ਗ਼ਜ਼ਲ ਅਤੇ ਨਜ਼ਮ /ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਆਈ ਗੋਰੇ ਰੰਗ ਦੀ ਰਾਤ

ਮੈਥੋਂ, ਮੈਂਨੂੰ ਮੰਗਦੀ ਰਾਤ.


ਹੈ ਥੋੜ੍ਹੀ ਬੇ-ਬਾਕ ਜਿਹੀ

ਥੋੜ੍ਹੀ-ਥੋੜ੍ਹੀ ਸੰਗਦੀ ਰਾਤ.


ਬਹਿਕਾ ਕੇ ਹਰ ਸੂਰਜ ਨੂੰ

ਅਪਣੇ ਰੰਗ ਵਿੱਚ ਰੰਗਦੀ ਰਾਤ.


ਝਿਲ-ਮਿਲ, ਝਿਲ-ਮਿਲ ਸੇਜ ਸਜਾ

ਹੈ ਸੂਲ਼ੀ 'ਤੇ ਟੰਗਦੀ ਰਾਤ.


ਕਈ, ਕਈ ਰੰਗ ਵਿਖਾਵੇਗੀ

ਤੇਰੀ ਇਹ ਇੱਕ ਰੰਗ ਦੀ ਰਾਤ.


ਹੋਸ਼ ਮੁੜੇ ਜਦ ਸੋਚੇਂਗਾ

ਚੁੰਮਦੀ ਹੈ ਜਾਂ ਡੰਗਦੀ ਰਾਤ?


ਲਾਹ ਕੇ ਪਰਦਾ ਮੋਹ ਦਾ ਵੇਖ

ਹੈ ਕਾਲ਼ੀ ਹਰ ਰੰਗ ਦੀ ਰਾਤ.


ਨਜ਼ਮ 



ਕਵਿਤਾ-ਕੁਵਿਤਾ


ਭਾਦੋਂ ਦੀ ਤਿੱਖੀ ਧੁੱਪ ਵਾਲ਼ਾ

ਕਹਿਰਾਂ ਦੀ ਹੁੰਮਸ ਦਾ ਭਰਿਆ 

ਅੱਜ ਦਾ ਦਿਨ ਹੈ:

ਚੰਡੀਗੜ੍ਹ ਵਿੱਚ 

ਕੋਈ ਪਾਵਰ-ਕੱਟ ਨਹੀਂ ਹੈ

ਮੇਰਾ ਏ. ਸੀ. ਠੀਕ-ਠਾਕ ਹੈ;


ਮੈ ਅਪਣੇ ਠੰਡੇ ਕਮਰੇ ਵਿੱਚ

ਚਾਹ ਦੀ ਚੁਸਕੀ ਲੈਂਦਾ, ਲੈਂਦਾ

ਭੁੱਜੀ ਛੱਲੀ ਖਾਂਦਾ, ਖਾਂਦਾ

ਗੰਦੀ ਬਸਤੀ ਵਿੱਚ ਰਹਿੰਦੇ ਲੋਕਾਂ ਦੀ 

ਮੰਦੀ ਹਾਲਤ ਉੱਪਰ 

ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾਂ:

ਐਸੀ ਕਵਿਤਾ ਜਿਹੜੀ ਮੈਂਨੂੰ

ਸਾਰੇ ਕਵੀਆਂ ਵਿੱਚੋਂ ਉੱਤਮ ਕਵੀ ਹੋਣ ਦਾ ਮਾਣ ਦੁਆਵੇ;

ਸੋਚ, ਸੋਚ ਕੇ ਹੰਭ ਗਿਆ ਹਾਂ

ਅੱਜ ਇਹ ਕਵਿਤਾ ਲਿਖੀ ਨਾ ਜਾਵੇ.


ਵਿਸ਼ਾ ਬਦਲ ਕੇ 

ਕਿਸੇ ਫ਼ਲਸਫ਼ੇ ਵਾਲ਼ੀ ਕਵਿਤਾ ਉੱਪਰ ਹੱਥ-ਅਜ਼ਮਾਈ ਕਰਦਾਂ:

ਕੁਝ ਕੁ ਸਤਰਾਂ ਔੜ ਰਹੀਆਂ ਨੇਂ 

ਏਸ ਤਰ੍ਹਾਂ ਨੇਂ:


