ਗ਼ਜ਼ਲ ਅਤੇ ਨਜ਼ਮ/ ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ


ਜਿਸ ਨੇ ਜਦ ਵੀ ਅਪਣਾ ਹਾਲ ਸੁਣਾਇਆ ਹੈ,

ਲੱਗਦਾ ਹੈ ਮੇਰਾ ਕਿੱਸਾ ਦੁਹਰਾਇਆ ਹੈ.


ਰੰਗਾਂ ਦੀ ਅਣਹੋਂਦ ਜੇ ਮੇਰੀ ਪੀੜ ਬਣੀ,

ਰੰਗ ਵਾਲੇ ਨੂੰ ਮਹਿਕਾਂ ਨੇ ਤਰਸਾਇਆ ਹੈ.


ਬੱਸ ਥੋੜ੍ਹਾ ਚਿਰ ਜਗ ਕੇ ਫਿਰ ਤੋਂ ਬੁਝ ਜਾਵੇ,

ਜੋ ਕੋਈ, ਜਦ ਵੀ, ਜਿੱਥੇ ਜਾ ਕੇ ਆਇਆ ਹੈ.


ਹੋਣਾ ਮੇਰਾ ਮੇਰੇ ਦੁੱਖ ਦਾ ਕਾਰਨ ਸਹੀ,

ਮੈਂ ਹਾਂ, ਤਾਂਹੀਓਂ ਸੁੱਖ ਵੀ ਐਨਾ ਪਾਇਆ ਹੈ.  


ਪਤਾ ਨਹੀਂ ਹੁਣ ਹੱਸਦਾ ਹੈ ਜਾਂ ਰੋਂਦਾ ਹੈ,

ਉਹ ਜਿਸ ਨੇ ਇਹ ਸਾਰਾ ਖੇਲ੍ਹ ਰਚਾਇਆ ਹੈ.


ਪਰਛਾਵਾਂ, ਪਰਛਾਵਾਂ, ਹੈ ਸਭ ਪਰਛਾਵਾਂ,

ਪਰਛਾਵੇਂ ਨੇ ਸੂਰਜ ਤੱਕ ਪਹੁੰਚਾਇਆ ਹੈ.


ਨਜ਼ਮ 


ਲਾਲਸਾ ਦੇ ਪਰਛਾਵੇਂ


ਇਹ ਮੇਰੀ ਲਾਲਸਾ ਦੇ ਪਰਛਾਵੇਂ 

ਮੇਰੇ ਕਮਰੇ ਦੀ ਕੰਧ ਨੂੰ ਕੰਨ ਲਾ ਕੇ

ਮੈਥੋਂ ਵੀ ਚੋਰੀ-ਚੋਰੀ ਸੁਣਦੇ ਨੇ

ਇੱਕ ਪੜੌਸੀ ਦੀ ਅਪਣੀ ਪਤਨੀ ਨਾਲ

ਹੁੰਦੀ ਹਮਬਿਸਤਰੀ ਦੀ ਦੱਬੀ ਆਵਾਜ਼.


ਇਹ ਮੇਰੀ ਲਾਲਸਾ ਦੇ ਪਰਛਾਵੇਂ

ਸਿਰ 'ਤੇ ਖੱਦਰ ਦੀ ਨਹਿਰੂ-ਟੋਪੀ ਸਜਾ

ਜਾਂ ਕਦੇ ਗਲ਼ 'ਚ ਭਗਵੇਂ ਪਰਨੇ ਪਾ

ਸ਼ਹਿਰ ਵਿੱਚ ਮੰਡੀਆਂ ਦਾ ਨਾ ਲੈ ਕੇ

ਪਿੰਡ ਵਿੱਚ ਰਾਮ ਜੀ ਦੀ ਜੈ ਕਹਿ ਕੇ

ਲੱਭਦੇ ਫਿਰਦੇ ਨੇ ਕੁਰਸੀਆਂ ਦੇ ਨਸ਼ੇ.


ਇਹ ਮੇਰੀ ਲਾਲਸਾ ਦੇ ਪਰਛਾਵੇਂ

ਪਾ ਕੇ ਜ੍ਹੇਬਾਂ 'ਚ ਛੋਟੀ ਲਾਲ ਕਿਤਾਬ

ਚੇ ਗਵੇਰੇ ਦੇ ਨਾਂ ਦੀ ਸਹੁੰ ਖਾ ਕੇ

'ਨ੍ਹੇਰੇ ਜੰਗਲ ਦੇ ਟੇਢੇ ਰਾਹਾਂ 'ਤੇ

ਭੁੱਖੇ ਭੀਲਾਂ ਦੀ ਕਰ ਰਹੇ ਨੇ ਉਡੀਕ.


ਇਹ ਮੇਰੀ ਲਾਲਸਾ ਦੇ ਪਰਛਾਵੇਂ

ਇਸ਼ਕ ਕਰਦੇ ਨੇ ਬੱਸ ਸਲੀਬਾਂ ਨਾਲ

ਖ਼ਾਬ ਲੈਂਦੇ ਨੇ ਬੋਧ-ਬਿਰਖਾਂ ਦੇ

ਤੇ ਕਿਸੇ ਉਪਨਿਸ਼ਦ 'ਚੋਂ ਪੜ੍ਹਦੇ ਨੇ

ਸੱਚ ਤੇ ਮਾਇਆ ਦਾ ਸਦੀਆਂ ਲੰਮਾਂ ਵਿਵਾਦ.


ਮੈਂ ਇਕੱਲਾ ਹਾਂ

ਬੈਠਾ ਸੋਚ ਰਿਹਾਂ

ਇਹ ਮੇਰੀ ਲਾਲਸਾ ਦੇ ਪਰਛਾਵੇਂ

ਕੀ ਕਦੇ ਮੇਰੇ ਵਾਰੇ ਜਾਨਣਗੇ?


ਕੀ ਮੇਰੀ ਜ਼ਾਤ ਨੂੰ ਪਛਾਨਣਗੇ?

ਕੀ ਕਦੇ ਮੇਰਾ ਸਾਥ ਮਾਨਣਗੇ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -9876013060

Contact –

Nirmal Datt

# 3060, 47-D,

Chandigarh.-

Mobile-98760-13060

 

 




Post a Comment

0 Comments