ਬੱਚਿਆਂ ਲਈ ਰਾਹ ਦਸੇਰਾ ਬਣਦੀ ਪੁਸਤਕ ਚਿੰਕੀ ਦੀ ਚਾਕਲੇਟ
ਇਹਨਾਂ ਬਾਲ ਕਹਾਣੀਆਂ ਦਾ ਪਾਠ ਕਰਦਿਆਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਬਜ਼ਾਰੂ ਵਸਤਾਂ ਤੋਂ ਪਰਹੇਜ ਕਰਨ ਅਤੇ ਚੰਗੀਆਂ ਆਦਤਾਂ ਦੀ ਸਿੱਖਿਆ ਦ੍ਰਿਸ਼ਟੀਮਾਨ ਹੁੰਦੀ ਹੈ। ਪੁਸਤਕ ਵਿਚ ਬੰਦਸ਼ਾਂ, ਵਾਧੂ ਖਰਚਿਆਂ ਤੋਂ ਬਚਾਅ, ਮੋਬਾਈਲਾਂ ਦਾ ਖਹਿੜਾ ਛੱਡਣਾ, ਵਾਤਾਵਰਣ ਸੰਭਾਲ ਲਈ ਪਾਣੀ ਤੇ ਰੁੱਖਾਂ ਦੀ ਸਾਂਭ ਸੰਭਾਲ ਅਤੇ ਕਿਤਾਬਾਂ ਪੜ੍ਹਨ ਦੀ ਰੁਚੀ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪੁਸਤਕ ਦੀ ਸਿਰਲੇਖਤ ਕਹਾਣੀ ਪੁਸਤਕ ਵਿਚ ਛੇਵੇਂ ਸਥਾਨ ਤੇ ਪ੍ਰਕਾਸ਼ਿਤ ਹੈ ਜਿਸ ਵਿਚ ਉਸ ਨੇ ਚਾਕਲੇਟ ਅਤੇ ਟਾਫੀਆਂ ਦਾ ਦੰਦਾਂ ਅਤੇ ਸਰੀਰ ਨੂੰ ਹੁੰਦੇ ਨੁਕਸਾਨ ਬਾਰੇ ਕਲਾਤਮਕ ਢੰਗ ਨਾਲ ਚਿੰਕੀ ਪਾਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।ਅਧਿਆਪਕ ਦਾ ਸਮਝਾਉਣਾ ਉਸ ਉਪਰ ਅਸਰ ਕਰਦਾ ਹੈ।
ਕਹਾਣੀ ਆਪਣੇ ਹੱਥੀਂ ਵਿਚ ਵੀ ਲੇਖਕ ਨੇ ਆਲਸ ਛੱਡ ਕੇ ਦਿਲ ਲਾ ਕੇ ਪੜ੍ਹਾਈ ਕਰਨ ਲਈ ਚੰਗਾ ਰਾਹ ਦਿਖਾਇਆ ਹੈ ਜਿਹੜਾ ਪਾਤਰ ਹੈਰੀ ਆਪਣੇ ਤਾਏ ਦੇ ਪੁੱਤਰ ਸੰਜੇ ਤੋਂ ਸਕੂਲ ਦਾ ਕੰਮ ਕਰਵਾਉਂਦਾ ਹੈ। ਕਹਾਣੀ ਪਿੰਜਰੇ ਵਿੱਚ ਪਰਿੰਦੇ ਰਾਹੀਂ ਕੋਰੋਨਾ ਦਾ ਹਵਾਲਾ ਦੇ ਕੇ ਪੰਛੀਆਂ ਨੂੰ ਪਿੰਜਰਿਆਂ ਵਿਚ ਕ਼ੈਦ ਨਾ ਕਰਨ ਬਾਰੇ ਆਖਿਆ ਗਿਆ ਹੈ। ਪੁਸਤਕ ਵਿਚ ਬੱਚਤ ਕਰਨ ਬਾਰੇ ਵਿਸ਼ੇਸ਼ ਕਹਾਣੀਆਂ ਦਰਜ ਹਨ ਜਿਵੇਂ ਬਿਜਲੀ ਦੀ ਬੱਚਤ ਅਤੇ ਪਾਣੀ ਦਾ ਮਹੱਤਵ। ਬਿਜਲੀ ਦੀ ਬੱਚਤ ਵਿਚ ਪਾਤਰ ਮਨੀ ਵੱਲੋਂ ਰਾਤ ਨੂੰ ਲਾਈਟ ਜਗਦੀ ਛੱਡਣਾ, ਪਾਣੀ ਦੀ ਮੋਟਰ ਬੰਦ ਨਾ ਕਰਨੀ, ਬੇਮਤਲਬ ਹੀਟਰ ਦੀ ਵਰਤੋਂ ਕਰਨ ਆਦਿ ਦੇ ਸੰਕੇਤ ਦਿਤੇ ਗਏ ਹਨ। ਬੱਚਿਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਘਰ ਦਾ ਮੁਖੀਆ ਜਿਸ ਤੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ, ਨੂੰ ਖਰਚੇ ਪੂਰੇ ਕਰਨ ਲਈ ਵੱਧ ਮੁਸ਼ੱਕਤ ਕਰਨੀ ਪੈਂਦੀ ਹੈ। ਕਹਾਣੀਆਂ ਵਿਚ ਬੱਚਤ ਕਰਨ ਦੀ ਆਦਤ ਲਈ ਪ੍ਰੇਰਨਾ ਦਿੱਤੀ ਗਈ ਹੈ, ਉਹ ਭਾਵੇਂ ਬਿਜਲੀ ਦੀ ਹੋਵੇ, ਪਾਣੀ ਜਾਂ ਕਿਸੇ ਹੋਰ ਵਸਤੂ ਦੀ ਹੋਵੇ।
ਕਹਾਣੀ ਮੋਬਾਈਲ ਦਾ ਮੋਹ ਵਿਚ ਬੱਚਿਆਂ ਨੂੰ ਮੋਬਾਈਲ ਉਪਹਾਰ ਵਿਚ ਦੇਣਾ ਠੀਕ ਨਹੀਂ ਹੁੰਦਾ ਦੱਸਿਆ ਗਿਆ ਹੈ। ਸੰਨੀ ਨੂੰ ਉਸ ਦੇ ਜਨਮਦਿਨ ਤੇ ਮਿਲੇ ਮੋਬਾਈਲ ਦੇ ਉਪਹਾਰ ਨੇ ਉਸ ਨੂੰ ਇਕ ਖੱਡੇ ਵਿੱਚ ਸੁੱਟ ਦਿੱਤਾ ਕਿਉੰਕਿ ਮੋਬਾਈਲ ਬੱਚਿਆਂ ਦੇ ਧਿਆਨ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਨਾਲ ਉਸ ਨੂੰ ਹੋਰ ਪਾਸੇ ਦੀ ਸੁੱਧ ਬੁੱਧ ਨਹੀਂ ਰਹਿੰਦੀ। ਕਹਾਣੀ ਇਮਾਨਦਾਰੀ ਦਾ ਇਨਾਮ ਵੀ ਚੰਗੀ ਭੂਮਿਕਾ ਨਿਭਾਉਣ ਦਾ ਕੰਮ ਕਰਦੀ ਹੈ। ਇਮਾਨਦਾਰ ਵਿਅਕਤੀ ਇਕ ਚੰਗੇ ਆਚਰਣ ਵਾਲਾ ਇਨਸਾਨ ਦਿਖਾਇਆ ਗਿਆ ਹੈ। ਕਹਾਣੀ ਵਿਚ ਖਿਡੌਣੇ ਵੇਚਣ ਵਾਲੇ ਬਿੱਲੂ ਨੂੰ ਚੰਗੇ ਸੰਸਕਾਰ ਹੋਣ ਕਾਰਨ ਇਸ ਦਾ ਗਾਹਕ ਵੱਲੋਂ ਇਨਾਮ ਵੀ ਮਿਲਦਾ ਹੈ।
ਮੰਗਣ ਨਾਲੋਂ ਮਿਹਨਤ ਚੰਗੀ ਇੱਕ ਵਧੀਆ ਪਹਿਲੂ ਪੇਸ਼ ਕਰਦੀ ਹੈ। ਮੰਗਣਾ ਬਹੁਤ ਹੀ ਮਾੜੀ ਆਦਤ ਹੈ ਜਿਹੜੀ ਮਨੁੱਖ ਨੂੰ ਆਲਸੀ, ਬੇਈਮਾਨ, ਨਿਕੰਮਾਂ ਅਤੇ ਚੋਰ ਉੱਚਕਾ ਬਣਾ ਦਿੰਦੀ ਹੈ। ਕਹਾਣੀ ਵਿਚ ਮਕਾਨ ਮਾਲਕ ਵੱਲੋਂ ਨੰਦੂ ਨੂੰ ਭਿਖਿਆ ਦੀ ਥਾਂ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਹੈ। ਰੱਖੜੀ, ਦੀਵਾਲੀ, ਹੋਲੀ ਵਰਗੇ ਤਿਉਹਾਰਾਂ ਦੀਆਂ ਕਹਾਣੀਆਂ ਵੀ ਇਸ ਪੁਸਤਕ ਵਿੱਚ ਸ਼ਾਮਿਲ ਹਨ। ਭੈਣ ਭਰਾਵਾਂ ਦਾ ਤਿਉਹਾਰ ਰੱਖੜੀ ਇਕ ਅਹਿਮ ਪਲ ਹੁੰਦਾ ਹੈ। ਕਹਾਣੀ ਚਾਂਦੀ ਦੀ ਰੱਖੜੀ ਵਿਚ ਉਹ ਵੀ ਭੈਣਾਂ ਹੀ ਹੁੰਦੀਆਂ ਹਨ ਜਿਹੜੀਆਂ ਰਿਸ਼ਤੇ ਵਿੱਚ ਭਾਵ ਤਾਇਆ, ਚਾਚਾ, ਮਾਮਾ ਆਦਿ ਦੀਆਂ ਕੁੜੀਆਂ ਵੀ ਭੈਣਾਂ ਹੀ ਹੁੰਦੀਆਂ ਹਨ। ਕਹਾਣੀ ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਵਿਚ ਆਧੁਨਿਕ ਵਰਤੋਂ ਵਾਲਿਆਂ ਚੀਜਾਂ ਦੀ ਥਾਂ ਪੁਰਾਣੀਆਂ ਚੀਜਾਂ ਦੀ ਅਹਿਮੀਅਤ ਦਰਸਾਈ ਗਈ ਹੈ। ਫਰਿਜ਼ ਦੀ ਥਾਂ ਘੜ੍ਹੇ ਦੇ ਪਾਣੀ ਨੂੰ ਪਹਿਲ ਦੇਣ ਦੀ ਲੋੜ ਹੈ। ਰੁੱਖ ਲਗਾਉਣ ਤੇ ਉਹਨਾਂ ਨਾਲ ਦੋਸਤੀ ਕਰਨ ਦੀਆਂ ਕਹਾਣੀਆਂ ਰੁੱਖ ਲਗਾਈਏ ਅਤੇ ਰੁੱਖ ਮੇਰਾ ਦੋਸਤ ਸ਼ਾਮਲ ਹਨ।
ਪੁਸਤਕ ਵਿਚਲੀ ਉੱਨੀਵੀਂ ਕਹਾਣੀ ਹਨੇਰੇ ਤੋਂ ਬਾਅਦ ਚਾਨਣ ਵਿਚ ਸ਼ਿਵ ਦੀ ਨਸ਼ੇ ਦੀ ਆਦਤ ਦਾ ਜਿਕਰ ਕੀਤਾ ਗਿਆ ਹੈ। ਕਹਾਣੀ ਵਿਚ ਪਿਓ ਦਾ ਪ੍ਰਭਾਵ ਪੁੱਤਰ ਤੇ ਵੀ ਦਿਖਦਾ ਹੈ। ਕਰਨ ਨੂੰ ਪੁਲਿਸ ਵੱਲੋਂ ਨਸ਼ਿਆਂ ਨਾਲ ਪਕੜ ਲਿਆ ਸੀ। ਫਿਰ ਦੋਵਾਂ ਪਿਓ ਪੁੱਤਰ ਵੱਲੋਂ ਨਸ਼ੇ ਦਾ ਤਿਆਗ ਕਰਨਾ, ਇਕ ਚੰਗਾ ਕਾਰਜ ਹੈ।
ਪੁਸਤਕ ਵਿਚ ਹੋਰ ਕਹਾਣੀਆਂ ਚੰਗੀਆਂ ਕਿਤਾਬਾਂ ਤੇ ਚੰਗੀਆਂ ਆਦਤਾਂ, ਨਾਨੀ ਦੀ ਨਸੀਹਤ, ਬਲਤੇਜ ਦੀ ਕਿਆਰੀ, ਪ੍ਰਦੂਸ਼ਣ ਰਹਿਤ ਦੀਵਾਲੀ, ਚਿੰਟੂ ਦੀ ਬਹਾਦਰੀ, ਸਫਲਤਾ ਦਾ ਸੁਆਦ ਆਦਿ ਵੀ ਵਧੀਆ ਹਨ। ਪੁਸਤਕ ਵਿੱਚ ਚੰਗੀਆਂ ਆਦਤਾਂ, ਸੰਸਕਾਰ ਅਤੇ ਕਦਰਾਂ ਕੀਮਤਾਂ ਦੀ ਪੇਸ਼ਗੋਈ ਕਰਦੀ ਹੈ ਜਿਹੜੀ ਅੱਜ ਸਾਡੇ ਸਮਾਜ ਅਤੇ ਸੱਭਿਆਚਾਰ ਨੂੰ ਲੋੜ ਹੈ। 64 ਪੰਨਿਆਂ ਦੀ ਇਸ ਪੁਸਤਕ ਨੂੰ ਨਵਰੰਗ ਪਬਲੀਕੇਸ਼ਨਜ਼, ਸਮਾਣਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਇਸਦੀ ਕੀਮਤ - 250/- ਰੁਪਏ ਹੈ।
ਰੀਵਿਊਕਾਰ -
ਤੇਜਿੰਦਰ ਚੰਡਿਹੋਕ
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਅਤੇ ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ.
ਬਰਨਾਲਾ।
ਮੋਬਾਈਲ -95010-00224
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -
.jpg)


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.