ਗ਼ਜ਼ਲ ਅਤੇ ਨਜ਼ਮ / ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਗੋਰੀ ਦਿੱਤਾ ਆਪ, ਹੈ ਚੁੰਮਣ ਗੋਰੀ ਦਾ

ਕਿੰਝ ਕਹਿੰਦੇ ਹੋ ਹੈ ਇਹ ਚੁੰਮਣ ਚੋਰੀ ਦਾ?


ਗੋਰੀ ਉਸਦੀ ਜੋ ਗੋਰੀ ਦੇ ਦਿਲ ਵਿੱਚ ਹੈ

ਗ਼ੈਰ ਲਈ ਹੈ ਘਰ ਵਿੱਚ, ਚੁੰਮਣ ਗੋਰੀ ਦਾ.


ਗੋਰੀ ਵਿੱਚੋਂ ਗੋਰੀ ਨੇ ਖੋ ਜਾਣਾਂ ਹੈ

ਜੇ ਬੁੱਲ੍ਹਾਂ ਤੱਕ ਸੀਮਤ ਚੁੰਮਣ ਗੋਰੀ ਦਾ.


ਹਰ ਬੇ-ਪੱਤਰੀ ਰੁੱਤ 'ਤੇ ਦਸ'ਖ਼ਤ ਗੋਰੀ ਦੇ

ਹਰ ਇੱਕ ਖਿੜਿਆ ਫ਼ੁੱਲ ਹੈ ਚੁੰਮਣ ਗੋਰੀ ਦਾ.


ਸਾਹਾਂ ਦੇ ਇਸ ਪਾਰ ਮਰਮਰੀ ਬਾਹਾਂ ਨੇ

ਸਾਹਾਂ ਦੇ ਉਸ ਪਾਰ ਹੈ ਚੁੰਮਣ ਗੋਰੀ ਦਾ.

ਨਜ਼ਮ 


ਚੋਰੀ ਦੇ ਚੁੰਮਣ 


ਕਿਉਂਕਿ ਮੈਨੂੰ 

ਰੱਬ ਦਾ ਕੋਈ ਖੌਫ਼ ਨਹੀਂ ਹੈ 

ਕਿਉਂਕਿ ਨਰਕਾਂ ਦੇ ਸਭ ਡਰ ਵੀ 

ਝੂਠ-ਝੂਠ ਨੇ,

ਚੋਰੀ ਦੇ ਚੁੰਮਣ 

ਮੈਨੂੰ ਵੀ ਖ਼ੂਬ ਲੁਭਾਉਂਦੇ.


ਚਿੱਟੇ ਦਿਨ ਵਿੱਚ 

ਅੱਖਾਂ ਵਿੱਚ ਖ਼ੁਮਾਰੀ ਭਰ ਕੇ 

ਡੂੰਘੇ-ਡੂੰਘੇ ਹੌਕੇ ਲੈ ਕੇ 

ਮੈਨੂੰ ਅਪਣੇ ਕੋਲ਼ ਬਹਾਉਂਦੇ.


ਟਿਕੀ ਰਾਤ ਵਿੱਚ 

ਪਤਾ ਨਹੀਂ ਕਿਧਰੋਂ ਆ-ਆ ਕੇ 

ਨੀਂਦਾਂ ਦੇ ਬੂਹੇ ਖੜਕਾਉਂਦੇ 

ਖ਼ਾਬਾਂ ਨੂੰ ਰੱਜ ਕੇ ਤੜਪਾਉਂਦੇ.


