ਨਿਰਮਲ ਦੱਤ ਦੀ ਗ਼ਜ਼ਲ ਅਤੇ ਨਜ਼ਮ

 ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ


ਤੇਰੇ ਸਿਰ 'ਤੇ ਕੋਈ ਇਲਜ਼ਾਮ ਨਹੀਂ ਹੈ,

ਇਹ ਮੇਰਾ ਦਿਲ ਹੀ ਮੇਰੇ ਨਾਮ ਨਹੀਂ ਹੈ.


ਨਹੀਂ, ਸੂਰਜ ਨਹੀਂ ਆਦਰਸ਼ ਮੇਰਾ,

ਇਹਦੀ ਤਕਦੀਰ ਵਿੱਚ ਆਰਾਮ ਨਹੀਂ ਹੈ.


ਤੇਰੇ ਨੈਣਾਂ 'ਚ ਮਸਤੀ ਹੋਸ਼ ਦੀ ਹੈ,

ਤੇ ਕੋਈ ਮੈਕਦਾ ਜਾਂ ਜਾਮ ਨਹੀਂ ਹੈ.


ਹੈ ਵਰਜਿਤ ਸ਼ੌਕ ਲਈ ਜੋਗੀ ਦਾ ਡੇਰਾ,

ਘਰਾਂ ਵਿੱਚ ਇਹ ਜਗ੍ਹਾ ਬਦਨਾਮ ਨਹੀਂ ਹੈ.


ਇਹ ਰਾਹ ਰੱਬ ਦਾ ਕੋਈ ਕਾਫ਼ਿਰ ਹੀ ਜਾਣੇ,

ਇਹ ਰਸਤਾ ਮੋਮਿਨਾਂ ਲਈ ਆਮ ਨਹੀਂ ਹੈ.


ਗਗਨ ਕੈਨਵਸ ਤੇ ਸੂਰਜ ਇੱਕ ਮਸੱਵਰ,

ਇਹ ਇੱਕ ਤਸਵੀਰ ਹੈ ਕੋਈ ਸ਼ਾਮ ਨਹੀਂ ਹੈ. 


ਨਜ਼ਮ 


ਦੁੱਖ ਦੀ ਰੁੱਤ ਤੋਂ ਬਾਅਦ

 

ਦੁੱਖ ਦੀ ਹਰ ਰੁੱਤ ਦੇ 

ਲੰਘ ਜਾਣ 'ਤੋਂ ਬਾਅਦ

ਸੁੱਕ ਗਏ ਸੁਪਨਿਆਂ ਦੇ ਜੰਗਲ 'ਚੋਂ

ਜਦ ਵੀ ਆਇਆ ਹਾਂ ਬਾਹਰ 

ਜ਼ਿੰਦਗੀ ਇਸ ਤਰ੍ਹਾਂ ਮਿਲੀ ਮੈਂਨੂੰ 


ਜਿਸ ਤਰ੍ਹਾਂ ਸੁਬ੍ਹਾ-ਸੁਬ੍ਹਾ 

ਗਰਮ-ਗਰਮ ਚਾਹ ਦੇ ਪਿਆਲੇ ਵਿੱਚੋਂ 

ਉੱਠਦੀ ਹੋਈ 

ਤੁਲਸੀ ਦੇ ਪੱਤਿਆਂ ਦੀ 

ਮਿੱਠੀ ਜਿਹੀ ਮਹਿਕ 


ਜਿਸ ਤਰ੍ਹਾਂ ਸ਼ਾਮ ਢਲ਼ੇ

ਦੂਰ ਪਰਬਤ ਦੀ ਚੋਟੀ 'ਤੇ ਬਣੇਂ 

ਮੰਦਰ 'ਚੋਂ

ਵਾਦੀ ਵਿੱਚ ਫ਼ੈਲ਼ ਰਹੇ 

ਆਰਤੀ ਦੇ ਜਗਦੇ ਬੋਲ 


ਜਿਸ ਤਰ੍ਹਾਂ 

ਸੁਹਾਗ ਰਾਤ ਲਈ ਜਾਂਦੀ ਹੋਈ 

ਦੁਲਹਨ ਦੇ 

ਮਹਿੰਦੀ-ਰਚੇ ਹੱਥਾਂ ਵਿੱਚ 

ਛਲਕਦੇ ਦੁੱਧ ਦਾ ਗਿਲਾਸ 


ਜਿਸ ਤਰ੍ਹਾਂ

ਨਰਤਕੀ ਦੇ ਭਾਰੇ ਨਿਤੰਭਾਂ ਉੱਤੇ 

ਖੇਡਦੀ ਗੁੱਤ ਦੇ

ਛਣਕਦੇ ਹੋਏ ਘੁੰਗਰੂ ਦੀ ਅਵਾਜ਼


ਜਿਸ ਤਰ੍ਹਾਂ 

ਮੇਰੇ ਦਾਦੇ ਦੀ ਅਰਥੀ ਨੂੰ 

ਸਜਾਉਂਦੀ ਹੋਈ 

ਰੰਗਾਂ-ਸੁਗੰਧਾਂ ਦੀ ਫ਼ੁਹਾਰ 


ਜਿਸ ਤਰ੍ਹਾਂ

ਭੋਗ ਤੋਂ ਦੂਰ 

ਤੇ ਭਗਤੀ ਤੋਂ ਪਾਰ 

ਸੱਚ ਤੱਕ ਪਹੁੰਚੇ ਹੋਏ ਰਿਸ਼ੀਆਂ ਦੇ 

ਪੈਰਾਂ ਦੇ ਨਿਸ਼ਾਨ 


ਜ਼ਿੰਦਗੀ ਇਸ ਤਰ੍ਹਾਂ ਮਿਲੀ ਮੈਂਨੂੰ 

ਜਦ ਵੀ ਆਇਆ ਹਾਂ ਬਾਹਰ 

ਸੁੱਕ ਗਏ ਸੁਪਨਿਆਂ ਦੇ ਜੰਗਲ 'ਚੋਂ

ਦੁੱਖ ਦੀ ਹਰ ਰੁੱਤ ਦੇ 

ਲੰਘ ਜਾਣ ਤੋਂ ਬਾਅਦ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

   

Post a Comment

0 Comments