5 ਅਗਸਤ ਬਰਸੀ 'ਤੇ ਵਿਸ਼ੇਸ਼
‘ਮਜਦੂਰਾਂ ਕੋਲ
ਆਪਣੀਆਂ ਜੰਜੀਰਾਂ ਦੇ ਸਿਵਾ ਗੁਆਉਣ ਵਾਸਤੇ ਕੁਝ ਨਹੀਂ ਹੈ ਅਤੇ ਜਿੱਤਣ ਵਾਸਤੇ ਸਾਰੀ ਦੁਨੀਆਂ ਪਈ
ਹੈ, ਦੁਨੀਆਂ ਭਰ ਦੇ
ਮਜਦੂਰੋ, ਇੱਕ ਹੋ ਜਾਓ।’ ਆਪਣੇ ਸਾਥੀ ਕਾਰਲ
ਮਾਰਕਸ ਨਾਲ ਰਲ ਕੇ ਦੁਨੀਆਂ ਭਰ ਦੇ ਕਿਰਤੀਆਂ ਮਜਦੂਰਾਂ ਨੂੰ ਇਹ ਹੋਕਾ ਦੇਣ ਵਾਲੇ ਦੁਨੀਆਂ ਦੇ
ਮਹਾਨ ਸਪੂਤ, ਮਾਰਕਸਵਾਦ ਸਿਧਾਂਤ
ਰਚਨ ਦੇ ਸਹਿਯੋਗੀ, ਫਿਲਾਸਫਰ, ਸਮਾਜ ਸ਼ਾਸਤਰੀ, ਹੱਕ ਸੱਚ ਨਿਆਂ ਦੇ
ਮੁੱਦਈ, ਦਾਰਸ਼ਨਿਕ, ਅਜਾਦ ਸੋਚ ਦੇ ਮਾਲਕ, ਸਾਹਿਤਕਾਰ, ਅਰਥ ਸ਼ਾਸਤਰੀ, ਪੱਤਰਕਾਰ ਤੇ ਚੋਟੀ
ਦੇ ਕਮਿਊਨਿਸਟ ਫਰੈਂਡਰਿਕ ਏਂਗਲਜ ਦਾ ਜਨਮ 29 ਨਵੰਬਰ 1820 ਨੂੰ ਪ੍ਰਸ਼ੀਆ ਦੇ ਬਾਰਮੇਨ ਹੁਣ ਜਰਮਨੀ
ਦੇ ਵੁਪਪੇਟਰਲ ਵਿਖੇ ਹੋਇਆ। ਉਹਨਾਂ ਦੇ ਪਿਤਾ ਫਰੈਂਡਰਿਕ ਇੱਕ ਕਪਾਹ ਵਪਾਰੀ ਸਨ, ਉਹ ਅਤੇ ਏਂਗਲਜ ਦੀ
ਮਾਤਾ ਅਲਿਜਾਬੈਥ ਈਸਾਈ ਧਰਮ ਵਿੱਚ ਅਤੁੱਟ ਵਿਸਵਾਸ ਰੱਖਦੇ ਸਨ।
ਏਂਗਲਜ ਨੇ 1838
ਵਿੱਚ ਆਪਣੀ ਪਹਿਲੀ ਕਵਿਤਾ ‘ਬੇਡੂਇਨ’ ਲਿਖੀ, ਫਿਰ ਉਹਨਾਂ ਆਪਣੀ
ਪਛਾਣ ਗੁਪਤ ਰੱਖਦੇ ਹੋਏ ਕਾਰਖਾਨਿਆਂ ਵਿੱਚ ਕੰਮ
ਕਰਨ ਵਾਲੇ ਮਜਦੂਰਾਂ ਦੀ ਅਸਲੀਅਤ ਬਾਰੇ ਕਾਰਲ ਮਾਰਕਸ ਦੀ ਸੰਪਾਦਨਾ ਹੇਠ ਛਪਣ ਵਾਲੇ ਅਖਬਾਰ ‘ਰੀਨਸ਼ੇ ਜੇਤੁੰਗ’ ਵਿੱਚ ਕਈ ਲੇਖ
ਲਿਖੇ। ਇਹਨਾਂ ਲੇਖਾਂ ਸਦਕਾ ਹੀ ਉਹਨਾਂ ਨੂੰ ਕਾਰਲ ਮਾਰਕਸ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਫਿਰ
ਇਹ ਦੋਵੇਂ ਗੂੜ੍ਹੇ ਮਿੱਤਰ ਬਣ ਗਏ ਅਤੇ ਇਹਨਾਂ ਦੀ ਮਿੱਤਰਤਾ ਆਖਰੀ ਸਾਹਾਂ ਤੱਕ ਨਿਭਦੀ ਰਹੀ।
ਏਂਗਲਜ ਦੇ ਮਾਪੇ ਉਹਨਾਂ ਨੂੰ ਆਪਣੇ ਕੋਲ ਧਾਰਮਿਕ ਰੁਚੀਆਂ ਵਿੱਚ ਹੀ ਰੱਖਣਾ ਚਾਹੁੰਦੇ ਸਨ, ਪਰ ਜਦ ਉਹਨਾਂ ਨੂੰ
ਇਹ ਜਾਪਿਆ ਕਿ ਉਸਨੇ ਹੋਰ ਰਸਤਾ ਚੁਣ ਲਿਆ ਹੈ ਤਾਂ ਘਰਦਿਆਂ ਨੇ ਉਸਨੂੰ ਆਪਣੇ ਕਾਬੂ ਵਿੱਚ ਰੱਖਣ ਦੇ
ਇਰਾਦੇ ਨਾਲ ਇੰਗਲੈਂਡ ਦੇ ਮੈਨਚੈਸਟਰ ਵਿਖੇ ਵਿਕਟੋਰੀਆ ਮਿੱਲ ਵਿੱਚ ਕੰਮ ਕਰਨ ਲਈ ਭੇਜ ਦਿੱਤਾ।
ਇਸ ਸਮੇਂ ਤੱਕ
ਉਹਨਾਂ ਆਪਣਾ ਰਾਹ ਅਖਤਿਆਰ ਕਰ ਲਿਆ ਸੀ, ਇੱਥੇ ਉਸਦਾ ਸੰਪਰਕ ਇੱਕ ਕ੍ਰਾਂਤੀਵਾਦੀ ਮਜਦੂਰ ਔਰਤ ਬਰੰਸ ਨਾਲ ਹੋਇਆ, ਜਿਸ ਨਾਲ ਰਲ ਕੇ
ਉਹਨਾਂ ਮਜਦੂਰਾਂ ਨੂੰ ਜਥੇਬੰਦ ਕਰਨ ਦਾ ਕੰਮ ਕੀਤਾ। ਇੱਥੇ ਰਹਿੰਦਿਆਂ ਹੀ ਉਹਨਾਂ ਆਪਣੀ ਪਹਿਲੀ
ਆਰਥਿਕ ਰਚਨਾ ‘ ਆਉਟਲਾਈਨ ਆਫ
ਕਰਿਟੀਕ ਆਫ ਪੁਲਿਟੀਕਲ ਇਕਾਨਮੀ’
ਲਿਖੀ। ਇਸਤੋਂ ਬਾਅਦ
ਏਂਗਲਜ਼ ਨੇ ਝੁੱਗੀਆਂ ਝੌਪੜੀਆਂ ਦੀ ਅਤੀ ਮਾੜੀ ਹਾਲਤ ਨੂੰ ਆਪਣੇ ਲੇਖਾਂ ਦਾ ਵਿਸ਼ਾ ਬਣਾਇਆ, ਉਹਨਾਂ ਬਾਲ ਮਜਦੂਰੀ
ਤੇ ਵੀ ਲੇਖ ਲਿਖੇ ਅਤੇ ਇਹਨਾਂ ਲੇਖਾਂ ਨੂੰ ਪਹਿਲਾਂ ‘ਰੀਨਸ਼ੇ ਜੇਤੁੰਗ’ ਅਤੇ ‘ਡਾਉਚੇ ਫਰਾਂਸੋਇਸਚੇ ਜਾਰਬਖੇਰ’ ਵਿੱਚ ਪ੍ਰਕਾਸਿਤ ਕੀਤਾ ਗਿਆ ਅਤੇ ਬਾਅਦ ਵਿੱਚ ਇਹਨਾਂ
