ਗ਼ਜ਼ਲ ਅਤੇ ਨਜ਼ਮ / ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ 


ਨਾ ਮੈਂ ਕੋਈ ਸ਼ਬਦ ਮੁਸ਼ਕਲ 

ਨਾ ਮੈਂ ਕੋਈ ਮੁਸ਼ਕਲ ਸਵਾਲ,

ਤੂੰ ਹੀ ਕੁਛ-ਕੁਛ ਬੇ-ਖ਼ਬਰ ਹੈਂ 

ਤੂੰ ਹੀ ਕੁਛ-ਕੁਛ ਬੇ-ਖ਼ਿਆਲ.


ਤੂੰ ਹੀ ਐਵੇਂ ਰੇਤ ਦੇ ਕਣ

ਗਿਣਨ ਦੇ ਵਿੱਚ ਗੁੰਮ ਗਿਆ,

ਚੰਨ ਮਿਲ ਸਕਦਾ ਹੈ ਤੈਨੂੰ 

ਤਾਰਿਆਂ ਦੇ ਦੀਪ ਬਾਲ਼.


ਜਸ਼ਨ ਮੇਲੇ ਵਿੱਚ ਨੇ ਬਹੁਤੇ 

ਕੋਈ, ਕੋਈ ਹਾਦਸਾ,

ਗੀਤ ਕਿੰਨੇ, ਨਾਚ ਕਿੰਨੇ 

ਕੁਝ-ਕੁ ਹੰਝੂ ਨਾਲ਼-ਨਾਲ਼.


ਕਿਸ ਨੂੰ ਹੈ ਕੱਲ੍ਹ ਦੀ ਖ਼ਬਰ   

ਤੇ ਕਿਸ ਦੇ ਦਿਲ ਵਿੱਚ ਡਰ ਨਹੀਂ,

ਫਿਰ ਵੀ ਐਨੇ ਮਸਤ ਸਾਰੇ 

ਤੂੰ ਵੀ ਡਰ ਦਾ ਡਰ ਨਾ ਪਾਲ਼.


ਸੋਚਿਆ ਕਰ ਬੈਠ ਕੇ

ਕਿ ਇਹ ਜੋ ਖ਼ਾਲੀ ਹੈ ਖ਼ਲਾਅ,

ਇਸ ਖ਼ਲਾਅ ਵਿੱਚ ਮਹਿਕਦੀ ਕਿਉਂ 

ਜ਼ਿੰਦਗੀ ਇਹ ਬੇ-ਮਿਸਾਲ?


ਧੁੱਪ ਦੇ ਕਾਗ਼ਜ਼ 'ਤੇ ਲਿਖ 

ਅਪਣੇ ਅਮਲ ਦੀ ਸ਼ਾਇਰੀ,

ਰਾਤ ਦੀ ਤਕਦੀਰ ਵਿੱਚ 

ਲਿਖ ਦੇ ਮੁਹੱਬਤ ਦਾ ਕਮਾਲ.


ਨਜ਼ਮ 


ਕਿੰਨਾ ਚੰਗਾ ਹੈ 


ਕਿੰਨਾ ਚੰਗਾ ਹੈ ਫ਼ਾਸਲਾ ਹੈ ਅਜੇ

ਕਿੰਨਾ ਚੰਗਾ ਹੈ ਅਜੇ ਅਜਨਬੀ ਹਾਂ ਤੂੰ ਤੇ ਮੈਂ,

ਕਿੰਨਾ ਚੰਗਾ ਹੈ ਅਜੇ ਸੁਪਨਿਆਂ 'ਚ ਖਿੜਦੇ ਨੇ ਫ਼ੁੱਲ

ਕਿੰਨਾ ਚੰਗਾ ਹੈ ਅਜੇ ਆਸ ਹੈ ਮਹਿਕੀ-ਮਹਿਕੀ.


ਜੋ ਬਹੁਤ ਕੋਲ਼-ਕੋਲ਼ ਆ ਜਾਂਦੇ

ਉਹ ਬਹੁਤ ਵਾਰ ਬਹੁਤ ਦੂਰ ਚਲੇ ਜਾਂਦੇ ਨੇ,

ਜੋ ਸਦਾ ਨਾਲ਼-ਨਾਲ਼ ਰਹਿੰਦੇ ਨੇ

ਉਹ ਬਹੁਤ ਵਾਰ ਬਹੁਤ ਦੂਰ-ਦੂਰ ਹੁੰਦੇ ਨੇ.


ਬੇਰਹਿਮ ਸੱਚ ਹੈ ਇਹ ਦੁਨੀਆਂ ਦਾ

ਲੋਪ ਹੋ ਜਾਂਦਾ ਹੈ ਹਰ ਮੇਲ ਦਾ ਖਿੜਿਆ ਜਾਦੂ,

ਤਪਦੇ ਹੋਏ ਜਿਸਮ ਤੇ ਬਲਦੇ ਹੋਏ ਬੁੱਲ੍ਹ 

ਬਰਫ਼ ਹੋ ਜਾਂਦੇ ਨੇ ਬੱਸ ਪਹਿਲਿਆਂ ਚੁੰਮਣਾਂ ਤੋਂ ਬਾਅਦ.


ਕਦੇ-ਕਦੇ ਜਦੋਂ ਛੂਹ ਲਈਏ ਕਿਸੇ ਤਾਰੇ ਨੂੰ

ਟੁੱਟ ਜਾਂਦਾ ਹੈ ਰੌਸ਼ਨੀਂ ਦਾ ਭਰਮ,

ਕਦੇ-ਕਦੇ ਜਦੋਂ ਲਹਿਰਾਂ 'ਚ ਡੋਬੀਏ ਉਂਗਲਾਂ

ਹੱਥ ਚ ਭਰ ਜਾਂਦੀ ਹੈ ਤਪਦੀ ਹੋਈ ਰੇਤ.


ਮਿਲ ਕੇ ਵੇਖੋ ਤਾਂ ਜੁਗਨੂੰਆਂ ਵਰਗੇ

ਹੁੰਦੇ ਨੇ ਸੂਰਜੀ ਨਸਲ ਦੇ ਲੋਕ,

ਮਿਲ ਕੇ ਵੇਖੋ ਤਾਂ ਪਰੀਆਂ ਦੇ ਸ਼ਹਿਰ ਦੇ ਵਾਸੀ

ਬਹੁਤ ਹੀ ਆਮ ਜਿਹੇ ਹੁੰਦੇ ਨੇ.


ਕਿੰਨਾ ਚੰਗਾ

 ਹੈ ਅਜਨਬੀ ਹਾਂ ਅਜੇ,

ਕਿੰਨਾ ਚੰਗਾ ਹੈ ਅਜੇ ਆਸ ਹੈ ਮਹਿਕੀ-ਮਹਿਕੀ...!

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।   

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-



Post a Comment

0 Comments