"ਚਾਰੇ ਪਾਸੇ ਰੱਬ ਹੀ ਰੱਬ ਹੈ

ਮੈਂ ਵੀ ਰੱਬ ਹਾਂ 

ਤੂੰ ਵੀ ਰੱਬ ਹੈਂ 

ਆਹ ਵੀ ਰੱਬ ਹੈ

ਉਹ ਵੀ ਰੱਬ ਹੈ; 


ਔਹ ਜੋ ਜਟਾ-ਜੂਟ ਜਿਹੇ ਜੋਗੀ

ਦੂਰ ਹਿਮਾਲਾ ਉੱਤੇ ਬੈਠੇ 

ਤਪ ਕਰਦੇ ਨੇਂ-

ਉਹ ਵੀ ਰੱਬ ਨੇਂ;


ਇਸੇ ਹਿਮਾਲਾ ਦੇ ਦੂਜੇ ਹਿੱਸੇ 'ਤੇ ਕਿਧਰੇ

ਲੱਕ-ਲੱਕ ਡੂੰਘੀ ਬਰਫ਼ 'ਚ ਖੁਭਿਆ 

ਰਿੱਛ ਜਿਹਾ ਲੱਗਦਾ ਇਹ ਫੌਜੀ 

ਆਪਣੇ ਘਰ ਨੂੰ 

ਚੋਰ-ਮੁਨਾਫ਼ਾਖੋਰਾਂ ਤੋਂ ਬੇ-ਰਾਖਾ ਛੱਡ ਕੇ 

ਸਰਹੱਦ ਦੀ ਰਾਖੀ ਤੇ ਬੈਠਾ-

ਇਹ ਵੀ ਰੱਬ ਹੈ;


ਬੁੱਲ੍ਹਾਂ ਉੱਤੇ ਅੰਕਿਤ 

ਸੱਚ-ਮੁੱਚ ਦੇ ਚੁੰਮਣਾਂ ਦਾ 

ਇੱਕ ਲੰਮਾਂ ਇਤਿਹਾਸ 

ਕਦੇ ਹੁਣ ਸੁੰਨੇ ਖ਼ਾਬਾਂ ਵਿੱਚੋਂ ਲੱਭਦੀ 

ਸੁੱਕੇ ਵਾਲ਼ਾਂ ਵਾਲ਼ੀ ਵਿਧਵਾ-

ਇਹ ਵੀ ਰੱਬ ਹੈ;


ਹਾਂ, ਮੇਰੇ ਲਈ ਉਹ ਵੀ ਰੱਬ ਹੈ

ਜਿਹੜੀ ਪੰਜ ਰੁਪਈਆਂ ਬਦਲੇ

ਨੰਗੀ, ਬਿਸਤਰ ਉੱਤੇ ਲੇਟੀ

ਬੁੱਢੇ ਗਾਹਕ ਦਾ 

ਸੁੱਕਾ, ਜਰਜਰ ਪਿੰਡਾ ਤੱਕ ਕੇ

ਚੋਰੀ-ਚੋਰੀ ਹੱਸ ਰਹੀ ਹੈ;


ਰੱਬ ਹੀ ਰੱਬ ਹੈ 

ਚਾਰੇ ਪਾਸੇ ਰੱਬ ਹੀ ਰੱਬ ਹੈ ....."


"ਥੱਪ-ਥੱਪ","ਥੱਪ-ਥੱਪ"-

ਮੇਰੇ ਬੂਹੇ 'ਤੇ ਦਸਤਕ ਹੈ:

ਇਹ ਮੇਰਾ ਇੱਕ ਮਿੱਤਰ ਆਇਐ;


ਇੱਕ-ਦੋ ਬੀਅਰਾਂ ਪੀ ਕੇ

ਮੈਂ ਤੇ ਮੇਰਾ ਮਿੱਤਰ

ਸਿਨਮਾਂ ਵੇਖਣ ਲਈ ਜਾਵਾਂਗੇ,

ਕਵਿਤਾ-ਕੁਵਿਤਾ ਫੇਰ ਕਿਸੇ ਦਿਨ;


ਚੰਡੀਗੜ੍ਹ ਵਿੱਚ 

ਕੋਈ ਪਾ

ਵਰ-ਕੱਟ ਨਹੀਂ ਹੈ

ਭਾਦੋਂ ਦੀ ਤਿੱਖੀ-ਧੁੱਪ ਵਾਲ਼ੇ

ਕਹਿਰਾਂ ਦੀ ਹੁੰਮਸ ਦੇ ਮਾਰੇ ਦਿਨ ਵੀ 

ਏਥੇ ਮੌਜ ਬੜੀ ਹੈ..!    

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।   

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 


Post a Comment

0 Comments