ਗ਼ਜ਼ਲ ਅਤੇ ਨਜ਼ਮ / ਨਿਰਮਲ ਦੱਤ

ਸ਼ਬਦ ਚਾਨਣੀ---ਨਿਰਮਲ ਦੱਤ


ਗ਼ਜ਼ਲ ਅਤੇ ਨਜ਼ਮ 
 


ਗ਼ਜ਼ਲ


ਹੈ ਹਰ ਉਮੀਦ ਹੁਣ ਬਦਕਾਰੀਆਂ ਤੋਂ 

ਤੇ ਚੋਰੀ ਚਲਦੀਆਂ ਕੁਝ ਯਾਰੀਆਂ ਤੋਂ.


ਵਫ਼ਾਦਾਰੀ ਘਰਾਂ ਦੀ ਹੁਣ ਵਿਚਾਰੀ

ਹੈ ਕੁਝ ਬੇਚੈਨ ਖੁੱਲ੍ਹੀਆਂ ਬਾਰੀਆਂ ਤੋਂ.


ਹਰ ਇੱਕ ਵਿਹੜੇ ਦੀ ਜੋ ਮਿੱਠੀ ਨਦੀ ਹੈ

ਰਹੀ ਹੈ ਹਾਰ ਖੂਹੀਆਂ ਖਾਰੀਆਂ ਤੋਂ.


ਜੋ ਹਰ ਖ਼ੁਸ਼ਬੂ ਹੈ, ਇੱਕ ਮਿੱਠੀ ਚੁਭਨ ਹੈ

ਹੈ ਸੁਣਿਆਂ ਤਿਤਲੀਆਂ ਤੋ ਸਾਰੀਆਂ ਤੋਂ.


ਅਸੀਂ ਜੋਗੀ ਰਹੇ ਹਾਂ ਘਰ 'ਚ ਰਹਿ ਕੇ

ਨਹੀਂ ਇਹ ਜੋਗ ਖ਼ਾਹਸ਼ਾਂ ਮਾਰੀਆਂ ਤੋਂ.


ਨਜ਼ਮ 


ਦੁਆ


ਖ਼ੁਦਾ, ਤੌਫ਼ੀਕ ਦੇ ਮੈਨੂੰ 

ਕਿ ਜੇ ਕੋਈ ਸ਼ਖਸ ਮੇਰਾ ਭਰਮ ਤੋੜੇ

ਤਾਂ ਉਸਦੀ ਮਿਹਰਬਾਨੀ ਲਈ

ਮੇਰੇ ਬੁੱਲ੍ਹਾਂ 'ਤੇ

ਕੋਈ ਗਾਲ਼ ਵਰਗਾ ਸ਼ਬਦ ਨਾ ਆਵੇ;


ਤੇ ਮੈਨੂੰ ਦੇ ਸਲੀਕਾ ਇਸ ਤਰ੍ਹਾਂ ਦਾ

ਕਿ ਜੇਕਰ ਮੈਂ ਕਿਸੇ ਦਾ ਭਰਮ ਤੋੜਾਂ

ਮੇਰੇ ਇਸ ਦੋਸਤੀ ਦੇ ਫ਼ਰਜ਼ ਉੱਤੇ

ਕਦੇ ਕੋਈ ਦੁਸ਼ਮਣੀ ਦਾ ਦੋਸ਼ ਨਾ ਲਾਵੇ;


ਅਸੀਂ ਸਾਰੇ ਬੜੇ ਅਣਜਾਣ ਹੁੰਦੇ ਹਾਂ

ਅਸੀਂ ਜੇ ਲੱਭ ਲੈਂਦੇ ਹਾਂ 

ਕਿਤੋਂ ਕੋਈ ਸੱਚ ਦਾ ਟੁਕੜਾ 

ਅਸੀਂ ਇਹ ਸਮਝ ਲੈਂਦੇ ਹਾਂ

ਕਿ ਸਾਡਾ ਸੱਚ ਦਾ ਟੁਕੜਾ ਹੀ

ਪੂਰਨ ਸੱਚ ਹੈ ਬੱਸ;


ਖ਼ੁਦਾ, ਇਹ ਸਮਝ ਦੇ ਸਾਨੂੰ

ਕਿ ਸਾਡੀ ਸਮਝ ਦੀ ਸੀਮਾਂ ਤੋਂ ਅੱਗੇ ਵੀ

ਬੜਾ ਵਿਸਥਾਰ ਹੈ ਸੱਚ ਦਾ;


ਅਸੀਂ ਸਾਰੇ ਬੜੇ ਕਮਜ਼ੋਰ ਹੁੰਦੇ ਹਾਂ

ਅਪਣੀ ਕਲਪਨਾ ਵਿੱਚ ਦੇਵਤੇ ਬਣ ਕੇ

ਅਕਾਸ਼ਾਂ ਵਿੱਚ ਉੱਡਦੇ ਹਾਂ

ਯਥਾਰਥ ਵਿੱਚ ਪਰ

ਮਾਮੂਲੀ ਠ੍ਹੋਕਰਾਂ ਖਾ ਕੇ ਹੀ ਡਿੱਗ ਜਾਈਏ 

ਤੇ ਹੋ ਜਾਈਏ ਬੜੇ ਨੀਵੇਂ, ਬੜੇ ਹੀਣੇ;


ਖ਼ੁਦਾ, ਇਹ ਮਿਹਰਬਾਨੀ ਕਰ

ਅਸੀਂ ਬੱਸ ਆਦਮੀਂ ਰਹੀਏ,


ਨਾ ਉੱਡੀਏ, ਨਾ ਹੀ ਡਿੱਗੀਏ,

ਤੁਰਦੇ ਰਹੀਏ ਆਦਮੀਂ ਬਣ ਕੇ.  

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 



Post a Comment

0 Comments