ਲਿਖਤਾਂ ਨੂੰ 1845 ਵਿੱਚ ‘ ਦੀ ਕੰਡੀਸ਼ਨ ਆਫ
ਵਰਕਿੰਗ ਕਲਾਸ ਇਨ ਇੰਗਲੈਂਡ’ ਨਾਂ ਦੀ ਪੁਸਤਕ ਦੇ
ਰੂਪ ਵਿੱਚ ਪ੍ਰਕਾਸਿਤ ਕੀਤਾ ਗਿਆ। ਇਸ ਪੁਸਤਕ ਵਿੱਚ ਉਹਨਾਂ ਪੂੰਜੀਵਾਦ ਦੇ ਭਵਿੱਖ, ਉਦਯੋਗਿਕ ਕ੍ਰਾਂਤੀ
ਬਾਰੇ ਵਿਚਾਰ ਪੇਸ਼ ਕਰਨ ਦੇ ਨਾਲ ਨਾਲ ਇੰਗਲੈਂਡ ਦੀ ਮਿਹਨਤਕਸ਼ ਜਨਤਾ ਦੀ ਅਸਲੀ ਹਾਲਤ ਨੂੰ ਵੀ ਬਿਆਨ
ਕੀਤਾ।
ਇਸ ਉਪਰੰਤ ਉਹ
ਬੈਲਜੀਅਮ ਦੇ ਬਰਸੇਲਸ ਸ਼ਹਿਰ ਜਾ ਕੇ ਰਹਿਣ ਲੱਗੇ। ਕਾਰਲ ਮਾਰਕਸ ਵੀ ਉਦੋਂ ਇੱਥੇ ਰਹਿ ਰਹੇ ਸਨ, ਦੋਵੇਂ ਇਕੱਠੇ ਕੰਮ
ਕਰਨ ਲੱਗੇ। ਇਸੇ ਦੌਰਾਨ ਉਹ ਅੰਡਰ ਗਰਾਂਉਡ
ਜਥੇਬੰਦੀ ‘ਜਰਮਨ ਕਮਿਊਨਿਸਟ
ਲੀਗ’ ਦੇ ਮੈਂਬਰ ਬਣ ਗਏ, ਜੋ ਕ੍ਰਾਂਤੀਕਾਰੀਆਂ
ਦੀ ਜਥੇਬੰਦੀ ਸੀ। ਜਿਸ ਦੀਆਂ ਸਖਾਵਾਂ ਹੋਰ ਦੇਸ਼ਾਂ
ਵਿੱਚ ਵੀ ਫੈਲ ਚੁੱਕੀਆਂ ਸਨ। ਇੱਥੇ ਰਹਿੰਦਿਆਂ ਹੀ ਉਹਨਾਂ ‘ਮੈਨੀਫੈਸਟੋ ਆਫ ਦੀ
ਕਮਿਊਨਿਸਟ ਪਾਰਟੀ’ ਦੀ ਰਚਨਾ ਕੀਤੀ ਜੋ
21 ਫਰਵਰੀ 1848 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਸ ਦੀਆਂ ਇਹ ਸਤਰਾਂ ਅੱਜ ਦੁਨੀਆਂ ਭਰ ਵਿੱਚ ਅਮਰ
ਹੋੋ ਚੁੱਕੀਆਂ ਹਨ, ‘‘ ਆਪਣੇ ਖ਼ਿਆਲ ਅਤੇ
ਮਕਸਦ ਛੁਪਾਉਣਾ ਕਮਿਊਨਿਸਟ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਉਹ ਖੁਲ੍ਹੇਆਮ ਐਲਾਨ ਕਰਦੇ ਹਨ ਕਿ
