ਇੱਕ ਗ਼ਜ਼ਲ ਅਤੇ ਇੱਕ ਨਜ਼ਮ/ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ


ਸਫ਼ਰ 'ਚ ਔਖ ਵੀ ਹੋਵੇਗੀ ਕੁਝ

ਮਲਾਲ ਨਾ ਕਰ,

ਕੋਈ ਜਵਾਬ ਵੀ ਦੱਸਦੇ

ਸਿਰਫ਼ ਸਵਾਲ ਨਾ ਕਰ.


ਜੋ ਚੀਖ਼ ਮਾਰਕੇ ਜੰਮਦਾ ਹੈ 

ਹਸਦਾ-ਹਸਦਾ ਮਰੇ,

ਬੱਸ ਇਹ ਨਿਜ਼ਾਮ ਹੀ ਕਾਫ਼ੀ ਹੈ

ਕੋਈ ਕਮਾਲ ਨਾ ਕਰ.


ਜੇ ਸੱਚ ਨੂੰ ਮਿਲਣਾ ਹੈ 

ਤਾਂ ਖੋਲ੍ਹ ਦਿਲ ਦੀਆਂ ਤੈਹਾਂ,

ਕਿਸੇ ਕਿਤਾਬ, ਕਿਸੇ ਬੁੱਤ 'ਚ

ਸੱਚ ਦੀ ਭਾਲ਼ ਨਾ ਕਰ.


ਲਹੂ ਰਗਾਂ 'ਚ ਰਹੇ, 

ਨਾ ਵਹੇ ਇਹ ਨੈਣਾਂ 'ਚੋਂ;

ਏਹੀ ਹੈ ਹਾਲ, ਤੂੰ ਖ਼ੁਦ ਨੂੰ

ਕਦੇ ਬੇਹਾਲ ਨਾ ਕਰ.


ਓਹ ਇੱਕ ਵਜਦ ਹੀ ਹੈ 

ਜਿਸ 'ਚੋਂ ਇਹ ਸਭ ਵਜੂਦ ਬਣੇਂ,

ਬੱਸ ਓਸ ਵਜਦ 'ਚ ਜੀਅ

ਹੋਰ ਕੋਈ ਖ਼ਯਾਲ ਨਾ ਕਰ. 


ਨਜ਼ਮ 


ਕਹਿ ਦੇਣਾ


ਮੇਰੇ ਲਈ ਸੁਨੇਹਾ ਆਵੇ

ਜਾਂ ਕੋਈ ਮੈਂਨੂੰ ਮਿਲਣਾ ਚਾਹਵੇ


ਕਹਿ ਦੇਣਾ

ਠਹਿਰੇ ਪਾਣੀ 'ਚੋਂ

ਸੱਭਿਅਤਾ ਦਾ ਪਰਛਾਵਾਂ ਤੱਕ ਕੇ

ਰਾਤਾਂ ਵਿੱਚ ਲੁਕਦਾ ਫਿਰਦਾ ਹੈ;


ਕਹਿ ਦੇਣਾ

ਦਿਲ ਦੇ ਬੂਹੇ 'ਤੇ

ਹੁੰਦੀ ਵੈਰਾਗੀ ਦਸਤਕ 'ਚੋਂ

ਪਾਗ਼ਲਪਨ ਦੇ ਸੁਰ ਸੁਣਦਾ ਹੈ;


ਕਹਿ ਦੇਣਾ

ਅੱਖਰਾਂ ਸੰਗ ਮਿਲ ਕੇ

ਸ਼ਬਦਾਂ ਦੇ ਜੰਗਲ ਵਿੱਚ ਕਿਧਰੇ

ਅਰਥਾਂ ਪਿੱਛੇ ਦੌੜ ਰਿਹਾ ਹੈ;


ਕਹਿ ਦੇਣਾ

ਤ੍ਰਿਸ਼ਨਾ ਦੀਆਂ ਅੰਨ੍ਹੀਆਂ

ਗਲ਼ੀਆਂ ਦੇ ਵਿੱਚ ਅਲਖ ਜਗਾ ਕੇ

ਸੰਤੁਸ਼ਟੀ ਦਾ ਦਰ ਲੱਭਦਾ ਹੈ;


ਕਹਿ ਦੇਣਾ

ਰੂਹ ਦੇ ਜ਼ਖ਼ਮਾਂ ਲਈ

ਕਵਿਤਾਵਾਂ ਦਾ ਲੇਪ ਬਣਾ ਕੇ

ਰਾਹਤ ਦੇ ਰਸਤੇ ਦੱਸਦਾ ਹੈ;


ਕਹਿ ਦੇਣਾ

ਅੰਬਰਾਂ ਵਿੱਚ ਜਾ ਕੇ

ਚੰਨ, ਸੂਰਜ ਨਾਲ ਹੱਥ ਮਿਲਾ ਕੇ

ਧਰਤੀ ਲਈ ਮਿਹਰਾਂ ਮੰਗਦਾ ਹੈ;


ਕਹਿ ਦੇਣਾ

ਛਾਵਾਂ 'ਚੋਂ ਚੁਭਦੀ ਠੰਡ ਮਿਟਾ ਕੇ


ਧੁੱਪਾਂ ਵਿੱਚੋਂ ਜਲ਼ਦੀ ਹੋਈ ਤਪਸ਼ ਹਟਾ ਕੇ

ਅਪਣੇ ਘਰ ਨੂੰ ਪਰਤ ਰਿਹਾ ਹੈ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 



Post a Comment

0 Comments