ਜਦ ਮੈਂ 'ਕੱਲਾ 

ਅਪਣੀ ਕਾਇਆ ਦੇ ਮੰਦਰ ਵਿੱਚ

ਮਨ ਦੀ ਹੱਦ ਤੋਂ ਅੱਗੇ ਜਾ ਕੇ

ਬਿਰਤੀ, ਬਿਰਤੀ ਵਿੱਚ ਮਿਲਾ ਕੇ 

ਰਿਸ਼ੀਆਂ ਦੇ ਮਿੱਠੇ ਜਿਹੇ ਲੱਗਦੇ ਬੋਲ ਜਗਾਵਾਂ 

'ਨ੍ਹੇਰੇ ਤੋਂ ਚਾਣਨ ਵੱਲ ਆਵਾਂ,

ਚੋਰੀ ਦੇ ਚੁੰਮਣਾਂ ਦੀ 

ਪੂਰੀ ਭੀੜ ਜਿਹੀ ਇੱਕ

ਕਾਇਆ ਦੇ ਮੰਦਰ ਦੇ ਅੱਗੇ 

ਉੱਚੀ-ਉੱਚੀ ਸ਼ੋਰ ਮਚਾਵੇ

ਚਾਂਭਲ-ਚਾਂਭਲ ਖੌਰੂ ਪਾਵੇ.


ਚੋਰੀ ਦੇ ਚੁੰਮਣਾਂ ਨੂੰ ਜਦ ਮੈਂ

ਸੀਤਾ ਵਾਂਗੂੰ 

ਸੱਚੇ-ਸੁੱਚੇ ਬਣੇਂ ਰਹਿਣ ਦੇ ਤਰਲੇ ਪਾਵਾਂ

ਰਾਧਾ ਦਾ ਚਰਚਾ ਲੈ ਆਉਂਦੇ 

ਸਾਰੀ ਗੱਲ ਹਾਸੇ ਵਿੱਚ ਪਾਉਂਦੇ.


ਚੋਰੀ ਦੇ ਚੁੰਮਣਾਂ ਦੀ ਮਾਰ 

ਬੜੀ ਲੰਮੀਂ ਹੈ

ਚੋਰੀ ਦੇ ਚੁੰਮਣਾਂ ਦੀ ਤਾਕ਼ਤ 

ਸ਼ਬਦਾਂ ਵਿੱਚ ਕੋਈ ਕਹਿ ਨਹੀਂ ਸਕਦਾ.


ਹੁਣ ਜਦ ਮੈਨੂੰ 

ਰੱਬ ਦਾ ਕੋਈ ਖੌਫ਼ ਨਹੀਂ ਹੈ 

ਹੁਣ ਜਦ ਮੈਨੂੰ 

ਨਰਕਾਂ ਦੇ ਸਭ ਡਰ ਬਿਲਕੁਲ ਝੂਠੇ ਲੱਗਦੇ ਨੇ 

ਮੈਨੂੰ ਇਹ ਖ਼ਤਰਾ ਰਹਿੰਦਾ ਹੈ 

ਮੇਰਾ ਨਾਂ ਲੈ-ਲੈ 

ਮੈਨੂੰ ਕਈ ਵਾਰ ਬੁਲਾਉਂਦੇ 

ਬਾਰ-ਬਾਰ ਮੈਨੂੰ ਭਰਮਾਉਂਦੇ 

ਚੋਰੀ ਦੇ ਚੁੰਮਣਾਂ ਨੇ ਮੈਨੂੰ 

ਕਦੇ, ਕਿਤੇ ਵੀ ਫਾਹ ਲੈਣਾਂ ਹੈ.


ਇਸੇ ਲਈ ਮੈਂ 

ਮੇਰੇ 'ਤੇ ਨਿਰਭਰ 

ਮੇਰੇ ਭੋਲ਼ੇ ਬੱਚੇ ਨੂੰ ਕਹਿਣਾਂ ਚਾਹੁੰਨਾ

ਉਹ ਮੇਰੇ ਅੱਗੇ ਆ ਜਾਵੇ 

ਚੋਰੀ ਦੇ ਚੁੰਮਣਾਂ ਤੋਂ ਮੇਰੀ ਜਾਨ ਬਚਾਵੇ. 

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

    


Post a Comment

0 Comments