ਇੱਕ ਗ਼ਜ਼ਲ ਦੋ ਨਜ਼ਮਾਂ/ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਐਨੀਂ ਸਿਰਫ਼ ਕਹਾਣੀ ਹੈ

ਅੱਖਾਂ ਵਿੱਚ ਕੁਝ ਪਾਣੀ ਹੈ.


ਦਿਲ ਹੀ ਥੋੜ੍ਹਾ ਬਾਗ਼ੀ ਹੈ

ਉਂਝ ਉਹ ਬਹੁਤ ਸਿਆਣੀ ਹੈ.


ਜਿੰਨਾ ਕਾਮਲ ਜੋਗੀ ਹੈ

ਓਨੀ ਪੀੜ ਪੁਰਾਣੀ ਹੈ.


ਆ ਕਰੀਏ ਗੱਲ ਸੂਰਜ ਦੀ

ਕਾਲ਼ੀ ਰਾਤ ਲੰਘਾਣੀ ਹੈ.


ਚੰਨ ਵੱਲ ਖੁੱਲ੍ਹਦੀ ਬੰਦ ਬਾਰੀ

ਖੋਲ੍ਹੋਗੇ, ਖੁੱਲ੍ਹ ਜਾਣੀ ਹੈ.


ਬਿਗੜ ਰਹੀ ਹੈ ਗੱਲ, ਯਾਰੋ

ਗੱਲ ਕੋਈ ਫ਼ੇਰ ਬਨਾਣੀ ਹੈ.


ਜੋ ਖਿੜ ਜਾਵੇ ਕਵਿਤਾ ਹੈ 

ਜੋ ਮਹਿਕੇ, ਉਹ ਬਾਣੀ ਹੈ.


ਨਜ਼ਮਾਂ


ਉਪਨਿਸ਼ਦ


ਕਿਸ "ਨਾ-ਕੁਝ" ਨੇ "ਸਭ-ਕੁਝ" ਅੰਦਰ

ਲਿਆ ਆਪ ਨੂੰ ਢਾਲ਼?


ਕਿਸ ਨਾ-ਬਿੰਦੂ ਵਰਗੇ ਬਿੰਦੂ ਵਿੱਚੋਂ

ਬਣ ਗਿਆ ਜਾਲ਼?


ਕਿੱਦਾਂ, ਕਿਥੋਂ ਚਾਲੂ ਹੋਏ

ਦਿਵਸ, ਮਹੀਨੇ, ਸਾਲ?


ਸੀਤਾਂ ਵਿੱਚੋਂ ਉੱਗ ਪਏ ਕਿੱਦਾਂ

ਅੱਗ ਦੇ ਸ਼ੋਅਲੇ ਲਾਲ?


ਕਿੰਝ ਜ਼ੱਰਿਆਂ ਦੇ ਸੂਰਜ ਬਣ ਗਏ

ਧਰਤੀ-ਚੰਨ ਵੀ ਨਾਲ਼?


ਕਿਉਂ ਫਿਰ ਰੁੱਤਾਂ-ਮੌਸਮ ਤੁਰ ਪਏ

ਅਪਣੀ-ਅਪਣੀ ਚਾਲ?


ਕਿਥੋਂ ਮਿੱਟੀ, ਅੱਗ, ਹਵਾ ਤੇ ਪਾਣੀ

ਮਿਲ ਗਏ ਨਾਲ਼?


ਕਿੰਝ ਏਹਨਾਂ ਆਕਾਸ਼ ਮਿਲਾਇਆ

ਹੋ ਗਈ ਇੱਕ ਕਮਾਲ?


ਕਿੰਝ ਬੁੱਤਾਂ ਵਿੱਚ ਸਾਹ ਆ ਬੈਠੇ

ਦੁੱਖ-ਸੁੱਖ ਬਣੇਂ ਜੰਜਾਲ਼?


ਕਿੰਝ ਸੋਚਾਂ ਦੇ 'ਨ੍ਹੇਰੇ ਕੋਨੇ

ਪੈਦਾ ਕਰਨ ਮਲਾਲ?


