ਜ਼ਿੰਦਗੀ ਤੇਰੀ ਆ ਨਾਟਕ ਦੀ ਪੇਸ਼ਕਾਰੀ

 ਬਠਿੰਡਾ ਵਿਖੇ ਜ਼ਿੰਦਗੀ ਤੇਰੀ ਆ ਨਾਟਕ ਦੀ ਸਫਲ ਪੇਸ਼ਕਾਰੀ

ਬੀਤੇ ਕੱਲ੍ਹ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਪੰਜਾਬੀ ਰੰਗਮੰਚ ਬਠਿੰਡਾ ਅਤੇ ਸਤਿਕਾਰ ਰੰਗਮੰਚ ਮੋਹਾਲੀ ਵੱਲੋਂ ਨਾਟਕ ;ਜ਼ਿੰਦਗੀ ਤੇਰੀ ਆ ਪੇਸ਼ ਕੀਤਾ ਗਿਆ।ਵਕੀਲਾ ਮਾਨ ਵੱਲੋਂ ਲਿਖੇ ਇਸ ਨਾਟਕ ਨੂੰ ਜਸਬੀਰ ਗਿੱਲ ਵੱਲੋਂ ਨਿਰਦੇਸ਼ਤ ਕੀਤਾ ਗਿਆ ਸੀ। ਭਾਵੇਂ ਇਸ ਨਾਟਕ ਦਾ ਇਹ ਪਹਿਲਾ ਹੀ ਸੋ਼ਅ ਸੀ ਪਰ ਨਾਟਕ ਅੰਤ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ।


ਜ਼ਿੰਦਗੀ ਤੇਰੀ ਆ ਨਾਟਕ ਦੀ ਕਹਾਣੀ ਵਿਦੇਸ਼ ਜਾ ਕੇ ਵਸਣ ਦੀ ਅੰਨ੍ਹੀ ਦੌੜ ਦੁਆਲੇ ਬੁਣੀ ਗਈ ਹੈ। ਨਾਟਕ ਦੇ ਮੁੱਖ ਪਾਤਰ ਪਤੀ ਪਤਨੀ ਜਿੱਥੇ ਆਪਣੇ ਦੋਹਾਂ ਪੁੱਤਰਾਂ ਦੇ ਵਿਦੇਸ਼ ਜਾਣ ਦੀ ਖ਼ੁਸ਼ੀ ਵਿੱਚ ਮਠਿਆਈ ਵੰਡਦੇ ਹਨ ਉੱਥੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਵੀ ਦੇਖਦੇ ਹਨ।ਇਸ ਦੇ ਨਾਲ ਹੀ ਇੱਕ ਅਜਿਹਾ ਪਾਤਰ ਵੀ ਇਸ ਕਹਾਣੀ ਦੇ ਦੂਸਰੇ ਪੱਖ ਨੂੰ ਨਾਲ ਦੀ ਨਾਲ ਉਭਾਰਦਾ ਹੈ ਜੋ ਇਕੱਲਾ ਰਹਿ ਰਿਹਾ ਹੈ।ਉਸ ਦੀ ਪਤਨੀ ਦਸ ਸਾਲ ਤੱਕ ਵਿਦੇਸ਼ ਗਏ ਪੁੱਤ ਨੂੰ ਉਡੀਕਦੀ ਸੰਸਾਰ ਛੱਡ ਗਈ ਹੈ।ਵਕੀਲਾ ਮਾਨ ਨੇ ਇਸ ਨਾਟਕ ਰਾਹੀਂ ਜਿੱਥੇ ਪਿੱਛੇ ਰਹਿ ਗਏ ਮਾਪਿਆਂ ਦੇ ਦਰਦ ਨੂੰ ਬਿਆਨ ਕੀਤਾ ਹੈ। ਉੱਥੇ ਬਹੁਤ ਸਾਰੇ ਮੁੱਦੇ ਇਸ ਕਹਾਣੀ ਰਾਹੀਂ ਉਭਾਰੇ ਹਨ। ਜਿਵੇਂ ਮਾਪਿਆਂ ਦਾ ਬੱਚਿਆਂ ਨੂੰ ਘੱਟ ਵਕਤ ਦੇਣਾ। ਔਲਾਦ ਵਜੋਂ ਪੁੱਤਰ ਦੀ ਚਾਹਤ, ਮਾਪਿਆਂ ਪ੍ਰਤੀ ਧੀਆਂ ਦਾ ਵਧੇਰੇ ਫ਼ਿਕਰਮੰਦ ਹੋਣਾ,ਦਿਖਾਵੇ ਭਰੀ ਜ਼ਿੰਦਗੀ ਜਿਉਣਾ, ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਣਾ।ਬਾਹਰ ਗਏ ਬੱਚਿਆਂ ਦੀਆਂ ਵੱਖਰੀਆਂ ਮਜ਼ਬੂਰੀਆਂ ਤੇ ਪ੍ਰੇਸ਼ਾਨੀਆਂ ਆਦਿ। ਗੰਭੀਰ ਵਿਸ਼ੇ ਨੂੰ ਪੇਸ਼ ਕਰਦਿਆਂ ਵਕੀਲਾ ਮਾਨ ਨੇ ਵਿੱਚ ਵਿੱਚ ਹਾਸ ਵਿਅੰਗ ਸ਼ੈਲੀ ਦੀ ਵਰਤੋਂ ਕਰਦਿਆਂ ਇਸ ਵਿਸ਼ੇ ਨੂੰ ਬੌਝਲ ਨਹੀਂ ਹੋਣ ਦਿੱਤਾ। ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਵੱਲੋਂ ਆਪਣੀ ਔਲਾਦ ਪ੍ਰਤੀ ਗਿਲੇ ਸ਼ਿਕਵੇ ਅਤੇ ਨਿਰਾਸ਼ਾ ਦੇ ਹੁੰਦਿਆਂ ਵੀ ਇਸ ਨਾਟਕ ਦਾ ਅੰਤ ਮਨੁੱਖ ਦੇ ਹਰ ਹਾਲਤ ਵਿੱਚ ਜ਼ਿੰਦਗੀ ਜਿਊਣ ਦੇ ਜਜ਼ਬੇ ਨੂੰ ਪੇਸ਼ ਕਰਦਿਆਂ ਹੁੰਦਾ ਹੈ।

ਨਾਟਕ ਵਿੱਚ ਵਕੀਲਾ ਮਾਨ,ਹਨੀ ਵੋਹਰਾ, ਜਸਬੀਰ ਗਿੱਲ, ਸਿਰਜਨਾ ਅਤੇ ਨਿਖਿਲ ਵਰਮਾ ਨੇ ਕਿਰਦਾਰ ਨਿਭਾਏ ਹਨ।

ਸਰਬਜੀਤ ਧੀਰ

email-editor@sahitaksanjh.com 



 


Post a Comment

0 Comments