ਉਹਨਾਂ ਦਾ ਅਸਲੀ ਮਕਸਦ ਤਦ ਹੀ ਪੁਰਾ ਹੋ ਸਕਦਾ ਹੈ ਜਦੋਂ ਮੌਜੂਦਾ ਸਮਾਜੀ ਨਿਜ਼ਾਮ ਦਾ ਤਖ਼ਤਾ
ਜਬਰਦਸਤੀ ਉਲਟਾ ਦਿੱਤਾ ਜਾਵੇਗਾ। ਮਜਦੂਰਾਂ ਕੋਲ ਆਪਣੀਆਂ ਜੰਜੀਰਾਂ ਦੇ ਸਿਵਾ ਗੁਆਉਣ ਵਾਸਤੇ ਕੁੱਝ
ਨਹੀਂ ਹੈ ਅਤੇ ਜਿੱਤਣ ਵਾਸਤੇ ਸਾਰੀ ਦੁਨੀਆਂ ਪਈ ਹੈ। ਦੁਨੀਆਂ ਭਰ ਦੇ ਮਜਦਰੋ ਇੱਕ ਹੋ ਜਾਓ।’’
ਆਪਣੇ ਜੀਵਨ ਕਾਲ
ਦੌਰਾਨ ਉਹਨਾਂ ਸਾਹਿਤ ਅਤੇ ਕਲਾ ਪ੍ਰਕਿਰਤੀ ਦਾ ਵਿਰੋਧ ਵਿਕਾਸ ਅਤੇ ਐਂਟੀ ਡੂਹਰਿੰਗ ਨਾਂ ਦੀਆਂ
ਕਿਤਾਬਾਂ ਵੀ ਸਮਾਜ ਤੇ ਸਾਹਿਤ ਨੂੰ ਦਿੱਤੀਆਂ। ਆਪਣੇ ਜਿੰਦਗੀ ਦੇ ਅਖਰੀਲੇ ਸਮੇਂ ਉਹਨਾਂ ਨੇ
ਪਰਿਵਾਰ, ਜਾਇਦਾਦ ਤੇ ਰਾਜ ਦੀ
ਉਤਪਤੀ ਸਬੰਧੀ ਇੱਕ ਪੁਸਤਕ ਲਿਖੀ। ਇੱਕ ਪਤਨੀ ਦੀ ਪ੍ਰਥਾ ਬਾਰੇ ਏਂਗਲਜ ਦੇ ਵਿਚਾਰ ਸਨ ਕਿ ਇਨਸਾਨ
ਦੀ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਜਾਇਦਾਦ ਦੇਣ ਦੀ ਤਮੰਨਾ ਸਦਕਾ ਔਰਤ ਨੂੰ ਆਪਣੇ ਅਧੀਨ ਰੱਖਣ ਦੀ
ਜਰੂਰਤ ਨਾਲ ਹੀ ਇਹ ਪ੍ਰਥਾ ਸ਼ੁਰੂ ਹੋਈ ਹੈ। 5 ਅਗਸਤ 1895 ਨੂੰ ਗਲੇ ਦੇ ਕੈਂਸਰ ਕਾਰਨ ਲੰਡਨ ਵਿਖੇ
ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਸੋਚ ਤੇ ਵਿਚਾਰ ਰਹਿੰਦੀ ਦੁਨੀਆਂ ਤੱਕ ਮਾਰਗ ਦਰਸ਼ਨ ਕਰਦੇ
ਰਹਿਣਗੇ।
ਲੇਖਕ –
ਬਲਵਿੰਦਰ ਸਿੰਘ ਭੁੱਲਰ
ਮੋਬਾਈਲ - 98882-75913
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.