ਕਿੰਝ ਸਮਝਾਂ ਦੇ ਰੌਸ਼ਨ ਦਾਇਰੇ

ਕਰਦੇ ਰਹਿਣ ਕਮਾਲ?


ਕਿਥੋਂ ਐਨੀ ਨਫ਼ਰਤ

ਅੱਜ ਤੱਕ ਮੁੱਕੇ ਨਹੀਂ ਵਬਾਲ?


ਕਿਥੋਂ ਪਿਆਰ-ਤਰੰਗ

ਰਹੀ ਜੋ ਹਰ ਪਰਲੋਂ ਨੂੰ ਟਾਲ਼?


ਫਟੀ ਚੇਤਨਾ

ਖਿੰਡ ਗਏ ਸਾਰੇ

ਚੰਗੇ-ਬੁਰੇ ਖ਼ਿਆਲ.


ਜੁੜੀ ਚੇਤਨਾ

ਸਭ ਹੱਲ ਹੋ ਗਏ

ਔਖੇ-ਜਿਹੇ ਸਵਾਲ.


ਯਯਾਤੀ 


ਆਈ ਨਵੀਂ ਜਵਾਨੀ ਜਦ

ਤਾਂ ਨਾਲ਼ ਆਪਣੇ

ਕਿੰਨੀਆਂ ਹੀ ਭੁੱਖਾਂ ਲੈ ਆਈ.


ਸਾਲ ਬੀਤਦੇ ਗਏ

ਤੇ 'ਕੱਲੀ-'ਕੱਲੀ ਭੁੱਖ ਨੂੰ

ਰੋਜ਼ ਮਿਟਾਇਆ

ਖ਼ੂਬ ਮਿਟਾਇਆ

ਹੋਰ ਮਿਟਾਇਆ

ਹੋਰ, ਹੋਰ, ਤੇ ਹੋਰ ਮਿਟਾਇਆ

ਲਾ ਕੇ ਪੂਰਾ ਜ਼ੋਰ ਮਿਟਾਇਆ.


ਜੀਵਨ ਦੇ ਕੋਈ ਸੱਤ ਦਹਾਕੇ ਪਾਰੋਂ ਬੈਠਾ

ਵੇਖ ਰਿਹਾ ਹਾਂ

ਰੋਜ਼ ਭਖਦੀਆਂ ਭੁੱਖਾਂ ਵਿੱਚ ਤਾਂ

ਗਿਣਤੀ ਵੱਲੋਂ

ਮਿਣਤੀ ਵੱਲੋਂ

ਕਿੰਨਾ ਸਾਰਾ ਵਾਧਾ ਹੋਇਐ .


ਭੁੱਖਾਂ ਅੱਗੇ ਬੇਵਸ ਹਾਂ

ਲਾਚਾਰ ਜਿਹਾ ਹਾਂ,

ਆਪਣੇ ਤੋਂ ਬੇਜ਼ਾਰ ਜਿਹਾ ਹਾਂ

ਸਾਹ-ਸਤ ਹੀਣ, ਬਿਮਾਰ ਜਿਹਾ ਹਾਂ.


ਸੋਚ ਰਿਹਾ ਹਾਂ

ਸਦੀਆਂ ਪਹਿਲਾਂ ਦੇ

ਉਹ ਪਿਛੜੇ ਲੋਕ ਜਿਨ੍ਹਾਂ ਨੇ

ਬਣ-ਪ੍ਰਸਥ, ਸਨਿਆਸ ਜਿਹੇ

ਸੰਕਲਪ ਰਚੇ ਸਨ

ਤੇ ਏਹਨਾਂ ਸੰਕਲਪਾਂ ਨੂੰ ਜੀ ਕੇ ਦੱਸਿਆ ਸੀ

ਕੀ ਉਹ ਮੈਥੋਂ ਅੱਗੇ ਨਹੀਂ ਸਨ ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।   

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 



Post a Comment

0 Comments