ ਖੰਡ
ਦੇ ਪੰਜਵੇਂ ਭਾਗ ਅਹਿਲਿਆ ਅਤੇ ਗੌਤਮ ਦੇ ਦੰਪਤੀ ਜੀਵਨ ਨੂੰ ਪਾਠਕਾਂ ਸਾਹਮਣੇ ਲਿਆਂਦਾ ਗਿਆ ਹੈ।
ਗੌਤਮ ਨੂੰ ਹੀ ਜੀਵਨ, ਕਰਮ, ਭਗਤੀ ਅਤੇ ਸ਼ਕਤੀ ਦਾ
ਆਧਾਰ ਮੰਨਦੀ ਹੈ। ਧਰਮ ਦੇ ਅਰਥ ਮਰਦ ਅਤੇ ਔਰਤ ਲਈ ਵੱਖੋ ਵੱਖਰੇ ਹੁੰਦੇ ਹਨ। ਜੀਵਨ ਵਿਚ ਆਏ ਉਤਰਾਅ
ਚੜ੍ਹਾਅ ਦਾ ਚਿਤਰਣ ਮਿਲਦਾ ਹੈ। ਪੁਸਤਕ ਦੇ ਅੰਤਿਮ ਕਾਵਿ ਖੰਡ ਮਹਾਂ ਚੇਤਨਾ ਸਿਰਲੇਖ ਹੇਠ ਦਰਜ
ਕੀਤਾ ਹੈ ਜਿਸ ਤਹਿਤ ਅਹਿਲਿਆ ਨੇ ਖ਼ੁਦ ਦਾ ਅਸਤਿਤਵ ਸਿਰਜਿਆ ਹੈ ਜਦੋਂ ਉਹ ਆਖਦੀ ਹੈ-
"ਅਹਿਲਿਆ ਨੇ
ਖ਼ੁਦ ਦਾ ਅਸਤਿਤਵ ਸਿਰਜਿਆ
ਪਤਨੀ ਰੂਪ 'ਚ ਨਹੀਂ ਕੰਨਿਆ ਰੂਪ ਚ।"
ਪੁਸਤਕ ਵਿਚ ਭਾਵੇਂ ਤਤਕਰਾ ਭੂਮਿਕਾ ਨੂੰ
ਦਰਸਾਉਂਦਾ ਹੈ ਪਰ ਯਥਾਰਥ ਵਿਚ ਭੂਮਿਕਾ ਸ਼ਾਮਲ ਨਹੀਂ ਹੈ ਅਤੇ ਜਿਹੜਾ ਪੇਪਰ ਬੈਕ ਲਿਖਿਆ ਹੈ ਉਸ
ਉਪਰ ਕਿਸੇ ਲੇਖਕ ਦਾ ਨਾਮ ਦਰਜ ਨਹੀਂ ਹੈ। ਇਸ ਤਰ੍ਹਾਂ ਦੀ ਪੁਸਤਕ ਦੀ ਸਿਰਜਣਾ ਇਕਾਗਰ ਚਿੱਤ ਹੋ ਕੇ
ਹੀ ਕੀਤੀ ਜਾ ਸਕਦੀ ਹੈ। ਮੈਨੂੰ ਆਸ ਹੈ ਕਿ ਇਹ ਪੁਸਤਕ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ। 220 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 400 ਰੁਪਏ ਹੈ ਅਤੇ ਇਸ ਨੂੰ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ
ਪ੍ਰਕਾਸ਼ਿਤ ਕੀਤਾ ਹੈ। ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਸਵਾਗਤ ਕਰਨਾ ਬਣਦਾ ਹੈ।
ਰੀਵਿਊਕਾਰ -
ਤੇਜਿੰਦਰ ਚੰਡਿਹੋਕ
ਮੋਬਾਈਲ - 95010-00224


1 Comments
ReplyDeleteਬਹੁਤ- ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਇਸ ਕਿਤਾਬ ਨੂੰ ਮਾਣ ਦਿੱਤਾ ਆਪਣੇ ਵਿਚਾਰਾਂ ਦੇ ਵਿੱਚ ਮੇਰੇ ਵਿਚਾਰਾਂ ਨੂੰ ਥਾਂ ਦਿੱਤੀ। ਉਚਿਤ ਵਿਸ਼ਲੇਸ਼ਣ ਕੀਤਾ।
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.