ਸੀਨੀਅਰ ਵਕੀਲ, ਚਿੰਤਕ ਅਤੇ ਲੇਖਕ ਜੋਗਿੰਦਰ ਸਿੰਘ ਤੂਰ ਦਾ ਸਦੀਵੀ ਵਿਛੋੜਾ

ਜੋਗਿੰਦਰ ਸਿੰਘ ਤੂਰ ਨੇ ਲਿਖੀ ਸੀ ਤਿੰਨ ਖੇਤੀ ਕਾਨੂੰਨਾਂ ਬਾਰੇ ਕਿਤਾਬ 


ਚੰਡੀਗੜ੍ਹ,4 ਅਗਸਤ (ਬਿਊਰੋ)

ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਦੇ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਐੱਮ ਐੱਸ ਗੋਰਸੀ ਜਨਰਲ ਸਕੱਤਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸੀਨੀਅਰ ਵਕੀਲ, ਚਿੰਤਕ ਤੇ ਲੇਖਕ ਐਡਵੋਕੇਟ ਜੋਗਿੰਦਰ ਸਿੰਘ ਤੂਰ 03.08.2025 ਨੂੰ ਕੈਨੇਡਾ 'ਚ ਟੋਰਾਂਟੋ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਉਮਰ 85 ਸਾਲ ਸੀ ਅਤੇ ਅੱਜ ਕੱਲ੍ਹ ਟੋਰਾਂਟੋ ਵਿਖੇ ਆਪਣੇ ਬੱਚਿਆਂ ਨਾਲ ਰਹਿ ਰਹੇ ਸਨ। ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਨ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਉਤੇ ‘ਖੇਤੀ ਕਨੂੰਨਾਂ ਵਿੱਚ ਕਾਲਾ ਕੀ ਹੈ?'ਦੀ ਰਚਨਾ ਕੀਤੀ ਅਤੇ ਲੋਕਾਈ ਨੂੰ ਦੱਸਿਆ ਕਿ ਖੇਤੀ ਕਾਨੂੰਨ ਕਿਵੇਂ ਕਿਸਾਨ ਵਿਰੋਧੀ ਤੇ ਕਾਰਪੋਰੇਟਾਂ ਦੇ ਹੱਕ ਵਿੱਚ ਹਨ। ਇਸ ਕਿਤਾਬ ਦੀਆਂ 50000 ਤੋਂ ਵੱਧ ਕਾਪੀਆਂ ਸਾਥੀ ਤੂਰ ਨੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਕਿਸਾਨ ਸੰਘਰਸ਼ ਦੌਰਾਨ ਸਿੰਘੂ ਬਾਰਡਰ ਉਤੇ ਮੁਫ਼ਤ ਵੰਡਿਆ ਸਨ। ਸਾਥੀ ਜੋਗਿੰਦਰ ਸਿੰਘ ਤੂਰ ਨੇ ' ਅੱਖਾਂ ਖੁੱਲ੍ਹੀਆਂ ਬੁੱਲ੍ਹ ਸੀਤੇ' ਕਹਾਣੀ ਸੰਗ੍ਰਹਿ ਅਤੇ 1947 ਵਿੱਚ ਹੋਈ ਭਾਰਤ ਦੀ ਵੰਡ ਦੇ ਸੰਤਾਪ ਬਾਰੇ ਵੱਡ-ਅਕਾਰੀ ਕਿਤਾਬ 'ਵੰਡ ਦੀ ਅਕੱਥ ਕਥਾ' (ਇਹ ਕਿਤਾਬ ਅੰਗਰੇਜ਼ੀ ਵਿੱਚ 'Intellect's Pastime') ਦੀ ਰਚਨਾ ਕਰਕੇ ਲੋਕ ਅਰਪਣ ਕੀਤੀ। ਐਡਵੋਕੇਟ ਜੋਗਿੰਦਰ ਸਿੰਘ ਤੂਰ ਖੱਬੇ ਪੱਖੀ ਵਿਚਾਰਾਂ ਉਤੇ ਪਹਿਰਾ ਦੇਣ ਵਾਲੇ ਚਿੰਤਕ ਸਨ। ਉਹ ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਦੇ ਬਾਨੀ ਮੈਂਬਰਾਂ ਵਿੱਚੋਂ ਇਕ ਸਨ ਅਤੇ ਇਸ ਦੇ ਕੌਮੀ ਮੀਤ ਪ੍ਰਧਾਨ ਵੀ ਰਹੇ ਸਨ। ਉਹ ਲੇਖਕਾਂ ਦੀ ਸਿਰਮੌਰ ਕੌਮਾਂਤਰੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜੀਵਨ ਮੈਂਬਰ ਸਨ। 

ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਹੋਏ ਅਨੇਕਾਂ ਕੌਮੀ ਅਤੇ ਕੌਮਾਂਤਰੀ ਭਖਵੇਂ ਵਿਸ਼ਿਆਂ ਉਤੇ ਸਫਲਤਾ ਨਾਲ ਸੈਮੀਨਾਰ ਕੀਤੇ। 

ਸਾਥੀ ਜੋਗਿੰਦਰ ਸਿੰਘ ਤੂਰ ਦੇ ਸਦੀਵੀਂ ਵਿਛੋੜੇ ਨਾਲ ਲੇਖਕਾਂ ਅਤੇ ਵਕੀਲਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਦੀ ਸਮੁੱਚੀ ਕਾਰਜਕਾਰਣੀ ਵਲੋਂ ਸਾਥੀ ਜੋਗਿੰਦਰ ਸਿੰਘ ਤੂਰ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਅਪਣੀ ਸੰਵੇਦਨਾ ਵਿਅਕਤ ਕਰਦੇ ਹਾਂ।



Post a Comment

0 Comments