ਸ਼ਬਦ ਚਾਨਣੀ / ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਪਤਾ ਨਹੀਂ ਕਿਸ ਤਰ੍ਹਾਂ ਦਾ ਸਾਜ਼ ਸੀ ਉਹ,

ਨਵੀਂ, ਇੱਕ ਅਣਸੁਣੀ ਆਵਾਜ਼ ਸੀ ਉਹ.


ਫ਼ਰਿਸ਼ਤੇ ਬੇ-ਸੁਰਤ ਜਿਹੇ ਨਜ਼ਰ ਆਏ,

ਬੜੀ ਜਾਗੀ ਹੋਈ ਪਰਵਾਜ਼ ਸੀ ਉਹ.


ਸਹਿਜ ਸਾਹਾਂ ਦਾ ਸਾਦਾ ਸਿਲਸਿਲਾ ਹੈ,

ਉਹ ਕੁੱਲ ਹਸਤੀ ਦਾ ਜਿਹੜਾ ਰਾਜ਼ ਸੀ ਉਹ.


ਖ਼ੁਦਾ ਮਿਲਿਆ ਤਾਂ ਲੱਗਿਆ ਯਾਰ ਵਰਗਾ,

ਅਦਾ ਓਹੀ ਸੀ, ਤੇ ਅੰਦਾਜ਼ ਵੀ ਉਹ.


ਜੋ ਮੇਰਾ ਹਮਸਫ਼ਰ ਸੀ, ਅਜਨਬੀ ਸੀ,

ਤੇ ਜੋ ਸੀ ਅਜਨਬੀ, ਹਮਰਾਜ਼ ਸੀ ਉਹ.


ਨਜ਼ਮ 



ਗੀਤ ਕੁਛ ਇਸਤਰ੍ਹਾਂ ਮਿਲੇ...! 


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ 

ਭਟਕੀ ਹੋਈ ਨਾਮੁਰਾਦ ਬੱਦਲੀ ਨੂੰ

ਰਾਤ ਦੇ ਦੇਵੇ ਚੰਨ ਦਾ ਤੋਹਫ਼ਾ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਦਿਨ ਦੇ ਥੱਕੇ ਹੋਏ ਸੂਰਜ ਦੇ ਲਈ

ਸ਼ਾਮ ਲਾ ਦੇਵੇ ਸੁਨਹਿਰੀ ਬਿਸਤਰ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਰੇਤ ਦੇ ਕਿਰਕਿਰੇ ਵਿਸਥਾਰਾਂ ਵਿਚ

ਆਪੇ ਉੱਗ ਜਾਵੇ ਮਿੱਠੀ-ਮਿੱਠੀ ਖਜੂਰ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਸੁੰਨੇ, ਮਾਯੂਸ ਦਰਖ਼ਤਾਂ ਉੱਤੇ

ਰੰਗ ਛਿੜਕ ਦੇਵੇ ਹੱਸਦੀ-ਹੱਸਦੀ ਬਹਾਰ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਹੱਸਦੇ ਹੋਏ ਬਾਲ ਦੀਆਂ ਗੋਲ਼-ਗੋਲ਼ ਗੱਲ੍ਹਾਂ 'ਤੇ

ਆਪੇ ਹੋ ਜਾਵੇ ਮਾਂ ਦੇ ਦੁੱਧ ਦੀ ਬੌਛਾਰ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਬੇਵਜ੍ਹਾ ਦੁਖਦੇ ਹੋਏ ਦਿਲ ਨੂੰ ਕਿਤੋਂ 

ਆਪੇ ਮਿਲ ਜਾਵੇ ਬੇਸਬੱਬ ਰਾਹਤ;


ਗੀਤ ਕੁਛ ਇਸਤਰ੍ਹਾਂ ਮਿਲੇ

ਕਿ ਜਿਵੇਂ

ਕੰਬਦੇ ਹੋਏ

 ਲਾਲ-ਲਾਲ ਬੁੱਲ੍ਹਾਂ 'ਤੇ 

ਆਪੇ ਟਿਕ ਜਾਂਦੇ ਨੇ ਤਿਰਹਾਏ ਹੋਂਠ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 


Post a Comment

0 Comments