ਨਿਰਮਲ ਦੱਤ ਦੇ ਦੋਹੇ ਅਤੇ ਨਜ਼ਮਾਂ

 ਸ਼ਬਦ ਚਾਨਣੀ---ਨਿਰਮਲ ਦੱਤ


ਦੋਹੇ


ਸੰਕਟ ਵਧਦਾ ਜਾ ਰਿਹਾ, ਕਿਸ ਨੂੰ ਕੌਣ ਕਹੇ?

ਚੁੱਪ ਨੇ ਸ਼ੇਰ, ਹੈਰਾਨ ਨੇ; ਗਿੱਦੜ ਗਰਜ ਰਹੇ।


ਭਰੇ ਪਿਆਲਾ ਸਬਰ ਦਾ, ਸੁਣ-ਸੁਣ ਊਲ-ਜਲੂਲ;

ਜੇ ਕਰ ਧਰਤੀ ਖੋ ਗਈ,ਸਾਰੀ ਸਮਝ ਫ਼ਜ਼ੂਲ।


ਸਭ ਕੁਝ ਉਲਟਾ ਹੋ ਰਿਹਾ, ਕੁਝ ਵੀ ਨਹੀਂ ਸਹੀ;

ਭੜਕੇ ਹੋਏ ਜਨੂੰਨ ਦੀ ਦਾਰੂ ਵਰਤ ਰਹੀ।


ਸੌਂ ਰਹੇ ਸਾਰੇ ਦੇਵ ਗਣ, ਰਿਸ਼ੀਵਰ ਹੋ ਗਏ ਮੌਨ;

ਰੰਗ-ਬੇਰੰਗੇ ਰਾਖਸ਼ਸ,ਬੇ-ਡਰ ਸ਼ੋਰ ਮਚਾਓਣ।


ਮਹਿਕ-ਮਹਿਕ ਹਰ ਰੰਗ ਹੈ, ਰੰਗ-ਰੰਗ ਹਰ ਮਹਿਕ;

ਅੰਬਰ ਹੈ, ਪਰਵਾਜ਼ ਹੈ, ਚਹਿਕ ਤੂੰ ਚਿੜੀਏ ਚਹਿਕ।


ਰੰਗ-ਰੰਗ ਹਰ ਮਹਿਕ ਹੈ, ਮਹਿਕ-ਮਹਿਕ ਹਰ ਰੰਗ;

"ਮੈਂ" ਤੱਕ ਓਹੀਓ ਪਹੁੰਚਦੇ ਜੋ ਮਨ ਕੋਲ਼ੋਂ ਤੰਗ।


ਨਜ਼ਮਾਂ



ਇੱਛਾ


ਨਾ ਮੈਂ ਕੋਈ ਮੈਖਾਨਾ ਮੰਗਦਾਂ

ਨਾ ਕੋਈ ਪਾਗ਼ਲਖਾਨਾ;


ਵਗਦੀ ਲੂਅ ਵਿੱਚ

ਅਪਣੀ ਛੱਤ ਦੀ ਛਾਂ ਮੰਗਦਾ ਹਾਂ

ਤੇ ਧੁੰਦਾਂ ਵਿੱਚ

ਅਪਣੇ ਨਿੱਕੇ ਜਿਹੇ ਵਿਹੜੇ ਦਾ

ਧੁੱਪ ਨਾਲ ਭਰਿਆ-ਭਰਿਆ ਕੋਨਾ.



ਦਿਨ ਚੜ੍ਹਿਆ ਹੈ


ਦਿਨ ਚੜ੍ਹਿਆ ਹੈ

ਮਸਜਦ ਤੋਂ ਆਜ਼ਾਨ ਤੁਰੀ ਹੈ

ਮੰਦਰ ਵਿੱਚੋਂ ਬੋਲ ਸੁਰੀਲੇ;


ਦਿਨ ਚੜ੍ਹਿਆ ਹੈ

ਸੁਪਨੇ-ਰੰਗੀ ਨੀਂਦ ਦੀ 

ਚਾਦਰ ਨੂੰ ਤਹਿ ਲਾ ਕੇ

ਲੱਕੜ ਦੀ ਅਲਮਾਰੀ ਅੰਦਰ 

ਰੱਖ ਦਈਏ ਹੁਣ.


ਸੂਰਜ ਕਦ ਦਾ

ਹੱਥ-ਮੂੰਹ ਧੋ ਕੇ

ਚਾਹ ਦੇ ਗਰਮ ਪਿਆਲੇ ਦੇ ਲਈ

ਘਰ ਦੇ ਦਰ 'ਤੇ ਆ ਬੈਠਾ ਹੈ.


ਨਿੱਘੀ ਜਿਹੀ ਰਸੋਈ ਅੰਦਰ

ਮਾਂ ਦੇ ਬਰਤਨ

ਹੌਲ਼ੀ-ਹੌਲ਼ੀ ਗੱਲਾਂ ਕਰਦੇ

ਹੱਸ ਰਹੇ ਨੇ.


ਪਾਪਾ ਦੇ ਕਮਰੇ 'ਚੋਂ ਚੱਲਿਆ 

ਰਾਗ ਭੈਰਵੀ

ਵਿਹੜੇ ਵਿੱਚ ਮਹਿਕੀ ਤੁਲਸੀ ਤੱਕ

ਫੈਲ ਗਿਆ ਹੈ.


ਖਿੜਕੀ ਵਿੱਚੋਂ ਦਿਸਦੇ

ਫੁੱਲ-ਗੁੱਛਿਆਂ ਦੇ ਪਿੱਛੇ

ਚਿੜੀਆਂ ਦੇ ਕੁਝ ਗੀਤ

ਪਰਾਂ ਨੂੰ ਖੋਲ੍ਹ ਰਹੇ ਨੇ.


ਸੁਪਨੇ-ਰੰਗੀ ਨੀਂਦ ਦੀ ਚਾਦਰ ਨੂੰ

ਤਹਿ ਲਾ ਕੇ

ਲੱਕੜ ਦੀ ਅਲਮਾਰੀ ਅੰਦਰ

ਰੱਖ ਦਈਏ ਹੁਣ;

ਸੁਸਤੀ ਲਾਹੀਏ,

ਜ਼ਰਾ ਵੇਖੀਏ

ਅੱਜ ਦਾ ਦਿਨ ਇਹ

ਕੀ ਗ਼ੁਰਬਤ ਦੀ ਮਾਰ ਜਿਹਾ ਹੈ?

ਜਾਂ ਹਿੰਸਾ ਦੀ ਲਾਹਨਤ ਵਰਗਾ?

ਪਾਗ਼ਲਪਨ ਦੀ ਪੀੜ ਜਿਹਾ ਹੈ?

ਜਾਂ ਫਿਰ ਓਸ ਦਲੇਰੀ ਵਰਗਾ

ਜਿਹੜੀ ਆਦਿ-ਕਾਲ ਤੋਂ ਲੈ ਕੇ

ਅੱਜ ਤੱਕ

ਅਪਣੀ ਬਾਂਹ ਵਿੱਚ ਬਾਂਹ ਪਾ

ਹਰ ਮੁਸ਼ਕਲ ਨੂੰ ਪਿੱਛੇ ਛੱਡ ਕੇ

ਪਤਾ ਨਹੀਂ

ਕਿਹੜੀ ਮੰਜ਼ਲ ਵੱਲ ਦੌੜ ਰਹੀ ਹੈ?

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments